Articles

ਨੇਕ ਸੁਭਾਅ ਕਰਕੇ ਹਰਮਨ ਪਿਆਰੇ ਹਨ ਹਿਊਮ ਸਿਟੀ ਕੌਂਸਲ ਤੋਂ ਉਮੀਦਵਾਰ ਤਕਦੀਰ ਸਿੰਘ ਦਿਓਲ !

ਸੁਖਜੀਤ ਸਿੰਘ ਔਲਖ, ਮੈਲਬੌਰਨ

ਆਸਟ੍ਰੇਲੀਆ ਦੇ ਘੁੱਗ ਵੱਸਦੇ ਤੇ ਮੇਲਿਆਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਸ਼ਹਿਰ ਮੈਲਬੌਰਨ ਵਿੱਚ ਪਿਛਲੀ ਜਨਗਣਨਾ ਅਨੁਸਾਰ ਪੰਜਾਬੀਆਂ ਤੇ ਭਾਰਤੀ ਭਾਈਚਾਰੇ ਦੀ ਗਿਣਤੀ ਸਵਾ ਲੱਖ ਦੇ ਕਰੀਬ ਆਂਕੀ ਗਈ ਸੀ । ਪੰਜਾਬੀਆਂ ਤੇ ਭਾਰਤੀ ਭਾਈਚਾਰੇ ਨੇ ਆਪਣੀ ਮੇਹਨਤ ਤੇ ਸਿਰੜ ਨਾਲ ਆਰਥਿਕ, ਸਮਾਜਿਕ ਤੇ ਪ੍ਰਸ਼ਾਸ਼ਨਿਕ ਖੇਤਰਾਂ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਹਨ ਜਿਹਨਾਂ ਦੀ ਗਵਾਹੀ ਪੰਜਾਬੀਆਂ ਦੇ ਏਥੇ ਵੱਡੇ-ਵੱਡੇ ਕਾਰੋਬਾਰ ਤੇ ਇੱਥੇ ਲੱਗਦੇ ਮੇਲੇ, ਅਖਾੜੇ, ਕਬੱਡੀਆਂ ਤੇ ਹੋਰ ਕਈ ਪ੍ਰੋਗਰਾਮ ਭਰਦੇ ਹਨ ਪਰ ਜਦੋਂ ਗੱਲ ਛਿੜਦੀ ਏ ਰਾਜਨੀਤਿਕ ਖੇਤਰ ‘ਚ ਪ੍ਰਾਪਤੀਆਂ ਦੀ ਤਾਂ ਪਤਾ ਨਹੀਂ ਕਿਉਂ ਏਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਵੀ ਭਾਈਚਾਰਾ ਬਹੁਤੀ ਜਿਕਰਯੋਗ ਮੱਲ ਨਹੀਂ ਮਾਰ ਸਕਿਆ। ਰਾਜਨੀਤਿਕ ਉਦਾਸੀਨਤਾ ਦੇ ਕਾਰਨ ਭਾਵੇਂ ਕੁੱਝ ਵੀ ਰਹੇ ਹੋਣ ਪਰ ਆਸਟ੍ਰੇਲੀਆ ਦੀਆਂ ਦੋਵੇਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਬਾਰੇ ਭਾਰਤੀ ਭਾਈਚਾਰੇ ਵਿੱਚ ਇਹ ਧਾਰਨਾ ਹੈ ਕਿ ਇੱਕਾ ਦੁੱਕਾ ਸੀਟਾਂ ਨੂੰ ਛੱਡਕੇ ਸੂਬਾ ਪੱਧਰ ‘ਤੇ ਉੱਪਰਲੀਆਂ ਸੀਟਾਂ ਲਈ ਭਾਰਤੀਆਂ ਨੂੰ ਸਿਰਫ ਉੱਥੋ ਹੀ ਟਿਕਟ ਦਿੱਤੀ ਜਾਂਦੀ ਹੈ ਜਿੱਥੋਂ ਪਾਰਟੀ ਨੂੰ ਪਤਾ ਹੋਵੇ ਕਿ ਸੀਟ ਕੱਢਣਾ ਨਾਮੁਮਕਿਨ ਹੈ।

ਵਿਕਟੋਰੀਆ ਵਿੱਚ ਕੌਂਸਲ ਚੋਣਾਂ ਅਕਤੂਬਰ ਵਿੱਚ ਹੋਣ ਜਾ ਰਹੀਆਂ ਹਨ ਤੇ ਹਿਊਮ ਸਿਟੀ ਕੌਂਸਲ ਤੋਂ ਸ੍ਰæ ਤਕਦੀਰ ਸਿੰਘ ਦਿਓਲ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਮਿਲਣਸਾਰ ਤੇ ਮਿੱਠਬੋਲੜੇ ਸੁਭਾਅ ਕਾਰਨ ਸਭ ਦੇ ਦਿਲਾਂ ਵਿੱਚ ਜਗ੍ਹਾ ਬਣਾ ਲੈਣ ਦੀ ਕਾਬਲੀਅਤ ਕਾਰਨ ਤਕਦੀਰ ਸਿੰਘ ਦਿਓਲ ਪੰਜਾਬੀ ਤੇ ਭਾਰਤੀ ਭਾਈਚਾਰੇ ਵਿੱਚ ਨਾ ਕੇਵਲ ਹਰਮਨ ਪਿਆਰੇ ਹਨ ਸਗੋਂ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਵਿਸ਼ੇਸ਼ ਕਰਕੇ ਘਰੇਲੂ ਹਿੰਸਾ ਆਦਿ ਨੂੰ ਨਜਿੱਠਣ ਲਈ ਹਮੇਸ਼ਾਂ ਵੱਧ ਚੜਕੇ ਹਿੱਸਾ ਪਾਉਂਦੇ ਹਨ। ਵਿਕਟੋਰੀਆ ਪੁਲਸ ਵਿੱਚ ਪਿਛਲੇ ਦਸ ਸਾਲਾਂ ਤੋਂ ਸੇਵਾ ਨਿਭਾਅ ਰਹੇ ਤਕਦੀਰ ਇਸ ਸਮੇਂ ਫੈਮਲੀ ਹਿੰਸਾ ਇਨਵੈਸਟੀਗੇਸ਼ਨ ਯੂਨਿਟ ਵਿੱਚ ਬਤੌਰ ਜਾਂਚ ਕਰਤਾ ਅਫਸਰ ਕੰਮ ਕਰ ਰਹੇ ਹਨ। ਆਪਣੀ ਸਕੂਲੀ ਸਿੱਖਿਆ ਕੇਂਦਰੀ ਸਕੂਲ ਪੰਜਾਬ ਤੋਂ ਪੂਰੀ ਕਰਕੇ ਸਾਲ 1999  ਵਿੱਚ ਆਸਟ੍ਰੇਲੀਆ ਆ ਗਏ ਤਕਦੀਰ ਸਿੰਘ ਨੇ ਆਰਕੀਟੈਕਚਰਲ ਟੈਕਨੋਲੋਜੀ ਤੇ ਐਡਵਾਂਸਡ ਡਿਪਲੋਮਾ ਪੂਰਾ ਕੀਤਾ ਪਰ ਨੌਕਰੀ ਪ੍ਰਾਪਤ ਕਰਨ ਵਿੱਚ ਅਸਮਰੱਥਤਾ ਕਾਰਨ ਵੱਖ-ਵੱਖ ਛੋਟੇ ਪੱਧਰਾਂ ਦੇ ਉਦਯੋਗਾਂ ਵਿੱਚ ਸਵੈ-ਰੁਜ਼ਗਾਰ ਵਾਲੇ ਵਿਅਕਤੀ ਵਜੋਂ ਵੀ ਕੰਮ ਕੀਤਾ ਤੇ ਫਿਰ ਸਾਲ 2011 ਵਿੱਚ ਵਿਕਟੋਰੀਆ ਪੁਲਸ ਵਿੱਚ ਭਰਤੀ ਹੋ ਗਏ। ਉਹ ਯੂਨਾਈਟਿਡ ਖਾਲਸਾ ਹਾਕੀ ਕਲੱਬ, ਕਰੇਗੀਬਰਨ ਫਾਲਕਨਜ਼ ਅਤੇ ਵਿਟਲਸੀ ਹਾਕੀ ਕਲੱਬ ਦਾ ਮਾਣਮੱਤੇ ਸਮਰਥਕ ਰਹੇ ਹਨ। ਤਕਦੀਰ ਸਿੰਘ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਮੈਂਬਰ ਨਹੀਂ ਰਹੇ ਪਰ ਨਾ ਕੇਵਲ ਭਾਰਤੀ ਭਾਈਚਾਰਾ ਬਲਕਿ ਦੂਜੇ ਭਾਈਚਾਰੇ ਦੇ ਲੋਕਾਂ ਵਿੱਚ ਵੀ ਆਪਣੀ ਚੰਗੀ ਸਾਖ ਰੱਖਦੇ ਹਨ। ਕੌਂਸਲ ਚੋਣਾਂ ਬਾਰੇ ਤਕਦੀਰ ਸਿੰਘ ਨੇ ਦੱਸਿਆ ਕਿ ਕੋਈ ਵੀ ਉਹ ਵਿਅਕਤੀ ਵੋਟ ਪਾ ਸਕਦਾ ਹੈ ਜੋ ਕੌਂਸਲ ਵਿੱਚ ਰੇਟ ਦਾ ਭੁਗਤਾਨ ਕਰਨ ਵਾਲੇ ਵਜੋਂ ਸੂਚੀਬੱਧ ਹੈ। ਕਰੇਗੀਬਰਨ, ਮਿਕਲਹਮ, ਡੌਨੀਬਰੁਕ, ਕੈਲਕਾਲੋ ਦਾ ਇਲਾਕਾ ਹਿਊਮ ਸਿਟੀ ਕੌਂਸਲ ਦੇ ਚੋਣ ਹਲਕੇ ਵਿੱਚ ਆਉਂਦਾ ਹੈ ਜਿੱਥੇ ਕਿ ਪੰਜਾਬੀਆਂ ਦੀ ਭਰਪੂਰ ਵੱਸੋਂ ਹੈ। ਭਾਈਚਾਰੇ ਨੂੰ ਬੇਨਤੀ ਕਰਦਿਆਂ ਤਕਦੀਰ ਸਿੰਘ ਨੇ ਕਿਹਾ ਕਿ ਜੇ ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਕੌਂਸਲ ਵਿੱਚ ਨੁਮਾਇੰਦਗੀ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਉਥੇ ਤਰਜੀਹਾਂ ਦੀ ਚੋਣ ਕਰਨੀ ਪਵੇਗੀ ਤੇ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤਾਂ ਲਈ ਵੋਟ ਕਰਨ ਦੀ ਉਹਨਾਂ ਅਪੀਲ ਕੀਤੀ ਹੈ। ਆਪਣੇ ਉਦੇਸ਼ ਬਾਰੇ ਉਹਨਾਂ ਕਿਹਾ ਕਿ ਮੇਰਾ ਮੁੱਖ ਉਦੇਸ਼ ਉਹਨਾਂ ਨੀਤੀਆਂ ਦੀ ਵਕਾਲਤ ਕਰਨਾ ਹੈ ਜੋ ਕਮਿਊਨਿਟੀ ਮੈਂਬਰਾਂ ਨੂੰ ਕੋਵਿਡ-19 ਤੋਂ ਬਾਅਦ ਆਮ ਵਾਂਗ ਵਾਪਿਸ ਆਉਣ ਵਿੱਚ ਸਹਾਇਤਾ ਕਰਨ।

ਅਖੀਰ ਵਿੱਚ ਸਾਰੇ ਵੀਰਾਂ, ਭੈਣਾਂ, ਮਾਤਾਵਾਂ ਤੇ ਬਜ਼ੁਰਗਾਂ ਨੂੰ ਅਸੀਂ ਵੀ ਗੁਜਾਰਿਸ਼ ਕਰਦੇ ਹਾਂ ਕਿ ਆਪਣੇ ਭਾਈਚਾਰੇ ਦੇ ਚੰਗੇਰੇ ਹਿੱਤਾਂ ਲਈ ਪੜ੍ਹੇ ਲਿਖੇ ਤੇ ਯੋਗ ਉਮੀਦਵਾਰਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਇਸ ਲਈ ਤਕਦੀਰ ਸਿੰਘ ਦਿਓਲ ਨੂੰ ਪਹਿਲੀ ਤਰਜੀਹ ਦੇ ਕੇ ਆਪਣੇ ਵੋਟ ਦਾ ਇਸਤੇਮਾਲ ਜਰੂਰ ਕੀਤਾ ਜਾਵੇ ਤਾਂ ਜੋ ਬਾਕੀ ਸਾਰੇ ਖੇਤਰਾਂ ਵਾਂਗ ਰਾਜਨੀਤਿਕ ਖੇਤਰ ਵਿੱਚ ਵੀ ਸਾਡੇ ਆਪਣੇ ਮੱਲਾਂ ਮਾਰਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin