Articles

ਸਿੱਖ ਪੰਥ ਦਾ ਪਤਨ !

ਲੇਖਕ: ਹਰਬੰਸ ਸਿੰਘ ਸੰਧੂ, ਰਿਟਾ. ਡੀ. ਪੀ. ਆਈ ਪੰਜਾਬ, ਮੈਲਬੌਰਨ

ਪੰਜਾਬੀ ਸੂਬੇ ਦਾ ਮੋਰਚਾ 1955 ਤੋ 1961 ਤੱਕ ਚਲਦਾ ਰਿਹਾ। ਉਸ ਸਮੇ ਮੇਰੀ ਉਮਰ ਪੰਜ ਕੂ ਸਾਲ ਹੋਵੇਗੀ ਜਦੋ ਮੈ ਆਪਣੇ ਪਿੰਡ ਜਗਾ ਰਾਮ ਤੀਰਥ ਦੇ ਇਤਹਾਸਕ  ਪਿਛੋਕੜ ਵਾਲੇ ਗੁਰਦੁਆਰਾ ਥੰਮ ਸਾਹਿਬ ਤੋ ਬਠਿੰਡੇ ਜੇਲ੍ਹ ਲਈ ਬੱਸ ਤੇ ਜੰਞ ਚੜਦੀ ਵੇਖੀ। ਸਭ ਤੋ ਵੱਡੀ ਉਮਰ ਦੇ ਬਾਬਾ ਮੇਘ ਸਿੰਘ ਨੂੰ ਸੇਹਰੇ ਸਜਾ ਮੋਤ ਨੂੰ ਵਿਆਉਣ ਜਾਣ ਵਾਲੀ ਬਰਾਤ ਦਾ ਲੀਡਰ  ਚੁਣਿਆ ਗਿਆ। ਚੀਨ ਦੀ ਜੰਗ ਸ਼ੁਰੂ ਹੋਣ ‘ਤੇ ਮੋਰਚਾ ਖਤਮ ਹੋ ਗਿਆ। ਪਿਤਾ ਜੀ ਇਸ ਮੋਰਚੇ ਵਿੱਚ ਤਿੰਨ ਮਹੀਨੇ ਬਠਿੰਡਾ ਜੇਲ੍ਹ ਵਿੱਚ ਰਹੇ। 1960 ਵਿੱਚ ਮਾਤਾ ਜੀ ਦੀ ਅਚਾਨਕ ਮੌਤ ਹੋ ਗਈ। ਬੱਚਿਆ ਸਮੇਤ ਸਾਰੇ ਪ੍ਰਵਾਰ ਦੀ ਜਿੰਮੇਵਾਰੀ ਪਿਤਾ ਜੀ ਦੀ ਸੀ। ਖੇਤੀਬਾੜੀ ਦੀ ਸਾਰੀ ਜਿ਼ੰਮੇਵਾਰੀ ਵੀ ਪਿਤਾ ਜੀ ਦੀ ਸੀ। ਪੰਥ ਖਤਰੇ ਵਿੱਚ ਹੋਣ ਦੀ ਜਿੰਮੇਵਾਰੀ, ਪਿਤਾ ਜੀ ਨੂੰ ਘਰੇਲੂ ਜਿੰਮੇਵਾਰੀਆਂ ਤੋ ਵੱਡੀ ਜਾਪਦੀ ਸੀ। ਅੰਮ੍ਰਿਤਧਾਰੀ  ਹੋਣ ਕਾਰਨ ਪਿਤਾ ਜੀ ਦਾ ਜੇਲ੍ਹ ਵਿੱਚ ਵੀ ਵੱਖਰਾ ਦਸਤੂਰ ਸੀ। ਹੋਰ ਦੋ ਅੰਮ੍ਰਿਤਧਾਰੀ ਸਿੰਘਾ ਨਾਲ ਰਲ ਕੇ ਪਿਤਾ ਜੀ ਨੇ ਜੇਲ੍ਹ ਦਾ ਖਾਣਾ ਖਾਣ ਤੋ ਇਨਕਾਰ ਕਰ ਦਿੱਤਾ। ਕੱਚਾ ਰਾਸ਼ਨ ਦੇਣ ਅਤੇ ਖਾਣਾ ਆਪ ਬਣਾਉਣ ਦੀ ਮੰਗ ਕੀਤੀ। ਦੋ ਦਿਨ ਭੁਖ ਹੜਤਾਲ ਚੱਲੀ। ਆਖੀਰ ਜੇਲ੍ਹ ਅਧਿਕਾਰੀਆ ਮੰਗ ਮੰਨ ਲਈ। ਮੁਲਾਕਾਤੀ ਰਾਸ਼ਨ ਦੇ ਢੇਰ ਲੱਗਾ ਦਿੰਦੇ। ਖੁੱਲ੍ਹਾ ਲੰਗਰ ਚਲਦਾ ਰਿਹਾ। ਕੈਦੀ ਖੁਸ਼ ਅਤੇ ਸੇਵਾਦਾਰ ਵੀ ਖੁਸ਼। ਗੁਰਦੂਆਰਾ ਥੰਮ ਸਾਹਿਬ ਦੇ ਇਤਹਾਸਕ ਪਿਛੋਕੜ ਗੁਰੂ ਅਰਜਨ ਦੇਵ ਜੀ ਦੇ ਪਿਛਲੇ ਪਿੰਡ ਜੰਬਰ ਕਲਾਂ ਜਿਲਾ ਲਾਹੋਰ ਦੀ ਆਮਦ ਨਾਲ ਜੁੜਿਆ ਹੋਇਆ ਹੈ। ਗੁਰੂ ਸਾਹਿਬ ਨੇ ਸਿੱਖ ਦਾ ਪ੍ਰਚਾਰ ਕਰਦੇ ਨਗਰ ਨੂੰ ਸਿੱਖੀ ਦਾ ਵਰਦਾਨ ਦਿੱਤਾ ਸੀ। ਵੰਡ ਤੋ ਬਾਅਦ ਨਵੇ ਪਿੰਡ ਵਿੱਚ ਆਪਣੇ ਘਰ ਬਣਾਉਣ ਦੇ ਨਾਲ ਹੀ ਪਿਛਲੇ ਪਿੰਡ ਦੇ ਗੁਰਦੂਆਰਾ ਸਾਹਿਬ ਦੇ ਨਾਮ ‘ਤੇ ਹੀ ਗੁਰੂ ਘਰ ਉਸਾਰ ਲਿਆ।

1982 ਵਿੱਚ ਧਰਮ ਯੁੱਧ ਮੋਰਚੇ ਸਮੇ ਵੀ ਪ੍ਰਵਾਰ ਦੀਆਂ ਸਾਰੀਆ ਜਿਮੈਵਾਰੀਆਂ ਪਿਤਾ ਜੀ ਹੀ ਚਲਾ ਰਹੇ ਸਨ। ਪ੍ਰਵਾਰ ਨੂੰ ਉਹਨਾ ਦੇ ਜੇਲ੍ਹ ਜਾਣ ਦਾ ਪਤਾ ਉਸ ਸਮੇ ਲੱਗਾ ਜਦੋ ਹਲਕੇ ਦੇ ਮੌਜੂਦਾ ਐੱਮ ਐਲ ਏ ਸ੍ਰੀਮਤੀ ਬਲਜਿੰਦਰ ਕੌਰ ਦੇ ਦਾਦਾ ਜੀ ਆਪਣੇ ਲੜਕੇ ਦਰਸ਼ਨ ਸ਼ਿੰਘ ਨੂੰ ਨਾਲ ਲੈ ਕੇ ਆਏ ਅਤੇ ਪਿਤਾ ਜੀ ਨੂੰ ਕਹਿਣ ਲੱਗੇ, ਤੁਸੀ ਜੇਲ੍ਹ ਜਾ ਰਹੇ ਹੋ, ਇਹ ਮੁੰਡਾ ਵੀ ਜੇਲ੍ਹ ਜਾਣ ਦੀ ਜਿਦ ਕਰਦਾ ਹੈ, ਅਜੇ ਬੱਚਾ ਹੈ, ਇਸ ਦਾ ਖਿਆਲ ਰੱਖਣਾ। ਪਿਤਾ ਜੀ ਆਪਣੇ ਜਥੇ ਸਮੇਤ ਦੋ ਮਹੀਨੇ ਲੱਡਾ ਕੋਠੀ ਸੰਗਰੂਰ ਜੇਲ੍ਹ ਵਿੱਚ ਰਹੇ। ਇਸ ਜੇਲ੍ਹ ਵਿੱਚ ਵੀ ਦਸਤੂਰ ਬਠਿੰਡਾ ਜੇਲ੍ਹ ਵਾਲਾ ਹੀ ਰਿਹਾ।
ਪੰਥ ਲਈ ਜੇਲ੍ਹ ਕੱਟਣ ਵਾਲਿਆ ਵਿੱਚੋ ਪਿੰਡ ਵਿੱਚ ਹੁਣ ਕੋਈ ਬੁਜਰਗ ਨਹੀ ਰਿਹਾ। ਹੁਣ ਤੱਕ ਇਹਨਾ ਬੁਜਰਗਾ ਦੇ ਮਨ ਵਿੱਚੋ ਪੰਥ ਖਤਰੇ ਵਾਲੀ ਗੱਲ ਉਹਨਾ ਦੇ ਮਨ ਵਿਚੋਂ ਨਿਕਲ ਚੁੱਕੀ ਸੀ। ਉਹ ਮੌਜੂਦਾ ਲੀਡਰਸ਼ਿਪ ਨੂੰ ਸੁਆਰਥੀ ਲੋਕਾਂ ਦਾ ਟੋਲਾ ਸਮਝਣ ਲੱਗੇ ਸਨ। ਆਖਿਰ ਦਿਨਾ ਤੱਕ ਉਹ ਅਕਾਲੀ ਲੀਡਰਸ਼ਿਪ ਤੋ ਜੇਲ੍ਹ ਕੱਟਣ ਦੇ ਸਰਟੀਫਿਕੇਟ ਮੰਗਦੇ ਰਹੇ। ਉਹਨਾ ਦੀ ਕਿਸੇ ਨਹੀ ਸੁਣੀ। ਸਾਰੇ ਬੁਜਰਗਾ ਦੀ ਸਭ ਤੋ ਵੱਡੀ ਤਾਘ ਆਪਣਾ ਪਿਛਲਾ ਪਿੰਡ ਦੇਖਣ ਦੀ ਸੀ, ਜੋ ਕਦੀ ਪੂਰੀ ਨਾ ਹੋਈ ਅਤੇ ਨਾ ਹੀ ਕਦੇ ਲੀਡਰਸ਼ਿਪ ਨੇ ਕੋਈ ਉਪਰਾਲਾ ਕੀਤਾ। ਬਾਬਾ ਨਾਨਕ ਜੀ ਦੇ ਪੰਜ ਸੋ ਸਾਲਾ ਸਮਾਗਮ ‘ਤੇ ਪਿਤਾ ਜੀ ਸਮੇਤ ਪਿੰਡ ਦੇ ਹੋਰ ਬੁਜਰਗਾ ਨੇ ਨਨਕਾਣਾ ਸਾਹਿਬ  ਜਾਣ ਦਾ ਉਪਰਾਲਾ ਕੀਤਾ। ਆਉਦੇ ਉਹ ਆਪਣੇ ਨਾਲ ਪਿਛਲੇ ਪਿੰਡ ਵਾਸੀਆ ਨਾਲ ਸਾਝੀ ਫੋਟੋ ਲੈ ਆਏ। ਇਹ ਫੋਟੋ ਬੁਜਰਗਾ ਦੇ ਜੀਵਨ ਦੀ ਸਭ ਤੋ ਮਿਠੀ ਯਾਦ ਸੀ। ਮੇਰੇ ਲਈ ਵੀ ਇਹ ਫੋਟੋ ਚੜਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀ ਸਭਿਆਚਾਰਕ ਸਾਂਝ ਦੀ ਸਭ ਤੋ ਵੱਡੀ ਨਿਸ਼ਾਨੀ ਹੈ। ਪੰਜਾਬ ਦੀ ਵੰਡ ਅਤੇ ਪੰਜਾਬ ਵਿੱਚ ਹੋਏ ਕਤਲੇਆਮ ਲਈ ਵੀ ਬਹੁਤ ਹੱਦ ਤੱਕ ਅਕਾਲੀ ਲੀਡਰਸ਼ਿਪ ਵੀ ਨਜਰ ਆਉਦੀ ਹੈ। ਜੇਕਰ ਲੀਡਰਸ਼ਿਪ ਨੇ ਲੋਕਾਂ ਨੂੰ  ਯੋਗ ਅਗਵਾਈ ਦਿੱਤੀ ਹੁੰਦੀ ਤਾਂ ਘੱਟੋ-ਘੱਟ ਪੰਜਾਬ ਵਿਚ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ। ਕਾਰਪੋਰੇਟ ਦੀ ਡੂੰਘੀ ਸਾਜਿਸ਼ ਕਾਰਨ ਪੰਜਾਬ ਵੰਡਿਆ ਗਿਆ। ਵੰਡ ਦੇ ਦੁੱਖ ਨੇ ਜਨਤਾ ਨੂੰ ਅੰਨੀ ਕਰ ਦਿੱਤਾ ਅਤੇ ਉਹ ਕਤਲੇਆਮ ‘ਤੇ ਉਤਰ ਆਏ। ਬੇਅਦਬੀਆਂ, ਨਸ਼ੇ ਫਲਾੳਣ ਦੇ ਨਾਲ ਨਾਲ ਉਕਤ ਕਾਰਨ ਵੀ ਪੰਥ ਦੇ ਪਤਨ ਦੇ ਕਾਰਨ ਜਾਪਦੇ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin