Articles Pollywood

ਪੰਜਾਬੀ ਫ਼ਿਲਮਾਂ ਦਾ ਲੇਖਕ ਤੇ ਅਦਾਕਾਰ ਅਮਨ ਸਿੱਧੂ

ਲੇਖਕ: ਸੁਰਜੀਤ ਜੱਸਲ

ਫ਼ਿਲਮ ਨਗਰੀ ਜਾਣ ਵਾਲੇ ਹਰੇਕ ਕਲਾਕਾਰ ਦਾ ਸੁਪਨਾ ਹੁੰਦਾ ਹੈ ਕਿ ਉਹ ਐਕਟਰ ਬਣ ਕੇ ਪਰਦੇ ਤੇ ਆਵੇ..ਪ੍ਰੰਤੂ ਕਿਸਮਤ ਉਸਨੂੰ ਕਿਹੜੇ ਪਾਸੇ ਚਮਕਾਅ ਦੇਵੇ ਇਹ ਸੋਚਿਆ ਵੀ ਨਹੀਂ ਹੁੰਦਾ। ਪੰਜਾਬੀ ਫ਼ਿਲਮਾਂ ਨਾਲ ਜੁੜਿਆ ਅਮਨ ਸਿੱਧੂ ਅੱਜ ਅਦਾਕਾਰੀ ਦੇ ਨਾਲ ਨਾਲ ਸਕਰਿਪਟ ਤੇ ਡਾਇਲਾਗ ਲੇਖਕ ਵਜੋਂ ਵੀ ਪਛਾਣ ਰੱਖਦਾ ਹੈ। 10 ਸਾਲ ਦੀ ਉਮਰ ਵਿੱਚ ਉਸਨੂੰ ਸੈਮੂਅਲ ਜੋਹਨ ਵਰਗੇ ਗੰਭੀਰ ਨਾਟਕਕਾਰ ਦੀ ਕਲਾ ਨੇ ਐਸਾ ਪ੍ਰਭਾਵਤ ਕੀਤਾ ਕਿ ਉਹ ਵੀ ਥੀਏਟਰ ਕਰਨ ਲੱਗ ਪਿਆ। ਕਾਲਜ ਦੇ ਦਿਨਾਂ ਵਿੱਚ ਪ੍ਰੋ ਬਲਦੇਵ ਸਿੰਘ ਦੋਦੜਾ ਦੀ ਨਿਰਦੇਸ਼ਨਾਂ ਹੇਠ ਉਸਨੇ ਅਨੇਕਾਂ ਨਾਟਕ ਖੇਡੇ। ਨਾਟਕ ਖੇਡਦਿਆਂ ਉਸਦੀ ਸੋਚ ਅਚਾਨਕ ਫ਼ਿਲਮਾਂ ਵੱਲ ਹੋ ਗਈ ਤੇ ਉਹ ਆਪਣੇ ਇਲਾਕੇ ਦੇ ਫ਼ਿਲਮ ਡਾਇਰੈਕਟਰ ਅਵਤਾਰ ਸਿੰਘ ਕੋਲ ਚਲਾ ਗਿਆ ਜਿਸਨੇ ਉਸਦੀਆਂ ਗੱਲਾਂਬਾਤਾਂ ਸੁਣਕੇ ਉਸਨੂੰ ਪਹਿਲਾਂ ਸਕਰੀਨ ਪਲੇਅ  ਤੇ ਡਾਇਲਾਗ ਲਿਖਣ ਲਈ ਪ੍ਰੇਰਿਤ ਕੀਤਾ ਤੇ ਅਮਨ ਦੇ ਅੰਦਰਲੇ ਕਲਾਕਾਰ ਨੂੰ ਪਾਸੇ ਕਰ ਉਸਦੇ ਹੱਥਾਂ ਵਿੱਚ ਕਾਗਜ਼-ਕਲਮ ਫੜਾ ਦਿੱਤੀ। ਅਮਨ ਨੇ ਪਹਿਲੀ ਵਾਰ ਚਰਚਿਤ ਫ਼ਿਲਮ ‘ਰੁਪਿੰਦਰ ਗਾਂਧੀ 2’ ਦੇ ਡਾਇਲਾਗ ਲਿਖਣ ਦਾ ਮੌਕਾ ਮਿਲਿਆ। ਅਮਨ ਨੂੰ ਫ਼ਿਲਮ ਦੇ ਲੇਖਨ ਕਾਰਜ ਨਾਲ ਜੁੜ ਕੇ ਇੱਕ ਵੱਖਰਾ ਜਿਹਾ ਸਰੂਰ ਚੜਿ੍ਹਆ ਤੇ ਉਸਨੇ ਪਿੱਛੇ ਮੁੜ ਕੇ ਨਾ ਵੇਖਿਆ। ਅਮਨ ਨੇ ਹੁਣ ਤੱਕ ‘ਰੁਪਿੰਦਰ ਗਾਂਧੀ, ਪ੍ਰਾਹੁਣਾ, ਮਿੰਦੋ ਤਸੀਲਦਾਰਨੀ, ਰਾਂਝਾ ਰਫ਼ਿਊਜੀ,ਗਿੱਦੜਸਿੰਗੀ, ਨੀਂ ਮੈਂ ਸੱਸ ਕੁੱਟਣੀ, ਮਾਹੀ ਮੇਰਾ ਨਿੱਕਾ ਜਿਹਾ,’  ਆਦਿ ਫ਼ਿਲਮਾਂ ਬਤੌਰ ਲੇਖਕ ਕੀਤੀਆ ਹਨ।

ਸੰਗਰੂਰ ਜਿਲ੍ਹਾ ਦੇ ਲਹਿਰਾਗਾਗਾ ਦੇ ਅਮਨ ਨੇ ਦੱਸਿਆ ਕਿ ਉਸਦੇ ਪਰਿਵਾਰ ਚੋਂ ਪਹਿਲਾਂ ਕੋਈ ਵੀ ਇਸ ਕਲਾ ਨਾਲ ਨਹੀਂ ਸੀ ਜੁੜਿਆ ਪਰੰਤੂ ਫ਼ਿਰ ਵੀ ਸਾਰੇ ਹੀ ਪਰਿਵਾਰ ਵਲੋਂ ਉਸਨੂੰ ਚੰਗਾ ਸਹਿਯੋਗ ਤੇ ਹੌਸਲਾ ਮਿਲਿਆ। ਅਮਨ ਨੇ ਦੱੱਸਿਆ ਕਿ ਉਸਨੇ ਆਪਣੇ ਅੰਦਰਲੇ ਕਲਾਕਾਰ ਨੂੰ ਜਿਊਂਦਾ ਰੱਖਣ ਲਈ ਪ੍ਰਾਹੁਣਾ, ਊਨੀਂ ਇੱਕੀ, ਫ਼ਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਹੈ। ਬਹੁਤ ਜਲਦ ਉਸਦੀ ਇੱਕ ਹਿੰਦੀ ਫ਼ਿਲਮ ਕੰਜੂਸ ਮਜਨੂੰ-ਖ਼ਰਚੀਲੀ ਲੈਲਾ ਵੀ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਵੀ ਉਸਨੇ ਅਦਾਕਾਰੀ ਦੇ ਨਾਲ ਨਾਲ ਲੇਖਕ ਵਜੋਂ ਸੇਵਾਵਾਂ ਦਿੱਦੀਆਂ ਹਨ। ਜ਼ਿਕਰਯੋਗ ਹੈ ਕਿ ਅਮਨ ਦੀ ਨਵੀਂ ਫ਼ਿਲਮ ਮਾਹੀ ਮੇਰਾ ਨਿੱਕਾ ਜਿਹਾ ਰਿਲੀਜ਼ ਹੋਵੇਗੀ। ਅਮਨ ਨੇ ਦੱਸਿਆ ਕਿ ਇਹ ਸਮਾਜ ਨਾਲ ਜੁੜੀ ਮਨੋਰੰਜਨ ਭਰਪੂਰ ਪਰਿਵਾਰਕ ਕਹਾਣੀ ਅਧਾਰਤ ਫ਼ਿਲਮ ਹੈ। ਜਿਸਨੂੰ ਜਗਦੇਵ ਸੇਖੋਂ ਨੇ ਲਿਖਿਆ ਤੇ ਸਕਰੀਨ ਪਲੇਅ ਉਸ ਵਲੋਂ ਲਿਖਿਆ ਗਿਆ ਹੈ ਜਦਕਿ ਡਾਇਲਾਗ ਭਿੰਦੀ ਤੋਲਾਵਾਲ ਤੇ ਉਸਨੇ ਰਲ ਕੇ ਲਿਖੇ ਹਨ। ਇਸ ਫਿਲਮ ਦੇ ਨਿਰਮਾਤਾ ਰੰਜੀਵ ਸਿੰਗਲਾ ਹਨ ਤੇ ਨਿਰਦੇਸ਼ਨ ਸਤਿੰਦਰ ਸਿੰਘ ਦੇਵ ਨੇ ਦਿੱਤਾ ਹੈ। ਫ਼ਿਲਮ ’ਚ ਪੁਖਰਾਜ ਭੱਲਾ, ਹਸ਼ਨੀਨ ਚੌਹਾਨ, ਜਸਵਿੰਦਰ ਭੱਲਾ, ਅਨੀਤਾ ਦੇਵਗਨ, ਸੀਮਾ ਕੌਸ਼ਲ, ਕਰਨਵੀਰ ਦਿਓਲ,ਸੁੱਖੀ ਚਹਿਲ, ਏਕਤਾ ਖੇੜਾ, ਹਨੀ ਮੱਟੂ, ਜੱਗੀ ਧੂਰੀ, ਅਸ਼ੋਕ ਪਾਠਕ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਵਧੀਆ ਹੈ। ਭਵਿੱਖ ਵਿੱਚ ਅਮਨ ਸਿੱਧੂ ਪੰਕਜ ਬੱਤਰਾ ਅਤੇ ਵਿਜੈ ਕੁਮਾਰ ਅਰੋੜਾ ਦੀਆਂ ਫ਼ਿਲਮਾਂ ਲਈ ਵੀ ਲਿਖ ਰਿਹਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor