Story

ਹਨੇਰੀ ਰਾਤ ਦਾ ਕਹਿਰ

ਲੇਖਕ: ਪ੍ਰਿੰਸੀਪਲ ਪ੍ਰੇਮਲਤਾ, ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀ.ਸੈਕੰ.ਸਕੂਲ ਧੂਰੀ

ਰਿਸ਼ੀ ਨੂੰ ਉਸਦੇ ਚੇਲਿਆਂ ਸੰਗ ਚੱਲਦਿਆਂ ਜੰਗਲ ਵਿੱਚ ਹੀ ਰਾਤ ਹੋ ਗਈ। ਚੱਲਦੇ-ਚੱਲਦੇ ਜੰਗਲ ਵਿੱਚ ਇੱਕ ਬਿਲਕੁਲ ਸ਼ਾਂਤ ਜਗ੍ਹਾ ਉੱਪਰ ਬਰੋਟੇ ਦੇ ਥੱਲੇ ਆਸਣ ਲਾ ਲਿਆ। ਇੱਕ ਚੇਲਾ ਰਿਸ਼ੀ ਨੂੰ ਦੱਸਣ ਲੱਗਾ,” ਸੁਣਿਆ ਹੈ, ਇਸ ਬਰੋਟੇ ਉੱਪਰ ਉੱਲੂ ਰਹਿੰਦੇ ਹਨ।” ਰਿਸ਼ੀ ਕਹਿਣ ਲੱਗੇ, “ਚਲੋ ਚੰਗਾ ਹੀ ਹੈ, ਉਹ ਵੀ ਆਪਣੀ ਗੋਸ਼ਟੀ ਸੁਣ ਲੈਣਗੇ।” ਦੂਸਰਾ ਚੇਲਾ ਪੁੱਛਣ ਲੱਗਾ, ” ਗੁਰੂ ਜੀ ਇਹ ਦੱਸੋ ਉੱਲੂ ਆਪਣੀ ਗਿਆਨ-ਗੋਸ਼ਟੀ ਕਿਵੇਂ ਸੁਣਨਗੇ ?” ਰਿਸ਼ੀ ਕਹਿਣ ਲੱਗੇ, “ਠੀਕ ਹੈ ਆਪਣੀ ਸ਼ੰਕਾ ਮਿਟਾਉਣੀ ਚਾਹੀਦੀ ਹੈ। ਉੱਲੂ ਇੱਕ ਸ਼ਾਂਤੀ ਪ੍ਰੇਮੀ ਜੀਵ ਹੈ। ਇਹ ਜੀਵ ਆਪਣੀ ਗੰਭੀਰਤਾ ਲਈ ਜਾਣਿਆ ਜਾਂਦਾ ਹੈ ਅਤੇ ਗੁਣੀ-ਗਿਆਨੀ ਮਨੁੱਖਾਂ ਵਿੱਚ ਗੰਭੀਰਤਾ ਹੋਣੀ ਲਾਜ਼ਮੀ ਹੈ। ਅਸਲ ਵਿੱਚ ਉੱਲੂ ਇੱਕ ਬੁੱਧੀਮਾਨ ਜੀਵ ਹੈ।”

ਉੱਪਰ ਬੈਠੇ ਬਹੁਤ ਸਾਰੇ ਉੱਲੂ ਇਹ ਗੱਲਾਂ ਧਿਆਨ ਨਾਲ਼ ਸੁਣ ਰਹੇ ਸਨ। ਮਾਂ ਅਤੇ ਪਿਤਾ ਉੱਲੂ ਅਤੇ ਉਨ੍ਹਾਂ ਦਾ ਬੱਚਾ ਕੁਸ਼ ਤਿੱਕੜੀ ਬਣਾ ਕੇ ਇਕੱਠੇ ਬੈਠੇ ਸਨ। ਰਿਸ਼ੀ ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਕਹਿਣ ਲੱਗੇ, “ਦੇਖੋ, ਵੈਦਿਕ ਪਰੰਪਰਾ ਵਿੱਚ ਉੱਲੂ ਨੂੰ ਕਿੰਨੀ ਉੱਚੀ ਪਦਵੀ ਹਾਸਿਲ ਹੈ। ਧਨ ਦੀ ਦੇਵੀ ਮਾਂ ਲਕਸ਼ਮੀ ਦਾ ਵਾਹਨ ਇੱਕ ਉੱਲੂ ਹੈ। ਯੁਨਾਨੀ ਸੱਭਿਅਤਾ ਵਿੱਚ ਉੱਲੂ ਨੂੰ ਬੁੱਧੀਮਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਯੁਨਾਨ ਦੀ ਬੁੱਧੀਮਤਾ ਦੀ ਦੇਵੀ ਏਥਿਨਾ ਨੇ ਉੱਲੂ ਦੀ ਗੰਭੀਰਤਾ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਆਪਣਾ ਪ੍ਰਤੀਕ ਬਣਾਇਆ। ਯੁਨਾਨ ਦੀ ਸੈਨਾ ਵਿੱਚ ਉੱਲੂ ਨੂੰ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।”

ਇੱਕ ਹੋਰ ਚੇਲੇ ਨੇ ਗੁਰੂ ਜੀ ਤੋਂ ਪੁੱਛਿਆ, “ਗੁਰੂ ਜੀ ਮਾਂ ਲਕਸ਼ਮੀ ਦਾ ਵਾਹਨ ਹੋਣਾ ਤਾਂ ਉੱਲੂ ਲਈ ਇੱਕ ਸ਼ਰਾਪ ਬਣ ਗਿਆ ਹੈ। ਭਾਰਤ ਵਿੱਚ ਕਈ ਅਗਿਆਨੀ ਲੋਕ ਦਿਵਾਲੀ ਵਾਲੀ ਰਾਤ ਉੱਲੂ ਨੂੰ ਘਰ ਲੈ ਕੇ ਆਉਂਦੇ ਹਨ, ਉਹ ਸੋਚਦੇ ਹਨ, ਮਾਂ ਲਕਸ਼ਮੀ ਵੀ ਇਸਦੇ ਨਾਲ਼ ਹੀ ਆਈ ਹੈ, ਫੇਰ ਰਾਤ ਨੂੰ ਉਹ ਉੱਲੂ ਦੀ ਬਲੀ ਦੇ ਦਿੰਦੇ ਹਨ ਤਾਂ ਕਿ ਮਾਂ-ਲਕਸ਼ਮੀ ਕਿਤੇ ਹੋਰ ਨਾ ਜਾ ਸਕੇ। ਖੁਸ਼ੀਆਂ ਅਤੇ ਚਾਨਣ ਭਰਿਆ ਤਿਉਹਾਰ ਦਿਵਾਲੀ ਇਨ੍ਹਾਂ ਅਗਿਆਨੀ ਲੋਕਾਂ ਦੇ ਕਾਰਨ ਉੱਲੂਆਂ ਲਈ ਇੱਕ ਜਾਲਿਮ ਦਿਨ ਸਾਬਤ ਹੁੰਦਾ ਆ ਰਿਹਾ ਹੈ।” ਇਹ ਗੱਲਾਂ ਸੁਣ ਕੇ ਦਰਖ਼ੱਤ ਉੱਪਰ ਬੈਠੇ ਉੱਲੂਆਂ ਨੇ ਆਪਣੀ ਸੰਪੂਰਨ ਸੁਰਤੀ ਗੋਸ਼ਟੀ ਉੱਪਰ ਕੇਂਦਰਤ ਕਰ ਲਈ।

ਇੱਕ ਹੋਰ ਚੇਲੇ ਨੇ ਆਪਣੀ ਗੱਲ ਕਹਿਣ ਲਈ ਗੁਰੂ ਜੀ ਤੋਂ ਆਗਿਆ ਮੰਗੀ। ਕਹਿਣ ਲੱਗਾ,” ਇੱਕ ਪ੍ਰਚਲਿਤ ਕਹਾਣੀ ਤੋਂ ਪ੍ਰਤੀਤ ਹੁੰਦਾ ਹੈ ਕਿ ਉੱਲੂ ਨੂੰ ਉਜਾੜ ਪਸੰਦ ਹੈ। ਇੱਕ ਰਾਜਾ ਸਾਰਾ ਸਾਲ ਗੁਆਂਢੀ ਦੇਸ਼ ਨਾਲ਼ ਯੁੱਧ ਲਗਾਈ ਰੱਖਦਾ ਹੈ, ਕਿਸੇ ਵੀ ਵਜੀਰ ਦੀ ਰਾਜੇ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਹੁੰਦੀ। ਇੱਕ ਦਿਨ ਰਾਜਾ ਅਤੇ ਵਜੀਰ ਯੁੱਧ ਲੜ ਕੇ ਵਾਪਸ ਆ ਰਹੇ ਸਨ। ਜੰਗਲ ਵਿੱਚ ਇੱਕ ਦਰੱਖਤ ਉੱਪਰ ਉੱਲੂਆਂ ਦਾ ਇੱਕ ਜੌੜਾ ਬੈਠਾ ਸੀ, ਰਾਜੇ ਨੇ ਮਨ ਪ੍ਰਚਾਉਣ ਲਈ ਵਜੀਰ ਨੂੰ ਕਿਹਾ, “ਸੁਣਿਆ ਹੈ ਤੂੰ ਪੰਛੀਆਂ ਦੀਆਂ ਆਵਾਜ਼ਾਂ ਸਮਝ ਲੈਂਦਾ ਹੈ।” ਵਜੀਰ ਨੇ ਕਿਹਾ, “ਤੁਸੀਂ ਬਿਲਕੁਲ ਸੱਚ ਕਿਹਾ ਹੈ ਜੀ।” ਰਾਜਾ ਕਹਿਣ ਲੱਗਾ, “ਅੱਛਾ ਐਂ ਦੱਸ ਉਹ ਦੋ ਉੱਲੂ ਕੀ ਗੱਲਾਂ ਕਰ ਰਹੇ ਹਨ?” ਵਜੀਰ ਆਪਣੇ ਘੌੜੇ ਨੂੰ ਦਰੱਖਤ ਦੇ ਕੋਲ ਲੈ ਗਿਆ, ਕੁਝ ਸਮੇਂ ਬਾਅਦ ਰਾਜੇ ਕੋਲ ਆ ਕੇ ਦੱਸਣ ਲੱਗਾ, ” ਰਾਜਾ ਸਾਹਿਬ ਇਹ ਦੋਵੇਂ ਉੱਲੂ ਸਬੰਧੀ ਬਣਨ ਜਾ ਰਹੇ ਹਨ। ਮੁੰਡੇ ਦਾ ਬਾਪ ਉੱਲੂ ਕਹਿ ਰਿਹਾ ਸੀ, “ਮੈਂ ਉੱਜੜੇ ਹੋਏ ਪੰਜਾਹ ਪਿੰਡ ਦਹੇਜ ਵਿੱਚ ਲਵਾਂਗਾ।” ਰਾਜਾ ਟੋਕਦਾ ਹੋਇਆ ਬੋਲਿਆ, “ਫਿਰ ਕੁੜੀ ਦੇ ਬਾਪ ਨੇ ਕੀ ਉੱਤਰ ਦਿੱਤਾ? ” ਰਾਜਾ ਸਾਹਿਬ ਕੁੜੀ ਦਾ ਬਾਪ, ਕਹਿ ਰਿਹਾ ਸੀ, ਜਨਾਬ ਮੈਂ ਤਾਂ ਆਪਣੀ ਕੁੜੀ ਦੇ ਦਹੇਜ ਵਿੱਚ ਪੰਜ ਸੌ ਉੱਜੜੇ ਹੋਏ ਪਿੰਡ ਦੇ ਰਿਹਾ ਹਾਂ।” ਇਹ ਗੱਲ ਸੁਣ ਕੇ ਰਾਜੇ ਨੂੰ ਆਪਣੀ ਯੁੱਧ ਨੀਤੀ ਦੇ ਨਤੀਜੇ ਦਾ ਅਹਿਸਾਸ ਹੋਇਆ।

ਗੁਰੂ ਜੀ ਇਹ ਕਹਾਣੀ ਸੁਣ ਕੇ ਕੁਝ ਮੁਸਕੁਰਾਏ ਅਤੇ ਕਹਿਣ ਲੱਗੇ, “ਇਸ ਕਹਾਣੀ ਵਿੱਚ ਰਾਜੇ ਨੂੰ ਸਮਝਾਉਣ ਲਈ ਉੱਲੂ ਦਾ ਸਹਾਰਾ ਲਿਆ ਗਿਆ ਹੈ। ਉੱਲੂ ਇੱਕ ਬੇਹੱਦ ਸ਼ਾਂਤੀ ਪ੍ਰੇਮੀ ਪੰਛੀ ਹੈ, ਉਸਨੂੰ ਸ਼ੋਰ ਪਸੰਦ ਨਹੀਂ ਹੈ। ਉਹ ਤਾਂ ਉੱਡਣ ਲੱਗਿਆਂ ਵੀ ਆਪਣੇ ਖੰਭਾ ਦਾ ਰੱਤੀ ਭਰ ਸ਼ੋਰ ਨਹੀਂ ਕਰਦਾ।”

ਮਾਤਾ-ਪਿਤਾ ਉੱਲੂ ਆਪਣੇ ਬੱਚੇ ਕੁਸ਼ ਨੂੰ ਸਮਝਾਉਣ ਲੱਗੇ, ਪਰਸੋਂ ਨੂੰ ਦਿਵਾਲੀ ਹੈ, ਸ਼ਿਕਾਰੀ ਫਿਰਦੇ ਹਨ, ਤੂੰ ਇੱਥੋਂ ਉੱਡਕੇ ਕਿਤੇ ਨਹੀਂ ਜਾਣਾ।

ਕੁਸ਼ ਬਹੁਤ ਹੀ ਚੰਚਲ ਸੁਭਾਅ ਦਾ ਉੱਲੂ ਸੀ, ਉੱਡੇ ਵਗੈਰ ਉਹ ਕਿਵੇਂ  ਰਹਿ ਸਕਦਾ ਸੀ, ਆਪਣੀ ਮਨ ਪਸੰਦ ਕੁਸ਼ਾ ਵਿੱਚ ਜਾ ਕੇ ਲੋਟਣੀਆਂ ਖਾਣਾ ਉਸਦਾ ਸ਼ੌਂਕ ਸੀ, ਸ਼ਾਇਦ ਇਸ ਲਈ ਹੀ ਉਸਦਾ ਨਾਮ ਕੁਸ਼ ਪੈ ਗਿਆ ਸੀ। ਅਗਲੇ ਦਿਨ ਜਿਉਂ ਹੀ ਉਹ ਕੁਸ਼ਾ ਵਿੱਚ ਗਿਆ ਤਾਂ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ। ਉਸਦੇ ਨਾਲ਼ ਤਿੰਨ ਹੋਰ ਉੱਲੂ ਸਨ। ਮਾਤਾ-ਪਿਤਾ ਉੱਲੂ ਦਰਖਤ ਤੇ ਬੈਠੇ ਸਭ ਕੁਝ ਦੇਖ ਰਹੇ ਸਨ। ਕੁਸ਼ ਦੀ ਮਾਂ ਆਪਣੇ ਪੁੱਤ ਦਾ ਹੋਣ ਜਾ ਰਹੇ ਕਤਲ ਦੀ ਗੱਲ ਸੋਚ ਕੇ ਭਾਰੀ ਗਹਿਰੇ ਦੁੱਖ ਵਿੱਚ ਫਸ ਗਈ। ਉਸ ਲਈ ਇਹ ਅਸਹਿ ਬਣ ਚੁੱਕਾ ਸੀ। ਉਹ ਦੋਵੇਂ ਜਣੇ ਸ਼ਿਕਾਰੀ ਦੇ ਪਿੱਛੇ-ਪਿੱਛੇ ਉੱਡ ਤੁਰੇ।

ਉੱਲੂਆਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਸ਼ਿਕਾਰੀ ਆਪਣੇ ਟਿਕਾਣੇ ਤੇ ਲੈ ਗਿਆ। ਮਾਤਾ-ਪਿਤਾ ਉੱਲੂ ਸ਼ਿਕਾਰੀ ਦੇ ਘਰ ਦੇ ਸਾਹਮਣੇ ਇੱਕ ਘਰ ਦੇ ਬਨੇਰੇ ਉੱਤੇ ਬੈਠ ਗਏ। ਉਹ ਕੁਸ਼ ਦੀਆਂ ਬਰੀਕ ਚੀਕਾਂ ਸਪੱਸ਼ਟ ਸੁਣ ਰਹੇ ਸਨ। ਕੁਸ਼ ਨੂੰ ਛਡਾਉਣ ਦੀ ਕੋਈ ਪੇਸ਼ ਨਹੀਂ ਚੱਲ ਰਹੀ ਸੀ। ਸਾਰਾ ਸ਼ਹਿਰ ਦਿਵਾਲੀ ਦੀ ਖੁਸ਼ੀ ਵਿੱਚ ਜਗ-ਮਗਾ ਰਿਹਾ ਸੀ। ਪਟਾਕਿਆਂ ਦੀਆਂ ਆਵਾਜ਼ਾਂ ਬਨੇਰੇ ਤੇ ਬੈਠੇ ਉੱਲੂਆਂ ਨੂੰ ਇੰਜ਼ ਲੱਗ ਰਹੀਆਂ ਸਨ ਜਿਵੇਂ, ਸਿਰ ਵਿੱਚ ਗੋਲੀਆਂ ਵੱਜ ਰਹੀਆਂ ਹੋਣ। ਦੋਵੇਂ ਉੱਲੂ ਬਨੇਰੇ ਤੇ ਬੈਠੇ ਰਹੇ, ਆਪਣੀਆਂ ਆਵਾਜ਼ਾ ਨਾਲ਼ ਕੁਸ਼ ਨੂੰ ਸੰਦੇਸ਼ ਦੇ ਰਹੇ ਸਨ। ਮਾਂ ਨੂੰ ਆਸ ਸੀ, ਕਿ ਕੁਸ਼ ਉਸਦੀ ਆਵਾਜ਼ ਸੁਣ ਕੇ ਉਨ੍ਹਾਂ ਕੋਲ ਆ ਜਾਵੇਗਾ।

ਸ਼ਿਕਾਰੀ ਦੇ ਇੱਕ ਗੁਆਂਢੀ ਨੇ ਦੇਖਿਆ, ਬਨੇਰੇ ਉੱਪਰ ਦੋ ਉੱਲੂ ਬੈਠੇ ਹਨ, ਉਸਨੇ ਆਪਣੀ ਗੁਲੇਲ ਨਾਲ਼ ਸਿੰਨ੍ਹ ਕੇ ਇੱਕ ਨਿਸ਼ਾਨਾ ਮਾਰਿਆ ਤਾਂ ਨਰ ਉੱਲੂ ਦੇ ਜਾ ਵੱਜਾ। ਨਰ ਉੱਲੂ ਥੱਲੇ ਡਿੱਗ ਪਿਆ। ਮਾਂ-ਉੱਲੂ ਉੱਡੀ ਨਹੀਂ, ਸਗੋਂ ਵਿਰਲਾਪ ਕਰਦੀ ਹੋਈ ਨਰ ਉੱਲੂ ਦੇ ਕੋਲ ਹੀ ਬੈਠ ਗਈ, ਉਸਨੂੰ ਹਿਲਾਉਣ ਲੱਗੀ। ਜਦੋਂ ਨਰ ਉੱਲੂ ਨਾ ਹਿੱਲਿਆ ਤਾਂ ਮਾਂ ਉੱਲੂ ਪੱਥਰ ਵਾਂਗ ਉਸਦੇ ਕੋਲ ਹੀ ਜਮ ਗਈ। ਜਦੋਂ ਸ਼ਿਕਾਰੀ ਦੀ ਨਜ਼ਰ ਮਾਂ ਉੱਲੂ ਤੇ ਪਈ, ਤਾਂ ਸਭ ਸਮਝ ਗਿਆ। ਇਸ ਘਟਨਾ ਨੇ ਉਸਦੀ ਆਤਮਾ ਨੂੰ ਪੂਰੀ ਤਰਾਂ ਝੰਜੋੜ ਦਿੱਤਾ। ਉਸਨੇ ਮਾਦਾ ਉੱਲੂ ਨੂੰ ਫੜਿਆ ਅਤੇ ਘਰ ਦੇ ਅੰਦਰ ਪਿੰਜ਼ਰੇ ਚ ਬੰਦ ਉਸਦੇ ਬੱਚੇ ਕੋਲ ਛੱਡ ਦਿੱਤਾ।

ਰਾਤ ਨੂੰ ਕਈ ਲੋਕ ਉੱਲੂ ਲੈਣ ਆਏ, ਕਈਆਂ ਨੇ ਤਾਂ ਦੁੱਗਣਾ ਮੁੱਲ ਦੇਣ ਦੀ ਗੱਲ ਕਹੀ, ਪਰ ਸ਼ਿਕਾਰੀ ਨੇ ਕੋਰੀ ਨਾਂਹ ਕਰ ਦਿੱਤੀ।

ਪਿੰਜਰੇ ਵਿੱਚ ਮਾਂ ਉੱਲੂ ਨੇ ਆਪਣੇ ਕੁਸ਼ ਨਾਲ਼ ਖੂਬ ਲਾਡ ਕੀਤਾ। ਸ਼ਿਕਾਰੀ ਵੀ ਕੋਲ ਬੈਠ ਕੇ ਦੋਵਾਂ ਨੂੰ ਦੇਖਦਾ ਰਿਹਾ। ਸਵੇਰ ਹੁੰਦਿਆਂ ਹੀ ਸ਼ਿਕਾਰੀ ਪਿੰਜਰੇ ਵਿੱਚ ਬੰਦ ਸਾਰੇ ਉੱਲੂਆਂ ਨੂੰ ਜੰਗਲ ਚ ਛੱਡ ਆਇਆ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin