Articles

ਸੁਧਾਰ ਕਾਲਜ ਦਾ ਦਿਲ: ਹਾਕੀ ਓਲੰਪਿਅਨ ਕਰਨਲ ਜਸਵੰਤ ਸਿੰਘ ਗਿੱਲ !

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਸੁਧਾਰ ਕਾਲਜ ਦਾ ਨਾਂ ਸੁਣਦਿਆਂ ਹੀ ਅਕਾਦਮਿਕ ਖੇਤਰ ਤੋਂ ਇਲਾਵਾ ਜੋ ਰੰਗਦਾਰ ਛਵੀ ਉਭਰ ਕੇ ਸਾਹਮਣੇ ਆਉਂਦੀ ਹੈ, ਉਸ ਛਵੀ ਵਿਚਲੇ ਦੋ ਰੰਗ ਐਸੇ ਹਨ ਜਿਨ੍ਹਾਂ ਤੋਂ ਕੇਵਲ ਭਾਰਤੀ ਹੀ ਨਹੀਂ ਸਗੋਂ ਦੁਨੀਆਂ ਦੇ ਜਿਸ ਹਿੱਸੇ ‘ਚ ਵੀ ਪੰਜਾਬ ਅਤੇ ਪੰਜਾਬੀਅਤ ਦਾ ਬੋਲਬਾਲਾ ਹੈ ਉਹ ਇਹਨਾਂ ਰੰਗਾਂ ਦੀ ਰੰਗੀਨੀ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਹ ਦੋ ਰੰਗ ਹਨ ਹਾਕੀ ਅਤੇ  ਭੰਗੜਾ, ਜੇਕਰ ਇਹ ਕਿਹਾ ਜਾਵੇ ਹਾਕੀ ਅਤੇ ਭੰਗੜਾ ਸੁਧਾਰ ਕਾਲਜ ਦੇ ਪੂਰਕ ਹਨ ਤਾਂ ਇਸ ਵਿੱਚ ਕੋਈ ਅਚਰਜ ਵਾਲੀ ਗੱਲ ਨਹੀਂ ਹੋਵੇਗੀ।

ਪਰ ਬਹੁਤ ਘੱਟ ਲੋਕ ਜਾਣਦੇ ਨੇ ਕੇ ਸੁਧਾਰ ਕਾਲਜ ਦੀ ਇਹ ਛਵੀ ਕੋਈ ਦੋ ਚਾਰ ਦਿਨਾਂ ਵਿੱਚ ਨਹੀਂ ਬਣੀ ਸਗੋਂ ਇਹਨਾਂ ਦੋਵਾਂ ਰੰਗਾਂ ਦੀ ਅਮਿਟ ਛਾਪ ਖ਼ਲਕਤ ਦੇ ਜ਼ਹਿਨ ‘ਚ ਬਿਠਾਉਣ ਲਈ ਸੁਧਾਰ ਕਾਲਜ ਦੀਆਂ ਕਈ ਪੀੜੀਆਂ ਨੇ ਸਖ਼ਤ ਘਾਲਣਾ ਘਾਲ਼ੀ ਹੈ…!

ਸੁਧਾਰ ਕਾਲਜ ਵਿੱਚ ਹਾਕੀ ਦੇ ਇਤਿਹਾਸ ਦੀ ਜੇ ਗੱਲ ਕਰੀਏ ਤਾਂ ਮੌਜੂਦਾ ਪ੍ਰਮਾਣਾਂ ਨੂੰ ਘੋਖਣ ਉਪਰੰਤ ਇਹ ਪਤਾ ਲੱਗਦਾ ਹੈ ਕਿ ਜਿਹੜੇ ਸਾਲ ਕਾਲਜ ਹੋਂਦ ਵਿੱਚ ਆਇਆ ਓਸੇ ਸਾਲ ਹੀ ਕਾਲਜ ਦੀ ਪਹਿਲੀ ਹਾਕੀ ਟੀਮ ਅਸਤਿਤਵ ਵਿੱਚ ਆਈ।

ਸੁਧਾਰ ਕਾਲਜ ਦੀ ਇਸੇ ਹਾਕੀ ਟੀਮ ਦੇ ਇਕ ਖਿਡਾਰੀ ਨੇ ਅੱਗੇ ਚਲ ਕੇ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ ਖੇਡਾਂ ਦੇ ਸਿਰਮੌਰ ਮਹਾਕੁੰਭ ਓਲਿੰਪਿਕਸ ਦੇ ਵਿੱਚ ਨਾ ਕੇਵਲ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ ਸਗੋਂ ਸਿਲਵਰ ਮੈਡਲ ਵੀ ਹਾਸਿਲ ਕੀਤਾ। ਸ਼ਾਇਦ ਹੀ ਉਸ ਸਮੇਂ ਦੇ ਇਤਿਹਾਸ ਵਿੱਚ ਕੋਈ ਐਸਾ ਕਾਲਜ ਹੋਵੇ ਜਿਸਨੇ ਹੋਂਦ ਵਿੱਚ ਆਉਂਦਿਆਂ ਹੀ ਓਲਿੰਪਿਕ ਪੱਧਰ ਦਾ ਖਿਡਾਰੀ ਇਸ ਮੁਲਕ ਨੂੰ ਦਿੱਤਾ ਹੋਵੇ।

ਅੱਜ ਜਿਸ ਸਖਸ਼ੀਅਤ ਦੀ ਮੈਂ ਗੱਲ ਕਰਨ ਲੱਗਿਆ ਉਹ ਕਿਸੇ ਤਾਰਰੂਫ ਦੇ ਮੋਹਤਾਜ਼ ਨਹੀਂ ਮੇਰੀ ਮੁਰਾਦ ਹੈ ਸੁਧਾਰ ਕਾਲਜ ਦੇ ਪਹਿਲੇ ਬੈਚ ਦੇ ਇੰਤਹਾਈ ਅਜ਼ੀਮ ਹਾਕੀ ਖਿਡਾਰੀ ਅਤੇ ਸੁਧਾਰ ਕਾਲਜ ਦੇ ਦਿਲ ਲੈਫਟੀਨੈਂਟ ਕਰਨਲ ਜਸਵੰਤ ਸਿੰਘ ਗਿੱਲ ਹੁਰਾਂ ਤੋਂ, ਜਿਨ੍ਹਾਂ ਨੇ ਕਾਲਜ ਦੇ ਸ਼ੁਰੂਆਤੀ ਸਾਲ ਵਿੱਚ ਹੀ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਨੂੰ ਕਾਲਜ ਦੇ ਗਲਿਆਰੇ ਵਿੱਚ ਸੁਰਜੀਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਆਪ ਜੀ ਸੁਧਾਰ ਹਾਈ ਸਕੂਲ ਦੇ ਬਾਨੀ ਅਤੇ ਪਹਿਲੇ ਮੈਨੇਜਰ ਰਿਸਾਲਦਾਰ ਮੇਜਰ ਸਦਾ ਸਿੰਘ ਦੇ ਪੋਤਰੇ ਅਤੇ ਰਿਸਾਲਦਾਰ ਸਰਵਣ ਸਿੰਘ ਦੇ ਸਪੁੱਤਰ ਹਨ।

ਗੁਰੂ ਬਿਨ੍ਹਾਂ ਗਤਿ ਨਹੀਂ….!

ਆਪ ਜੀ ਨੂੰ ਹਾਕੀ ਦੀ ਗੁੜ੍ਹਤੀ ਸੁਧਾਰ ਸਕੂਲ ਵਿੱਚ ਪੜ੍ਹਦਿਆਂ ਮਾਸਟਰ ਗੁਰਬਖਸ਼ ਸਿੰਘ ਜੀ ਪਾਸੋਂ ਮਿਲੀ l ਜਿਸ ਵੇਲੇ ਆਪ ਜੀ ਨੇ ਕਾਲਜ ਦਾਖ਼ਿਲਾ ਲਿਆ ਉਸ ਸਮੇਂ ਕਾਲਜ ਦੀਆਂ ਖੇਡ ਗਤੀਵਿਧੀਆਂ ਨੂੰ ਦੇਖਣ ਲਈ ਕੋਈ ਡੀ.ਪੀ.ਈ ਜਾਂ ਫ਼ਿਜੀਕਲ ਟ੍ਰੇਨਿੰਗ ਇੰਸਟ੍ਰਕਟਰ ਨਹੀਂ ਸੀ, ਇਸ ਕਰਕੇ ਖੇਡਾਂ ਦਾ ਕਾਰਜਭਾਰ ਮਾਸਟਰ ਗੁਰਬਖਸ਼ ਸਿੰਘ ਕੋਲ ਹੀ ਸੀ।

ਸ: ਸਰਦਾਰਾ ਸਿੰਘ ਸਿੱਧੂ ਜੋ ਲਾਗਲੇ ਪਿੰਡ ਬੁਢੇਲ ਦੇ ਸਨ 1945 ਵਿੱਚ ਬ੍ਰਿਟਿਸ਼ ਫ਼ੌਜ ਦੇ ਵਿੱਚ ਕੁਝ ਸਮਾਂ ਸੇਵਾ ਨਿਭਾ ਕੇ ਉਸ ਵੇਲੇ ਵਾਪਿਸ ਹੀ ਆਏ ਸਨ, ਜਿਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਅਤੇ ਨਿਹੰਗ ਸ਼ਮਸ਼ੇਰ ਜੀ ਦੇ ਬਚਨਾਂ ਸਦਕਾ ਸੁਧਾਰ ਕਾਲਜ ਦਾ ਨੀਂਅ ਪੱਥਰ ਰੱਖਣ ਦੀ ਤਿਆਰੀ ਚੱਲ ਰਹੀ ਸੀ। ਉਹ ਕਾਲਜ ਅਤੇ ਸਕੂਲ ਦੇ ਵਿਦਿਆਰਥੀਆਂ ਨਾਲ ਹਾਕੀ ਖੇਡਣ ਆਇਆ ਕਰਦੇ ਸਨ ਅਤੇ ਹਾਕੀ ਦਾ ਤਜ਼ਰਬਾ ਵੀ ਖਿਡਾਰੀਆਂ ਨਾਲ ਸਾਂਝਾ ਕਰਿਆ ਕਰਦੇ ਸਨ। ਇੱਥੇ ਇਹ ਗੱਲ ਸਪਸ਼ਟ ਕਰਦਿਆਂ ਕਿ ਸ.ਸਰਦਾਰਾ ਸਿੰਘ ਹੁਰੀਂ ਉਸ ਵੇਲੇ ਨਿਸਵਾਰਥ ਭਾਵਨਾ ਦੇ ਨਾਲ ਖਿਡਾਰੀਆਂ ਨੂੰ ਹਾਕੀ ਦੇ ਗੁਰ ਦੱਸਦੇ ਸਨ, ਉਸ ਵੇਲੇ ਉਹ ਕਾਲਜ ਦੇ ਐਮਪਲੋਈ ਨਹੀਂ ਸਨ।  ਓਹਨਾਂ ਦੀ ਹਾਕੀ ਪ੍ਰਤੀ ਇਸ ਸਮਰਪਣ ਦੀ ਭਾਵਨਾ ਨੂੰ  ਦੇਖਦੇ ਹੋਏ ਮੌਕੇ ਦੇ ਕਾਲਜ ਪ੍ਰਬੰਧਕਾਂ ਨੇ ਓਹਨਾ ਨੂੰ ਡੀ.ਪੀ.ਈ ਦੀ ਪੋਸਟ ਆਫ਼ਰ ਕੀਤੀ। ਆਪ ਜੀ ਨੇ ਸੁਧਾਰ ਕਾਲਜ ਦੇ ਪਹਿਲੇ ਡੀ.ਪੀ.ਈ ਵਜੋਂ 1953 ਤੋਂ 1977 ਤੱਕ  ਆਪਣੀਆਂ ਸੇਵਾਵਾਂ ਨਿਭਾਈਆਂ l ਆਪ ਜੀ ਨੇ ਸੁਧਾਰ ਕਾਲਜ ਵਿੱਚ ਬਤੌਰ ਡੀ.ਪੀ.ਈ ਕੰਮ ਕਰਨ ਲਈ ਮੁੱਢਲੀ ਯੋਗਤਾ 1953 ਵਿੱਚ ਯੰਗ ਮੈਨ ਕ੍ਰਿਸਚਨ ਕਾਲਜ ਮਦਰਾਸ (ਮੌਜੂਦਾ ਚੇੱਨਈ) ਤੋਂ ਡੀ.ਪੀ.ਐਡ ਦੀ ਡਿਗਰੀ ਕਰਕੇ ਹਾਸਿਲ ਕੀਤੀ l ਲੈਫਟੀਨੈਂਟ ਕਰਨਲ ਜਸਵੰਤ ਸਿੰਘ ਹੋਰਾਂ ਮੁਤਾਬਿਕ ਉਹ ਸ: ਸਰਦਾਰਾ ਸਿੰਘ ਸਿੱਧੂ ਨੂੰ ਬਤੌਰ ਸੀਨੀਅਰ ਅਤੇ ਤਜ਼ਰਬੇਕਾਰ ਖਿਡਾਰੀ ਦੇ ਰੂਪ ਵਿੱਚ ਵੇਖਿਆ ਕਰਦੇ ਸਨ ਅਤੇ ਓਹਨਾ ਤੋਂ ਵੀ ਆਪ ਜੀ ਨੇ ਹਾਕੀ ਦੇ ਕਈ ਮੁੱਢਲੇ ਗੁਰ ਹਾਸਿਲ ਕੀਤੇ।

ਲੈਫਟੀਨੈਂਟ ਕਰਨਲ ਜਸਵੰਤ ਸਿੰਘ ਨੇ ਆਪਣੀ ਇਫਤਦਾਈ ਤਾਲੀਮ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ (ਜੋ ਅੱਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਬਦੀਲ ਹੋ ਗਿਆ ਹੈ) ਤੋਂ ਮੁਕੰਮਲ ਕੀਤੀ। 1947 ਵਿੱਚ ਆਪਜੀ ਨੇ ਮੈਟ੍ਰਿਕ ਕਰਨ ਉਪਰੰਤ 1948 ਵਿੱਚ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸਧਾਰ ਵਿਖੇ ਦਾਖਲਾ ਲਿਆ ਅਤੇ ਕਾਲਜ ਹਾਕੀ ਟੀਮ ਦਾ ਮੁੱਢ ਬਝਿਆ। ਕਾਲਜ ਪੜਦੇ ਹੋਏ ਆਪ ਜੀ ਨੇ ਦੋ ਸੈਸ਼ਨ ਕਾਲਜ ਹਾਕੀ ਟੀਮ ਦੀ ਵਾਗਡੋਰ ਸੰਭਾਲੀ।

ਪਿਤਾ ਪਰ ਪੂਤ ਨਸਲ ਪਰ ਘੋੜਾ ……!

ਸ਼ਰੀਰਿਕ ਸਿੱਖਿਆ ਦੇ ਇਕ ਸਿਧਾਂਤ ਅਨੁਸਾਰ ਇਹ ਗੱਲ ਸਪਸ਼ਟ ਹੈ ਕੇ ਮਨੁੱਖੀ ਸਖਸ਼ੀਅਤ ਤੇ ਜੱਦ ਅਤੇ ਵਾਤਾਵਰਨ ਦਾ ਸਿੱਧਾ ਪ੍ਰਭਾਵ ਪੈਂਦਾ ਹੈ, ਆਪਜੀ ਦੇ ਪਿਤਾ ਜੀ ਅਤੇ ਦਾਦਾ ਜੀ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁਕੇ ਸਨ ਇਹਨਾਂ ਕਾਰਨਾਂ ਕਰਕੇ ਘਰ ਦੇ ਮਾਹੌਲ ਅਤੇ ਆਪਣੇ ਅੰਦਰੂਨੀ ਦੇਸ਼ ਪ੍ਰੇਮ ਦੇ ਜਜ਼ਬੇ ਤੋਂ ਪ੍ਰਭਾਵਿਤ ਹੋਕੇ ਓਹਨਾ ਨੇ 1949 ਇੰਡੀਅਨ ਆਰਮੀ ਜੋਆਇਨ ਕਰਨ ਦਾ ਫੈਸਲਾ ਲਿਆI ਦੂਸਰਾ ਓਹਨਾ ਸਮਿਆਂ ਵਿੱਚ ਖਿਡਾਰੀਆਂ ਦੀ ਪ੍ਰੋਫੈਸ਼ਨਲ ਗਰੋਥ ਲਈ ਵੀ ਕੇਵਲ ਇੰਡੀਅਨ ਆਰਮੀ ਹੀ ਇਕਮਾਤਰ ਪਲੈਟਫਾਰਮ ਹੁੰਦਾ ਸੀ।

ਖ਼ੁਦੀ ਕੋ ਕਰ ਬੁਲੰਦ ਇਤਨਾ ….!

ਆਰਮੀ ਵਿੱਚ ਰਹਿੰਦੇ ਆਪ ਜੀ ਨੇ ਯੂਨਿਟ ਅਤੇ ਫੇਰ ਕਮਾਂਡ ਲੈਵਲ ਦੇ ਹਾਕੀ ਟੂਰਨਾਮੈਂਟ ਵਿੱਚ ਆਪਣੀ ਹਾਕੀ ਕਲਾ ਦੇ ਜੌਹਰ ਵਿਖਾਏ। ਫੌਜ ਵਿੱਚ ਖੇਡਦਿਆਂ ਇਕ ਮੁਕਾਬਲੇ ਦੌਰਾਨ ਆਪ ਜੀ ਦੀ ਮੁਲਾਕਾਤ ਹਾਕੀ ਦੇ ਜਾਦੂਗਰ ਧਿਆਨਚੰਦ ਹੁਰਾਂ ਨਾਲ ਹੋਈ ਮੇਜਰ ਧਿਆਨ ਧਿਆਨਚੰਦ ਉਸ ਵੇਲੇ ਆਪਣੀ ਉਮਰ ਦੇ ਚੌਥੇ ਦਹਾਕੇ ਵਿੱਚ ਪ੍ਰਵੇਸ਼ ਕਰ ਚੁਕੇ ਸਨ ਪਰ ਓਹਨਾ ਦੀ ਹਾਕੀ ਕੁਸ਼ਲਤਾ ਦਾ ਹਾਲੇ ਵੀ ਕੋਈ ਸਾਨੀ ਨਹੀਂ ਸੀ। ਸ: ਜਸਵੰਤ ਸਿੰਘ ਕਾਫੀ ਸਮਾਂ ਮੇਜਰ ਧਿਆਨ ਚੰਦ ਨਾਲ ਖੇਡੇ ਅਤੇ ਓਹਨਾ ਤੋਂ ਹਾਕੀ ਦੀਆਂ ਬਾਰੀਕੀਆਂ ਨੂੰ ਸਮਝਿਆ।

ਕਹਿੰਦੇ ਹਨ ਕਿ ਆਪ ਜੀ ਦੀ ਹਿਟਿੰਗ ਕੈਪੇਸਿਟੀ ਦਾ ਕੁਲ ਹਿੰਦ ਵਿੱਚ ਕੋਈ ਤੋੜ ਨਹੀਂ ਸੀ l ਬਹੁਤ ਜਲਦ ਸੰਨ 1955 ਆਪ ਜੀ ਨੂੰ ਪਹਿਲੀ ਵਾਰ ਸਰਵਿਸਜ਼ ਹਾਕੀ ਟੀਮ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਉਪਰੰਤ ਆਪ ਜੀ ਨੇ ਸਰਵਿਸਜ਼ ਦੀ ਟੀਮ ਵਲੋਂ ਖੇਡਦਿਆਂ ਕਈ ਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਆਪਣੀ ਖੇਡ ਦਾ ਲੋਹਾ ਮਨਵਾਇਆ।

ਸੰਨ 1959 ਵਿੱਚ ਆਪ ਜੀ ਦੀ ਅਦੁੱਤੀ ਹਾਕੀ ਕਲਾ, ਉੱਚੀ ਲੰਬੀ ਕਦ ਕਾਠੀ ਅਤੇ ਸਡੌਲ ਸ਼ਰੀਰ ਦੇ ਫਲਸਰੂਪ ਬਹੁਤ ਹੀ ਜਲਦ ਆਪ ਜੀ ਨੇ ਸਰਵ ਭਾਰਤੀ ਹਾਕੀ ਟੀਮ ਵਿੱਚ ਆਪਣੀ ਜਗ੍ਹਾ ਬਣਾ ਲਈ। ਇਹ ਉਹ ਸਮਾਂ ਜਿਸ ਵੇਲੇ ਭਾਰਤੀ ਹਾਕੀ ਟੀਮ ਵਿੱਚ ਦੋਆਬੇ ਦੇ ਸਰਦਾਰਾਂ ਦਾ ਕਬਜ਼ਾ ਹੋਇਆ ਕਰਦਾ ਸੀ। ਜਲੰਧਰ ਲਾਗਲੇ ਸੰਸਾਰਪੁਰ ਪਿੰਡ ਵਿਚੋਂ ਹੀ ਪੂਰੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਨਿਕਲ ਆਇਆ ਕਰਦੇ ਸਨ l ਇਹਨਾਂ ਚੁਣੌਤੀਆਂ ਨੂੰ ਦਰਕਿਨਾਰ ਕਰਦੇ ਹੋਏ ਮਾਲਵੇ ਦੇ ਇਸ ਸ਼ੇਰ ਨੇ ਭਾਰਤੀ ਹਾਕੀ ਟੀਮ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ l 1960 ਦੀ ਰੋਮ ਓਲਿੰਪਿਕ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦਾ ਇਕ ਵਫ਼ਦ ਯੂਰਪੀਅਨ ਟੂਰ ਲਈ ਭੇਜਿਆ ਗਿਆ ਜਿਸ ਦੇ ਸ. ਜਸਵੰਤ ਸਿੰਘ ਹੁਰੀਂ ਮੈਂਬਰ ਸਨ l ਇਸ ਵਫ਼ਦ ਵਿਚੋਂ ਹੀ ਅਗਾਮੀ ਓਲਿੰਪਿਕ ਟੀਮ  ਦੀ ਚੋਣ ਹੋਣੀ ਸੀ, ਇਸ ਟੂਰ ਦਾ ਮੁਖ ਮੰਤਵ ਭਾਰਤੀ ਹਾਕੀ ਟੀਮ ਨੂੰ ਨਵੀਨਤਮ ਖੇਡ ਤਕਨੀਕਾਂ ਤੋਂ ਜਾਣੂ ਕਰਵਾਉਣਾ ਸੀ ਤਾਂਕਿ ਓਹਨਾ ਦੀ ਖੇਡ ਵਿੱਚ ਹੋਰ ਪ੍ਰਪੱਕਤਾ ਆ ਸਕੇ l ਇਸ ਅੰਤਰ ਰਾਸ਼ਟਰੀ ਏਕ੍ਸਪੋਸ਼ਰ ਨੇ ਜਸਵੰਤ ਸਿੰਘ ਹੋਰਾਂ ਦੀ ਖੇਡ ਵਿੱਚ ਹੋਰ ਨਿਖਾਰ ਲਿਆਂਦਾ।

ਰੋਮ ਓਲੰਪਿਕਸ 1960 ….!

ਆਖ਼ਿਰੀ 1960 ਵਿੱਚ ਉਹ ਮੁਬਾਰਕ ਘੜੀ ਆ ਗਈ ਜਿਸ ਦਾ ਸੁਪਨਾ ਦੁਨੀਆਂ ਦਾ ਹਰ ਇਕ ਖਿਡਾਰੀ ਦੇਖਦਾ ਹੈ l ਰੋਮ ਓਲਿੰਪਿਕ ਲਈ ਚੁਣੀ ਗਈ ਭਾਰਤੀ ਹਾਕੀ ਟੀਮ ਦੇ ਵਿੱਚ ਸ. ਜਸਵੰਤ ਸਿੰਘ ਦੀ ਚੋਣ ਬਿਨ੍ਹਾਂ ਕਿਸੇ ਕਿੰਤੂ-ਪਰੰਤੂ ਤੋਂ ਕਰ ਲਈ ਗਈ l ਆਪ ਜੀ ਸਰਵਿਸਜ਼ ਵਲੋਂ ਲੈਫਟ ਆਊਟ ਦੀ ਪੋਸ਼ਿਸ਼ਨ ਤੇ ਖੇਡਿਆ ਕਰਦੇ ਸਨ, ਪਰ ਓਹਨਾ ਦੇ ਖੇਡਣ ਦੀ ਅਟੈਕਿੰਗ ਸ਼ੈਲੀ ਅਤੇ ਵਿਲੱਖਣ ਖੇਡ ਪ੍ਰਤਿਭਾ ਨੂੰ ਦੇਖਦੇ ਹੋਏ ਭਾਰਤੀ ਹਾਕੀ ਟੀਮ ਦੇ ਕੋਚ, ਮੈਨਜਮੈਂਟ ਅਤੇ ਉਸ ਵੇਲੇ ਦੀ ਭਾਰਤੀ ਹਾਕੀ ਟੀਮ ਦੇ ਕਪਤਾਨ ਵਾਲਟਰ ਕਲੌਡਿਅਸ ਨੇ ਇਹਨਾਂ ਨੂੰ ਸੈਂਟਰ ਫਾਰਵਰ੍ਡ ਦੀ ਪੋਸ਼ਿਸ਼ਨ ਤੇ ਖੇਡਣ ਲਈ ਪ੍ਰੇਰਿਆ ਅਤੇ ਆਪ ਜੀ ਤੇ ਆਪਣਾ ਭਰੋਸਾ ਜਤਾਇਆ।

ਆਪ ਜੀ ਨੇ ਇਸ ਓਲਿੰਪਿਕ ਵਿੱਚ ਖੇਡਦਿਆਂ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ। ਆਪ ਜੀ ਨੇ ਇਸ ਟੂਰਨਾਮੈਂਟ ਵਿੱਚ ਵਿਰੋਧੀਆਂ ਵਿਰੁੱਧ ਕੁਲ 4 ਗੋਲ਼ ਦਾਗੇ ਅਤੇ ਆਪਣੀ ਟੀਮ ਦਾ ਫਾਈਨਲ ਤੱਕ ਦਾ ਰਾਹ ਪੱਧਰਾ ਕੀਤਾ l ਇਹਨਾਂ ਨੇ ਡੈਨਮਾਰਕ ਖਿਲਾਫ-2 , ਹੌਲੈਂਡ ਖਿਲਾਫ-1, ਅਤੇ ਨਿਊਜ਼ੀਲੈਂਡ ਖਿਲਾਫ ਵੀ ਇੱਕ ਗੋਲ਼ ਦਾਗਿਆ। ਪਾਕਿਸਤਾਨ ਖਿਲਾਫ਼ ਫਾਈਨਲ ਦੇ ਗਹਿਗੱਚ ਮੁਕਾਬਲੇ ਵਿੱਚ ਭਾਰਤੀ ਟੀਮ ਨੇ 0-1 ਨਾਲ ਹਾਰਦੇ ਹੋਏ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ।

ਰੋਮ ਓਲਿੰਪਿਕ ਤੋਂ ਮੁੜਨ ਉਪਰੰਤ ਆਪ ਜੀ ਨੂੰ ਸੀਲੋਨ (ਮੌਜੂਦਾ ਸ੍ਰੀਲੰਕਾ) ਵਿਖੇ ਇਕ ਵਾਰ ਫੇਰ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਿਆ। ਸੰਨ 1962 ਦੇ ਚੀਨ ਯੁੱਧ ਤੋਂ ਕੁਝ ਸਮਾਂ ਪਹਿਲਾਂ ਆਪ ਜੀ ਅਖ਼ੀਰ ਵਾਰ ਸਰਵਿਸਜ਼ ਦੀ ਟੀਮ ਵਲੋਂ ਖੇਡੇ l ਚੀਨ ਯੁੱਧ ਵੇਲੇ ਆਪ ਜੀ ਨੇ ਆਪਣੇ ਸੈਨਿਕ ਧਰਮ ਦੀ ਪਾਲਣਾ ਕਰਨ ਲਈ ਆਪਣੇ ਗੌਰਵਮਈ ਖੇਡ ਜੀਵਨ ਦਾ ਤਿਆਗ ਕਰ ਦਿੱਤਾ, ਭਾਰਤੀ ਫੌਜ ਵਿੱਚ ਤਨਦੇਹੀ ਨਾਲ ਆਪਣਾ ਕਾਰਜਕਾਲ ਪੂਰਾ ਕਰਦਿਆਂ ਆਪ ਜੀ ਸੰਨ 1987 ਵਿੱਚ ਲੈਫਟੀਨੈਂਟ ਕਰਨਲ ਦੇ ਅਹੁਦੇ ਸੇਵਾ ਮੁਕਤ ਹੋਏ l ਆਪ ਜੀ ਇਸ ਵੇਲੇ ਸੁਧਾਰ ਪਿੰਡ ਆਪਣੇ ਗ੍ਰਹਿ ਵਿਖੇ ਆਪਣੀ ਰੀਟਾਇਰ ਜਿੰਦਗੀ ਦਾ ਆਨੰਦ ਮਾਣ ਰਹੇ ਹਨ।

ਆਪ ਜੀ ਵਲੋਂ ਸੁਧਾਰ ਕਾਲਜ ਦੀ ਜ਼ਰਖੇਜ਼ ਧਰਤੀ ਤੇ 1948  ਵਿੱਚ ਲਾਇਆ ਖਿਦੋ ਖੂੰਡੀ ਦਾ ਬੂਟਾ ਅੱਜ ਪੂਰੀ ਦੁਨੀਆਂ ਵਿੱਚ ਮਾਡਰਨ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਆਪ ਜੀ ਦੇ ਨਕਸ਼ੇ ਕਦਮਾਂ ਦਾ ਅਨੁਸਰਨ ਕਰਦਿਆਂ ਕਾਲਜ ਨੇ ਹਿੰਦੋਸਤਾਨ ਨੂੰ ਤਿੰਨ ਹੋਰ ਓਲੰਪੀਅਨ ਦਿੱਤੇ ਹਨ ਅਤੇ ਅਨੇਕਾਂ ਹੀ ਰਾਸ਼ਟਰੀ ਅਤੇp ਅੰਤਰਾਸ਼ਟੀ ਪੱਧਰ ਦੇ ਖਿਡਾਰੀ ਕਾਲਜ ਦਾ ਨਾਮ ਦੇਸ਼ ਅਤੇ ਵਿਦੇਸ਼ਾਂ ਵਿੱਚ ਚਮਕਾ ਰਹੇ ਹਨ। ਸੰਨ 2008 ਵਿੱਚ ਕਾਲਜ ਗਵਰਨਿੰਗ ਕਾਉਂਸਿਲ ਵਲੋਂ ਕਾਲਜ ਕੈੰਪਸ ਵ ਹਾਕੀ ਐਸਟਰੋ ਟਰਫ ਦਾ ਨਿਰਮਾਣ ਵੀ ਕੀਤਾ ਜਾ ਚੁਕਿਆ ਹੈ।

ਆਪ ਜੀ ਦੀ ਹਾਕੀ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਕਾਲਜ ਗਵਰਨਿੰਗ ਕਾਉਂਸਿਲ ਵਲੋਂ, 15 ਅਪ੍ਰੈਲ 2018 ਨੂੰ ਗੁਰੂ ਹਰਗੋਬਿੰਦ ਖਾਲਸਾ ਕਾਲਜਿਜ਼ ਦੀ ਸਲਾਨਾ ਕੌਨਵੋਕੇਸ਼ਨ ਮੌਕੇ, ਆਪ ਜੀ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਨਿਵਾਜਿਆ ਗਿਆ ਹੈ।

ਆਪ ਜੀ 91 ਸਾਲ ਦੀ ਖੁਸ਼ਹਾਲ ਜਿੰਦਗੀ ਨੂੰ ਭੋਗਣ ਤੋਂ ਬਾਅਦ 14 ਜਨਵਰੀ 2022 ਨੂੰ ਸਾਨੂੰ ਸਦਾ ਲਈ ਅਲਵਿਦਾ ਆਖ ਗੁਰੂ ਚਰਨਾਂ ਵਿੱਚ ਜਾ ਨਿਵਾਜੇ ਹਨ। ਗੁਰੂ ਹਰਿਗੋਬਿੰਦ ਸੰਸਥਾਵਾਂ ਆਪਜੀ ਦੀ ਆਤਮਿਕ ਸ਼ਾਂਤੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਦੀਆਂ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin