Articles

ਧਰਮਾਂ ਦੀ ਆੜ ‘ਤੇ ਹੁੰਦੇ ਦੰਗੇ ਫ਼ਸਾਦ ਬਨਾਮ ਇਨਸਾਨੀਅਤ !

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਧਰਮ ਦਾ ਧੁਰਾ ਸੱਚ ਹੈ। ਧਰਮ ਦਾ ਮਕਸਦ ਸਚਿਆਰੇ ਮਨੁੱਖਾਂ ਦੀ ਘਾੜਤ ਹੈ। ਜੇ ਮਨੁੱਖ ਸਚਿਆਰੇ ਹੋਣਗੇ ਤਾਂ ਹੀ ਇੱਕ ਸੁਚੱਜਾ ਸਮਾਜ ਸਿਰਜਿਆ ਜਾ ਸਕਦਾ। ਜਦੋਂ ਮਨੁੱਖ ਨੇ  ਮਾਂ ਦੇ ਗਰਭ ਚੋਂ ਜਨਮ ਲਿਆ ਤਾਂ ਉਸਦਾ ਕੋਈ ਧਰਮ ਨਹੀਂ ਸੀ, ਉਹ ਨਹੀਂ ਜਾਣਦਾ ਸੀ ਕਿ ਸਿੱਖ, ਮੁਸਲਮਾਨ, ਹਿੰਦੂ, ਬੋਧੀ, ਜੈਨੀ, ਇਸਾਈ ਕੋਣ ਹਨ, ਉਸਨੂੰ ਬਸ ਸਾਰੇ ਮਨੁੱਖ ਜਾਪਦੇ ਸਨ, ਆਪਣੇ ਵਰਗੇ ਸਮਾਨ ਮਨੁੱਖ। ਜਿਉਂ ਜਿਉਂ ਵੱਡਾ ਹੁੰਦਾ ਗਿਆ ਪਰਿਵਾਰ ਜਨਾਂ ਤੋਂ ਪਤਾ ਲੱਗਾ ਕਿ ਅਸੀਂ ਹਿੰਦੂ, ਸਿੱਖ, ਮੁਸਲਮਾਨ ਜਾਂ ਇਸਾਈ ਹਾਂ, ਅਸੀਂ ਸਿਰਫ਼ ਆਪਣੇ ਧਾਰਮਿਕ ਸਥਾਨ ਵਿੱਚ ਜਾਕੇ ਪੂਜਾ ਅਰਚਨਾ ਕਰਨੀ ਹੈ। ਦੂਸਰੇ ਧਰਮਾਂ ਬਾਰੇ ਜਦ ਬੱਚੇ ਨੇ ਜਾਨਣ ਦੀ ਕੋਸ਼ਿਸ ਕੀਤੀ ਉਸਨੂੰ ਉਸੇ ਵੇਲੇ ਟੋਕ ਦਿੱਤਾ ਗਿਆ ਅਤੇ ਤਾੜਨਾ ਕੀਤੀ ਗਈ ਕਿ ਉਹ ਸਿਰਫ਼ ਇੱਕ ਆਪਣੇ ਧਰਮ ਬਾਰੇ ਹੀ ਗਿਆਨ ਇਕੱਠਾ ਕਰ ਸਕਦਾ ਹੈ। ਬਚਪਨ ਤੋਂ ਮਿਲਿਆ ਅਜਿਹਾ ਮਾਹੌਲ ਅਤੇ ਵਿਵਹਾਰ ਬੱਚੇ ਅੰਦਰ ਧਰਮ ਪ੍ਤੀ ਇੱਕ ਸਹਿਮ, ਰੱਬ ਪ੍ਤੀ ਇੱਕ ਡਰ ਅਤੇ ਦੂਸਰੇ ਧਰਮਾਂ ਪ੍ਤੀ ਈਰਖਾ ਪੈਦਾ ਕਰ ਦਿੰਦਾ ਹੈ । ਮਨੁੱਖ ਦਾ  ਸਾਝਾਂ ਧਰਮ ਸਿਰਫ਼ ਇੱਕ ਹੈ ਉਹ ਹੈ ਇਨਸਾਨੀਅਤ। ਜਿੰਨੇ ਧਰਮਾਂ ਦੇ ਗੁਰੂ , ਪੀਰ ਪੈਗੰਬਰ, ਰਿਸ਼ੀ ਮੁਨੀ ਹੋਏ ਹਨ ਸਾਰਿਆਂ ਨੇ ਮਨੁੱਖਤਾ ਦੀ ਸੇਵਾ ਦਾ ਉਪਦੇਸ਼ ਦਿੱਤਾ, ਜਾਤ ਪਾਤ, ਧਰਮਾਂ ਦੇ ਨਾਂ ਤੇ ਪਈਆਂ ਵੰਡੀਆਂ ਨੂੰ ਖਤਮ ਕਰ” ਮਾਨਸ ਕੀ ਜਾਤ ਸਭੈ ਏਕ ਪਹਿਚਾਣਬੋ ।। ” ਦਾ ਉਪਦੇਸ਼ ਦਿੱਤਾ। ਪਰ ਮੈਂ ਅੱਜ ਦੇ ਹਲਾਤਾਂ ਨੂੰ ਵੇਖ ਕੇ ਹੈਰਾਨ ਹੁੰਦੀ ਹਾਂ ਕਿ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ , ਇਨਸਾਨੀਅਤ ਦੇ ਰਾਖੇ ਕਹਿਲਾਉਣ ਵਾਲੇ ਹੀ ਧਰਮਾਂ ਦੇ ਨਾਂ ਤੇ ਮਨੁੱਖਤਾ ਦਾ ਘਾਣ ਕਰ ਰਹੇ ਹਨ। ਮੇਰਾ ਮੰਨਣਾ ਹੈ ਕਿ ਜੇਕਰ ਤੁਹਾਨੂੰ ਆਪਣੇ ਧਰਮ ਨੂੰ ਸਰਵਸ਼ੇ੍ਸਟ ਦਿਖਾਉਣ ਲਈ ਦੰਗੇ ਫ਼ਸਾਦ ਕਰਵਾਉਣੇ ਪੈਣ, ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣਾ ਪਵੇ, ਲੋਕਾਂ ਦੀਆਂ ਪੱਤਾਂ ਰੋਲਣੀਆਂ  ਪੈਣ ਤਾਂ ਉਹ ਧਰਮ ਧਰਮ ਅਖਵਾਉਣ ਦਾ ਹੱਕਦਾਰ ਨਹੀਂ। ਮੈਂ ਇੱਥੇ ਕਿਸੇ ਇੱਕ ਧਰਮ ਦਾ ਨਹੀਂ ਬਲਕਿ ਸਮੁੱਚੇ ਧਰਮਾਂ ਦੇ ਨਾਮ ਤੇ ਹੁੰਦੇ ਦੰਗੇ ਫਸਾਦਾਂ ਦੀ ਗੱਲ ਕਰ ਰਹੀਂ ਹਾਂ। ਇਤਹਾਸ ਗਵਾਹ ਹੈ ਕਿ ਮੁੱਢ ਕਦੀਮੀ ਤੋਂ ਆਪਣੇ ਧਰਮ ਨੂੰ ਮਨਵਾਉਣ ਦੀ ਖਾਤਰ ਕੁਝ ਅਖੌਤੀ ਧਾਰਮਿਕ ਆਗੂਆਂ ਨੇ ਕਤਲੇਆਮ ਮਚਾ ਲੋਕਾਂ ਦੇ ਖੂਨ ਦੇ ਖੂਹਾਂ ਵਿੱਚੋਂ ਮੂੰਹ ਧੋਤੇ ਹਨ। ਕੁਝ ਫੱਟ ਤਾਂ ਹਾਲੇ ਅੱਲੇ ਪਏ ਨੇ ਜਦ ਧਰਮਾਂ ਦੇ ਨਾਮ ਤੇ ਕੀਤੇ ਦੰਗੇ ਫਸਾਦਾਂ ਵਿੱਚ ਮਾਵਾਂ ਦੇ ਛੇ ਛੇ ਫੁੱਟ ਸ਼ੀਂ ਵਰਗੇ ਜਵਾਨ ਪੁੱਤ ਰਾਖ ਦੀ ਢੇਰੀ ਬਣਾ ਦਿੱਤੇ ਗਏ। ਕਦੇ ਕਿਸੇ ਨੇ ਇਹ ਸੋਚਣ ਦਾ ਯਤਨ ਕੀਤਾ ਕਿ ਧਰਮ ਦਾ ਫਲਸਫਾ ਕੀ ਹੈ? ਧਰਮ ਕੀ ਕਹਿੰਦਾ ਹੈ, ਜਿਸ ਨਾਮ ਉੱਤੇ ਲੋਕਾਂ ਦੇ ਘਰ ਉਜਾੜੇ ਜਾਂਦੇ ਹਨ, ਦੰਗੇ ਫ਼ਸਾਦ ਕੀਤੇ ਜਾਂਦੇ ਹਨ, ਫਿਰ ਉਹ ਤਾਂ ਧਰਮ ਅਖਵਾਉਣ ਦੇ ਲਾਇਕ ਹੀ ਨਹੀਂ, ਕਿਉਂਕਿ ਕੋਈ ਵੀ ਧਰਮ ਭਾਵੈਂ ਹਿੰਦੂ, ਮੁਸਲਮਾਨ, ਸਿੱਖ, ਇਸਾਈ ਨੇ ਕਦੇ ਕਤਲੇਆਮ ਦਾ ਪੈਗਾਮ ਨਹੀਂ ਦਿੱਤਾ ਬਲਕਿ ਸਾਰੇ ਧਰਮਾਂ ਦੇ ਪੈਗੰਬਰਾਂ ਨੇ ਸ਼ਾਤੀ ਦਾ ਪੈਗਾਮ ਦਿੱਤਾ ਹੈ।
ਧਰਮ ਦੀ ਅੰਨ੍ਹੀ ਸ਼ਰਧਾ ਵਿੱਚ ਅੰਨੇ ਬੋਲੇ ਹੋਏ ਲੋਕਾਂ ਨੂੰ ਨਾ ਤਾਂ ਤੜਫਦੇ ਲੋਕਾਂ ਦਾ ਦਰਦ ਦਿਖਦਾ ਹੈ ਅਤੇ ਨਾ ਹੀ ਚੀਕਾਂ ਕੰਨੀ ਪੈਂਦੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕੇ ਧਾਰਮਿਕ ਸ਼ਰਧਾ ਮਨੁੱਖ ਨੂੰ ਸਿੱਧੇ ਰਾਹ ਪਾਉਂਦੀ ਹੈ ਪਰ ਅੰਨ੍ਹੀ ਸ਼ਰਧਾ ਮਨੁੱਖ ਨੂੰ ਢਾਹ ਵੀ ਲਾਉਂਦੀ ਹੈ। ਇਹ ਸ਼ਰਧਾ ਕੇਵਲ ਇੱਕ ਘਰ ਹੀ ਨਹੀਂ ਉਜਾੜਦੀ  ਬਲਕਿ ਗਲੀ, ਮੁਹੱਲੇ, ਸ਼ਹਿਰਾਂ ਦੇ ਸ਼ਹਿਰ ਤਬਾਹ ਕਰ ਦਿੰਦੀ ਹੈ । ਮੈਂ ਅਕਸਰ ਸ਼ੋਸ਼ਲ ਮੀਡੀਆ ਅਤੇ ਹੋਰ ਨਿਊਜ ਚੈਨਲਾਂ ਤੇ ਧਾਰਮਿਕ ਬਹਿਸ ਦੇਖਦੀ ਹਾਂ ਤਾਂ ਹੈਰਾਨ ਹੋ ਜਾਂਦੀ ਹਾਂ ਕਿ ਕਿਵੇਂ ਆਪਣੇ ਆਪ ਨੂੰ ਬਹੁਤ ਪੜ੍ਹੇ ਲਿਖੇ  ਕਹਾਉਣ ਵਾਲੇ ਲੋਕ ਧਰਮ ਦੇ ਨਾਮ ਤੇ ਗਾਲੀ ਗਲੋਚ ਕਰ ਰਹੇ ਹੁੰਦੇ ਹਨ ਉਹ ਰਾਸ਼ਟਰੀ ਪਲੇਟਫਾਰਮ ਉੱਪਰ!
ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਧਰਮ ਦੇ ਨਾਮ ਤੇ ਦੰਗੇ ਫ਼ਸਾਦ ਕਰਨ ਤੋਂ ਪਹਿਲਾਂ, ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਹਚਾਉਣ ਤੋਂ ਪਹਿਲਾਂ, ਕਿਸੇ ਵੀ ਧਰਮ ਨੂੰ ਮਾੜਾ ਕਹਿਣ ਤੋਂ ਪਹਿਲਾਂ ” “ਧਰਮ”  ਦੇ ਅਰਥ ਜਰੂਰ ਸਮਝਣੇ ਚਾਹੀਦੇ ਹਨ ਕਿ ਕੀ ਸੱਚਮੁੱਚ ਧਰਮ ਵਿੱਚ ਹਿੰਸਾਂ ਦੀ ਗੱਲ ਕੀਤੀ ਗਈ ਹੈ, ਕੀ ਸੱਚਮੁੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਤੁਹਾਡੇ ਧਰਮ ਨੂੰ ਬੁਰਾ ਕਹਿ ਰਿਹਾ ਹੈ ਤਾਂ ਉਸ ਇਕੱਲੇ ਨਾਲ ਨਜਿੱਠਣ ਦੀ ਬਜਾਇ ਤੁਸੀਂ ਹਜ਼ਾਰਾਂ ਲੱਖਾਂ ਬੇਕਸੂਰਾਂ ਦੀਆਂ ਜਿੰਦਗੀਆਂ ਵੀ ਨਰਕ ਬਣਾ ਦੇਉ। ਕੀ ਇਹਨਾਂ ਧਰਮਾਂ ਦੇ ਨਾਮ ਤੇ ਹੋਣ ਵਾਲੇ ਦੰਗਿਆਂ ਫਸਾਦਾਂ ਵਿੱਚ ਜਿੰਨਾ ਛੋਟੇ ਛੋਟੇ ਬੱਚਿਆਂ ਦੇ ਬਾਪ, ਦਾਦੇ ਮਾਰੇ ਗਏ ਹੋਣਗੇ ਜਦ ਉਹ ਵੱਡੇ ਹੋਕੇ ਪੁੱਛਣਗੇ ਕਿ ਸਾਡੇ ਪਾਪਾ ਜਾਂ ਦਾਦੇ ਦੀ ਮੌਤ ਕਿਵੇਂ ਹੋਈ? ਜਵਾਬ ਵਿੱਚ ਜਦ ਉਹ ਧਰਮ ਦਾ ਨਾਮ ਸੁਨਣਗੇ ਕਿ ਧਰਮ ਦੀ ਰੱਖਿਆ ਲਈ ਲੋਕਾਂ ਵੱਲੋਂ ਦੰਗੇ ਫ਼ਸਾਦ ਕੀਤੇ ਗਏ ਤਾਂ ਉਹ ਬੇਕਸੂਰ ਵੀ ਮਾਰੇ ਗਏ ਤਾਂ ਕੀ ਉਹਨਾਂ ਬੱਚਿਆਂ ਦਾ ਕਿਸੇ ਧਰਮ ਵਿੱਚ ਵਿਸ਼ਵਾਸ ਰਹਿ ਜਾਵੇਗਾ।
ਇਸ ਤੋਂ ਇਲਾਵਾ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਜਿੰਨੇ ਵੀ ਧਰਮਾਂ ਦੇ ਨਾਮ ਤੇ ਫਸਾਦ ਹੁੰਦੇ ਹਨ ਇਹਨਾਂ ਦੀਆਂ ਤਾਰਾਂ ਰਾਜਨੀਤੀ ਨਾਲ ਜੁੜੀਆਂ ਹੁੰਦੀਆਂ ਹਨ। ਸਾਡੇ ਸਮਾਜ ਵਿੱਚ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਹਨ, ਚਤੁਰ, ਭੋਲੇ, ਸਿਧਰੇ। ਚਤੁਰ ਲੋਕ ਭੋਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਉਹਨਾਂ ਨੂੰ ਰੋਹ ਵਿੱਚ ਲੈ ਆਉਂਦੇ ਹਨ ਤੇ ਇਹਨਾਂ ਲੋਕਾਂ ਨੇ ਬਿਨਾਂ ਆਪਣੇ ਦਿਮਾਗ਼ ਦੀ ਵਰਤੋਂ ਕੀਤੇ ਝੰਡੀਆਂ ਚੁੱਕ ਰੋਸ ਪ੍ਦਰਸ਼ਨਾਂ  ਵਿੱਚ ਸ਼ਾਮਿਲ ਹੋ ਜਾਣਾ ਹੁੰਦਾ ਹੈ ਜਿਸ ਦਾ ਸ਼ਿਕਾਰ ਸਿਧਰੇ ਲੋਕ ਹੋ ਜਾਂਦੇ ਹਨ। ਜਿਹੜੇ ਅਖੌਤੀ ਧਰਮੀ ਲੋਕ ਇਹ ਸਮਝਦੇ ਹਨ ਕਿ ਖੂਨ ਖਰਾਬਾ ਕਰ ਕੇ ,ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਾ ਕੇ ਜੇਕਰ ਉਹ ਆਪਣੇ ਧਰਮ ਦੀ ਸਰਵਸ਼ੇ੍ਸਟਤਾ ਨੂੰ ਸਾਬਿਤ ਕਰ ਲੈਣਗੇ ਤਾਂ ਉਹ ਬਿਲਕੁਲ ਗਲਤ ਹਨ, ਲੋਕਾਂ ਦੀਆਂ ਜਾਨਾਂ ਨਾਲ ਖੇਡਣ ਵਾਲਾ,ਲੋਕਾ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਲੋਕ ਨਾ ਤਾਂ ਆਪ ਧਰਮੀ ਅਖਵਾਉਣ ਦੇ ਹੱਕਦਾਰ ਹਨ ਅਤੇ ਨਾ ਹੀ ਅਜਿਹਾ ਧਰਮ ਸਰਵਸ੍ਰੇਸ਼ਟ ਅਖਵਾਉਣ ਦਾ ਹੱਕਦਾਰ ਹੈ ਜਿਸਦੀ ਆੜ ਵਿੱਚ ਬੇਕਸੂਰ ਹੱਸਦੇ ਵੱਸਦੇ ਲੋਕਾਂ ਦੇ ਘਰ ਉਜੜ ਜਾਣ।
ਜੇਕਰ ਤੱਥਾਂ ਦੇ ਅਧਾਰ ਤੇ ਵੀ ਗੱਲ ਕਰਾਂ ਤਾਂ ਧਰਮ ਦੇ ਨਾਮ ਤੇ ਹੋਏ ਦੰਗਿਆਂ ਦੀ ਗਿਣਤੀ ਬਹੁਤ ਵੱਡੀ ਹੈ ਪਰ ਫਿਰ ਵੀ ਸੰਖੇਪ ਜਿਹਾ ਹਵਾਲਾ ਜਰੂਰ ਦੇਣਾ ਚਾਹਾਂਗੀ ਕਿ  ਜੇਕਰ ਅੰਤਰਰਾਸ਼ਟਰੀ ਪੱਧਰ ਤੇ ਗੱਲ ਕਰੀਏ ਤਾਂ ਇਜ਼ਰਾਈਲ ਅਤੇ ਫਿਲੀਸਤੀਨ ਵਿੱਚ ਛਿੜੀ ਫਿਰਕਾਪ੍ਰਸਤੀ ਜੰਗ ਅੱਜ ਤੱਕ ਜ਼ਾਰੀ ਹੈ,ਹਜ਼ਾਰਾਂ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆ,ਕਈ ਲੋਕ ਬੇਘਰ ਹੋਏ ਅਤੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਅਤੇ ਹੋ ਰਿਹਾ ਹੈ ਜੇਕਰ ਗੱਲ ਭਾਰਤ ਦੀ ਕਰੀਏ ਤਾਂ ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਪਹਿਲਾਂ  ਧਾਰਮਿਕ ਦੰਗਾ  1957 ਵਿ੍ੱਚ ਹੋਇਆ ਜਿਸ ਨੂੰ ਰਾਮਨੰਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਉਪਰੰਤ 1966 ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਨੂੰ ਲੈਕੇ ਹਿੰਦੂ ਸਿੱਖ ਦੰਗੇ ਜਿਸ ਵਿੱਚ 14 ਲੋਕਾਂ ਨੇ ਜਾਨ ਗਵਾਹੀ ਹਜ਼ਾਰਾਂ ਦੀ ਗਿਣਤੀ ਵਿੱਚ ਜੇਲ੍ਹ ਗਏ ਅਤੇ ਬੇਘਰ ਹੋਏ , 1967 ਵਿੱਚ  ਰਾਂਚੀ ਵਿੱਚ ਉਰਦੂ ਭਾਸ਼ਾ ਨੂੰ ਲੈਕੇ ਹੋਏ ਦੰਗੇ, 1969ਵਿੱਚ ਗੁਜਰਾਤ ਵਿੱਚ ਦਰਗਾਹ ਅਤੇ ਮੰਦਿਰ ਨੂੰ ਲੈਕੇ ਹੋਏ ਫਸਾਦ, 1983 ਵਿੱਚ ਹਿੰਦੂ ਅਤੇ ਮੁਸਲਮਾਨਾਂ ਵਿੱਚ ਦੰਗੇ, 1984 ਵਿੱਚ ਹਿੰਦੂਆਂ ਦੁਆਰਾ ਕੀਤਾ ਸਿੱਖ ਕਤਲੇਆਮ ਜਿਸ ਵਿੱਚ 17000 ਤੋਂ ਵੱਧ ਲੋਕਾਂ ਨੇ ਜਾਨਾਂ ਗਵਾਈਆ, ਇਸ ਉਪਰੰਤ 1985 ਵਿੱਚ ਅਹਿਮਦਾਬਾਦ ਤੇ ਗੁਜਰਾਤ , 1986 ਵਿੱਚ ਜੰਮੂ ਕਸ਼ਮੀਰ,  ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਦੰਗੇ । ਇਹਨਾਂ ਲੰਬਾ ਸਮਾਂ ਅਸੀ ਤਹਿ ਕਰ ਅਸੀ ਜੇਕਰ ਸਾਲ  2022 ਦੀ ਗੱਲ ਕਰੀਏ ਤਾਂ ਇਹ ਫਿਰਕਾਪ੍ਰਸਤੀ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ ਹਾਲੇ ਪਿੱਛੇ ਜਿਹੇ ਜੂਨ 2022 ਨੂੰ ਹੀ ਅਸੀਂ ਇਹਨਾਂ ਦੰਗਿਆਂ, ਫਸਾਦਾਂ, ਨਾਅਰੇਬਾਜ਼ੀ, ਬਿਆਨਬਾਜ਼ੀ ਦਾ ਭੜਕਾਊ ਰੂਪ ਦੇਖਿਆ ਹੈ। ਇੱਥੇ ਮੈਂ ਸੰਖੇਪ ਵਿੱਚ ਹੀ ਕੁਝ ਸਾਲਾਂ ਦਾ ਜ਼ਿਕਰ ਕੀਤਾ ਹੈ ਪਰ ਹਰ ਸਾਲ ਧਰਮਾਂ ਦੇ ਨਾਮ ਤੇ ਹੁੰਦੀ ਗੁੰਡਾਗਰਦੀ ਇਨਸਾਨੀਅਤ ਦਾ ਗਲਾ ਘੁੱਟਦੀ ਹੈ।
ਸਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਜਰੂਰਤ ਹੈ ਕਿ ਧਰਮ ਇਨਸਾਨ ਨੂੰ ਇਨਸਾਨ ਦੇ ਫਰਜ਼ ਪ੍ਤੀ ਜਿੰਮੇਵਾਰ ਬਣਾਈ ਰੱਖਣ ਦਾ ਇੱਕ ਮਾਰਗ ਹੈ, ਤੇ ਇਨਸਾਨ ਦੀ ਸਭ ਤੋਂ ਵੱਡੀ ਜਿੰਮੇਵਾਰੀ ਇਨਸਾਨੀਅਤ ਦੀ ਕਦਰ ਕਰਨਾ ਹੈ, ਕਿਸੇ ਵੀ ਮਨੁੱਖ ਦਾ ਕਤਲ ਕਰ ਚਾਹੇ ਉਹ ਸਿੱਖ ਹੋਵੇ, ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ, ਬੋਧੀ, ਜੈਨੀ ਕੋਈ ਵੀ ਹੋਵੇ, ਜੇਕਰ ਤੁਸੀਂ ਧਰਮੀ ਅਖਵਾਉਣਾ ਚਾਹੁੰਦੇ ਹੋ ਤਾਂ ਮੈਂ ਇਹ ਕਹਿਣ ਵਿੱਚ ਗੁਰੇਜ਼ ਨਹੀਂ ਕਰਾ਼ਗੀ ਕਿ ਉਹ ਲੋਕ ਆਪਣੇ ਧਰਮ, ਕੌਮ ਅਤੇ ਇਨਸਾਨੀਅਤ ਦੇ ਨਾਮ ਤੇ ਧੱਬਾ ਹਨ।
ਆਪਣੀ ਸੋਝੀ ਦੀ ਵਰਤੋਂ ਕਰ ਇਹ ਸਮਝਣ ਦਾ ਯਤਨ ਕਰੋ ਕਿ ਇਹਨਾਂ ਦੰਗਿਆਂ ਫਸਾਦਾਂ ਪਿੱਛੇ ਕਿਸਦਾ ਹੱਥ ਹੋ ਸਕਦਾ, ਇਹ ਬਲਦੀ ਅੱਗ ਵਿੱਚ ਜੋ ਸਾਨੂੰ ਧਕੇਲ ਰਹੇ ਹਨ ਕੀ ਉਹ ਵੀ ਸਾਡੇ ਨਾਲ ਇਸ ਅੱਗ ਵਿੱਚ ਪੈਰ ਰੱਖ ਰਹੇ ਹਨ? ਅੰਨ੍ਹੀ ਸ਼ਰਧਾ ਅਤੇ ਬੇਸਮਝੀ ਦੇ ਕਾਰਨ ਮਨੁੱਖਤਾ ਦਾ ਘਾਣ ਕਰਨਾ ਬੰਦ ਕਰੋ, ਦੋਗਲੇ ਲੋਕਾਂ ਦੀ ਨੀਤੀ ਪਾੜੋ ਤੇ ਰਾਜ ਕਰੋ ਨੂੰ ਸਮਝਣ ਦਾ ਯਤਨ ਕਰੋ। ਹਰ ਧਰਮ ਇਨਸਾਨੀਅਤ ਦਾ ਪੈਗਾਮ ਦਿੰਦਾ ਹੈ, ਜ਼ੁਲਮ ਦੇ ਵਿਰੁੱਧ ਅਵਾਜ਼ ਉਠਾਉਣ ਲਈ ਕਹਿੰਦਾ ਹੈ, ਪਰ ਕਦੇ ਇਹ ਨਹੀਂ ਕਹਿੰਦਾ ਕਿ ਤੁਸੀਂ ਆਪ ਹੀ ਜੁਲਮ ਦਾ ਰੂਪ ਅਖ਼ਤਿਆਰ ਕਰ ਲਉ। ਧਰਮ ਸਿਰਫ਼ ਇਨਸਾਨੀਅਤ ਹੈ ਇਸਤੋਂ ਵੱਡਾ ਹੋਰ ਕੋਈ ਧਰਮ ਨਹੀਂ! ਧਰਮਾਂ ਦੇ ਨਾਮ ਤੇ ਹੁੰਦੀ ਇਸ ਗੁੰਡਾਗਰਦੀ ਨੂੰ ਰੋਕਣ ਲਈ ਅਸੀਂ ਸਰਕਾਰਾਂ ਤੋਂ ਆਸ ਨਹੀਂ ਰੱਖ ਸਕਦੇ ਕਿਉਂਕਿ ਇਹਨਾਂ ਸਾਰੇ ਦੰਗਿਆਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ,ਅਤੇ ਧਰਮ ਇੱਕ ਸਭ ਤੋਂ ਵੱਡੀ ਜੜ੍ਹ ਹੈ ਜੋ ਸਿਆਸਤ ਦੀ ਕੁਰਸੀ ਨੂੰ ਜਕੜ ਕੇ ਬੈਠੀ ਹੈ, ਸੂਝ ਬੂਝ ਤੋਂ ਕੰਮ ਲੈਣਾ ਸਮੇਂ ਦੀ ਮੁੱਖ ਲੋੜ ਹੈ, ਜੇਕਰ ਧਰਮਾਂ ਦੇ ਨਾਮ ਤੇ ਹੁੰਦੇ ਇਹ ਕਤਲੇਆਮ ਰੋਕਣਾਂ ਚਾਹੁੰਦੇ ਹੋ ਤਾਂ ਸਾਨੂੰ ਸਾਰਿਆਂ ਨੂੰ ਅਸਲ ਮਾਇਨਿਆਂ ਵਿੱਚ ਧਰਮੀ ਬਨਣਾ ਪਵੇਗਾ ਨਹੀਂ ਤਾਂ ਧਰਮਾਂ ਦੀ ਆੜ ਵਿੱਚ ਹੁੰਦੇ ਇਹ ਦੰਗੇ ਫ਼ਸਾਦ ਹਮੇਸ਼ਾ ਇਨਸਾਨੀਅਤ ਨੂੰ ਪੈਰਾਂ ਹੇਠ ਕੁਚਲਦੇ ਰਹਿਣਗੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin