Articles Pollywood

ਰਾਜਸਥਾਨ ਦੇ ਮਾਰੂਥਲਾਂ ‘ਚ ਜਨਮੀ ਪਾਕਿਸਤਾਨ ਦੀ ਪੰਜਾਬੀ ਲੋਕ ਗਾਇਕਾ ਰੇਸ਼ਮਾ !

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਪ੍ਰਮਾਤਮਾਂ ਦਾ ਦਾਤ ਦੇਣ ਲੱਗਿਆ ਪਤਾ ਨਹੀਂ ਲਗਦਾ ਕਿਸ ਦੀ ਝੋਲੀ ਦਾਤਾਂ ਨਾਲ ਕਦੋਂ ਭਰ ਦੇਵੇ ਇਸ ਤਰਾਂ ਰੇਸ਼ਮਾਂ ਨੂੰ ਪ੍ਰਮਾਤਮਾਂ ਨੇ ਗਲੇ ਦੀ ਦਾਤ ਅਜਿਹੀ ਬਖਸ਼ੀ ਉਸ ਦੀ ਆਵਾਜ਼ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ ਉਸ ਨੇ ਵਿਸ਼ਵ ਪੱਧਰ ਤੱਕ ਗਾਇਕੀ ਦੇ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ!
ਰੇਸ਼ਮਾ ਦਾ ਜਨਮ ਰਾਜਸਥਾਨ ਰਾਜ ਦੀ ਰਾਜਧਾਨੀ ਜੈਪੁਰ ਦੇ ਉੱਤਰ ਪੱਛਮ ਵੱਲ ਵਸੇ ਸ਼ਹਿਰ ਬੀਕਾਨੇਰ ਤੋਂ 134 ਕਿਲੋਮੀਟਰ ਦੂਰ ਰੇਤੇ ਦੇ ਟਿਬਿਆਂ ਵਿਚ ਘਿਰਿਆ ਸ਼ਹਿਰ ਰਤਨਗ੍ਹੜ ਜੋ ਜਿਲ੍ਹਾ ਚੁਰੂ ਦੀ ਤਹਿਸੀਲ ਹੈ। ਰਤਨਗ੍ਹੜ ਤੋਂ 4 ਕਿਲੋਮੀਟਰ ਦੂਰ ਮਈ 1947 ਨੂੰ ਆਜ਼ਾਦੀ ਮਿਲਣ ਤੋਂ ਤਿੰਨ ਕੁ ਮਹੀਨੇ ਪਹਿਲਾਂ ਵਣਜਾਰਾ ਪ੍ਰੀਵਾਰ ਵਿਚ ਹੋਇਆ।ਰੇਸ਼ਮਾ ਦੇ ਪਿਤਾ ਦਾ ਨਾਮ ਹਾਜੀ ਮੁਹੰਮਦ ਮੁਸ਼ਤਾਕ ਵਣਜਾਰਾ ਸੀ ਇਹ ਕਬੀਲੇ ਦੇ ਰੂਪ ਵਿਚ ਕੁਝ ਪਰੀਵਾਰ ਇਕੱਠੇ ਹੋ ਕੇ ਤੁਰ ਫਿਰ ਕੇ ਜਿੰਦਗੀ ਬਤੀਤ ਕਰਦੇ ਸਨ। ਇਹਨਾਂ ਦਾ ਕੋਈ ਇਕ ਟਿਕਾਣਾ ਨਹੀ ਸੀ ਇਹਨਾਂ ਨੂੰ ਖ਼ਾਨਾ-ਬਦੋਸ਼ ਵੀ ਕਿਹਾ ਜਾਂਦਾ ਹੈ।ਰੇਸ਼ਮਾ ਦਾ ਪਿਤਾ ਵਿਉਪਾਰੀ ਸੀ ਉਹ ਊਠਾਂ, ਘੋੜਿਆਂ ਦਾ ਦੂਰ ਦਰੇਡੇ ਤੱਕ ਵਿਉਪਾਰ ਕਰਦਾ ਸੀ।ਦੂਰੋਂ ਗਾਈਆਂ ਬੱਕਰੀਆਂ ਲਿਆ ਕੇ ਵੇਚ ਦੇਣੀਆਂ। ਦੇਸ਼ ਦੀ ਵੰਡ ਵੇਲੇ  ਇਹ ਕਬੀਲਾ ਪਾਕਿਸਤਾਨ  ਚਲਿਆ ਗਿਆ। ਉਸ ਟਾਇਮ ਰੇਸ਼ਮਾ ਮਹੀਨੇ ਕੁ ਦੀ ਸੀ। ਪਾਕਿਸਤਾਨ ਜਾ ਕੇ ਇਸ ਕਬੀਲੇ ਨੇ ਇਸਲਾਮ ਧਰਮ ਕਬੂਲ ਕਰ ਲਿਆ।
ਰੇਸ਼ਮਾ ਨੂੰ ਛੋਟੀ ਹੁੰਦਿਆਂ ਹੀ ਗਾਉਣ ਦਾ ਸ਼ੌਕ ਸੀ ਇਹ ਗੜਵੀ ਵਜਾ ਕੇ  ਤੁਰੀ ਫਿਰਦੀ ਗਾਉਂਦੀ ਰਹਿੰਦੀ ਇੱਕ ਦਿਨ ਇਹਨਾਂ ਦਾ ਕਾਫ਼ਲਾ ਹੈਦਰਾਬਾਦ (ਸਿੰਧ) ਗਿਆ।ਰੇਸ਼ਮਾ ਸੇਵਨ ਪਿੰਡ ਵਿੱਚ ਸ਼ਾਹ ਕਲੰਦਰ ਦੀ ਮਜ਼ਾਰ ਉੱਤੇ ਮੇਲੇ ਵਿੱਚ ਚਲੀ ਗਈ।ਉਸ ਟਾਇਮ ਉਹ ਬਾਰਾਂ ਸਾਲ ਦੀ ਸੀ।ਉਹ ਮੇਲੇ ਅੰਦਰ ਗੜਵੀ ਵਜਾ ਕੇ ਕਵਾਲੀ ‘ਦਮਾ ਦਮ ਮਸਤ ਕਲੰਦਰ ‘ ਭਾਰੀ ਇਕੱਠ ਵਿੱਚ ਗਾ ਰਹੀ ਸੀ। ਉੱਥੇ ਹੀ ਪਾਕਿਸਤਾਨ ਰੇਡੀਓੁ ਦਾ ਡਾਇਰੇਕਟਰ ਸਲੀਮ ਗਿਲਾਨੀ ਵੀ ਇੰਨੀ ਮਿੱਠੀ ਤੇ ਸੁਰੀਲੀ ਆਵਾਜ਼ ਸੁਣ ਕੇ ਹੈਰਾਨ ਹੋ ਗਿਆ। ਸਲੀਮ ਗਿਲਾਨੀ ਨੇ ਰੇਸ਼ਮਾ ਦਾ ਘਰ-ਬਾਰ ਪੁੱਛਿਆ ਪਰ  ਉਸ ਨੇ ਕਿਹਾ ਸਾਡਾ ਕੋਈ ਟਿਕਾਣਾ ਨਹੀ ਅਸੀ ਤੁਰ ਫਿਰ ਕੇ ਗੁਜ਼ਾਰਾ ਕਰਦੇ ਹਾਂ ਸਲੀਮ ਗਿਲਾਨੀ ਨੇ ਆਪਣਾ ਐਡਰਸ ਰੇਸ਼ਮਾ ਨੂੰ ਦੇ ਕੇ ਕਿਹਾ ਤੁਸੀ ਕਰਾਚੀ ਰੇਡੀਓੁ ਸ਼ਟੇਸ਼ਨ ‘ਤੇ ਆ ਕੇ ਗੀਤਾਂ ਦੀ ਰਿਕਾਰਡਿੰਗ ਕਰਵਾ ਸਕਦੇ ਹੋ।
ਡੇਢ ਕੁ ਸਾਲ ਬਾਅਦ ਇਹ ਕਬੀਲਾ ਤੁਰਦਾ ਫਿਰਦਾ ਕਰਾਚੀ ਚੱਲਿਆ ਗਿਆ।ਰੇਸ਼ਮਾ,ਸਲੀਮ ਗਿਲਾਨੀ ਦਾ ਦਿੱਤਾ ਐਡਰਸ ਲੈਕੇ ਰੇਡੀਓੁ ਸਟੇਸ਼ਨ ਤੇ ਚੱਲੀ ਗਈ।ਰੇਸ਼ਮਾ ਨੂੰ ਮਿਲ ਕੇ ਸਲੀਮ ਗਿਲਾਨੀ ਬਹੁਤ ਖੁਸ਼ ਹੋਇਆ।ਜਦ ਸਟੂਡੀਓੁ ਵਿੱਚ ਉਸ ਨੂੰ ਗੀਤਾਂ ਦੀ ਰਿਕਾਡਿੰਗ ਕਰਵਾਉਣ ਲਈ ਕਿਹਾ। ਰੇਸ਼ਮਾ ਨੇ  ਜਵਾਬ ਦੇ ਦਿੱਤਾ ਮੈਂ ਕਦੇ ਬੰਦ ਕਮਰੇ ਵਿੱਚ ਗੀਤ ਨਹੀ ਗਾਇਆ। ਮੈਂ ਤਾਂ ਖੁੱਲੇ ਅਸਮਾਨ ਵਿਚ ਹੀ ਗਾ ਸਕਦੀ ਹਾਂ ਪਰ ਸਲੀਮ ਗਿਲਾਨੀ ਨੇ ਉਸ ਨੂੰ ਸਮਝਾ ਕੇ ਸਟੂਡਿਓੁ ਵਿੱਚ ਰਿਕਾਰਡਿੰਗ ਕਰਵਾ ਲਈ ਉੱਥੇ ਰੇਡੀਓੁ ਵਾਲਿਆਂ ਨੇ ਰੇਸ਼ਮਾ ਦੀ ਇੱਕ ਫ਼ੋਟੋ ਵੀ ਖਿੱਚ ਲਈ ਰੇਸ਼ਮਾਂ ਨੇ ਕਿਹਾ ਤੁਸੀਂ ਮੇਰੀ ਫ਼ੋਟੋ ਕਿਉਂ ਖਿੱਚੀ ਹੈ ਸਾਡੇ ਕਬੀਲੇ ਵਿੱਚ ਫੋਟੋ ਖਿਚਵਾਉਣ ਨੂੰ ਬੁਰਾ ਮੰਨਦੇ ਹਨ ਉਹ ਮੇਰੇ ਨਾਲ ਗੁੱਸੇ ਹੋਣਗੇ।  ਰੇਸ਼ਮਾ ਦੇ ਗੀਤ ਜਦ ਰੇਡੀਓੁ ਤੇ ਲੋਕਾਂ ਨੇ ਸੁਣੇ ਤਾਂ ਹਰ ਪਾਸੇ ਰੇਸ਼ਮਾ ਰੇਸ਼ਮਾ  ਹੋਣ ਲੱਗ ਪਈ ਪਰ ਰੇਸ਼ਮਾ ਇਸ ਹੋਈ ਪ੍ਰਸਿੱਧੀ ਤੋਂ ਬੇਖ਼ਬਰ ਸੀ।ਸਲੀਮ ਗਿਲਾਨੀ ਨੇ ਰੇਸ਼ਮਾ ਨੂੰ ਫਿਰ ਲੱਭਣਾ ਚਾਹਿਆ ਗਲਾਨੀ ਨੇ ਕਬੀਲਿਆਂ ਦੇ ਡੇਰਿਆਂ ਉੱਤੇ ਵੀ ਪੁੱਛ ਪੜਤਾਲ ਕੀਤੀ ਪਰ ਉਸ ਦਾ ਪਤਾ ਨਾ ਲੱਗ ਸੱਕਿਆ ਕੇ ਰੇਸ਼ਮਾ ਕਿਥੇ ਚੱਲੀ ਗਈ?
ਗਿਲਾਨੀ ਨੇ ਰੇਸ਼ਮਾ ਦੀ ਫ਼ੋਟੋ ਅਖ਼ਬਾਰਾਂ ਰਸਾਲਿਆਂ ਤੇ ਛਪਵਾ ਦਿੱਤੀ ਇਨਾਮ ਰੱਖ ਦਿੱਤਾ ਇਸ ਕੁੜੀ ਨੂੰ ਲੱਭ ਕੇ ਲਿਆਉਣ ਵਾਲੇ ਨੂੰ 2000 ਰੁਪਏ ਇਨਾਮ ਦਿੱਤਾ ਜਾਵੇਗਾ। ਇਹ ਕਬੀਲਾ ਘੁਮੰਦਾ ਘਮਾਉਂਦਾ ਮੁਲਤਾਨ ਚਲਿਆ ਗਿਆ ਉਥੇ ਰੇਸ਼ਮਾ ਨੇ ਆਪਣੀ ਫ਼ੋਟੋ ਇੱਕ ਰਸਾਲੇ ਤੇ ਦੇਖੀ। ਕਬੀਲਾ ਵੀ ਫ਼ੋਟੋ ਦੇਖ ਕੇ ਰੇਸ਼ਮਾ ਨਾਲ ਗੁੱਸੇ ਹੋਇਆ।ਫੇਰ ਲੋਕਾਂ ਦੇ ਕਹਿਣ ਤੇ ਰੇਸ਼ਮਾ ਨੇ ਕਿਸੇ ਤੋਂ ਉਰਦੂ ਵਿੱਚ ਲਿਖਵਾ ਕੇ ਸਲੀਮ ਗਿਲਾਨੀ ਨੂੰ ਚਿੱਠੀ ਪਵਾ ਦਿੱਤੀ ਚਿੱਠੀ ਪੜ੍ਹ ਕੇ ਸਲੀਮ ਗਿਲਾਨੀ ਨੇ ਚਿੱਠੀ ਦੇ ਉੱਤਰ ਵਿੱਚ ਕਿਹਾ ਤੂੰ ਇੱਥੇ ਰੇਡੀਓੁ ਤੇ ਆ ਕੇ ਫੇਰ ਗੀਤ ਗਾ ਸਕਦੀ ਹੈ।
ਬਲਵੰਤ ਗਰਗੀ ਕਹਿੰਦਾ ਹੈ 1969 ਵਿੱਚ ਰੇਸ਼ਮਾ ਦੇ ਪਹਿਲੇ ਗੀਤ ‘ਹਾਏ ਓ ਰੱਬਾ ਨਈਓੁ ਲੱਗਦਾ ਦਿਲ ਮੇਰਾ’ ਦੀ ਰਿਕਾਰਡਿੰਗ ਲੰਦਨ ਵਿੱਚ ਹੋਈ ਉਥੋਂ ਇਹ ਗੀਤ ਭਾਰਤ ਆਇਆ ਤਾਂ ਸਾਰੇ ਹੀ ਅੱਗ ਲੱਗ ਗਈ।ਇਹੋ ਜਿਹੀ ਆਵਾਜ਼ ਜਿਸ ਵਿੱਚ ਜੰਗਲੀ ਕਬੀਲੇ ਦਾ ਹੁਸਨ ਅਤੇ ਦਿਲ ਨੂੰ ਖਿੱਚ ਪਾਉਣ ਵਾਲੀ ਹੂਕ ਸੀ ਜੋ ਕਦੇ ਨਹੀ ਸੀ ਸੁਣੀ ਕਿਸੇ ਨੇ।
ਰੇਸ਼ਮਾ ਨੇ ਕਿਹਾ ਕੀ ਪਤਾ ਸੀ ਮੈਂ ਵਣਜਾਰਨ ਲੰਡਨ ਦੇ ਵੱਡੇ ਸਟੂਡੀਓੁ ਵਿੱਚ ਗਾਵਾਂਗੀ ਮੈ ਅੱਲਾ ਦੀ ਸ਼ੁਕਰ ਗੁਜ਼ਾਰ ਹਾਂ ਮੇਰੇ ਵਿੱਚ ਅੱਲਾ ਵੱਸਦਾ ਹੈ। ਮੈਂ ਖੱਦਰ ਸਾਂ ਲੋਕਾਂ ਨੇ ਰੇਸ਼ਮ ਬਣਾ ਦਿੱਤਾ ਮੈਂ ਪਾਕਿਸਤਾਨ ਦੀ ਸ਼ੁਕਰ ਗੁਜ਼ਾਰ ਹਾਂ ਜਿਸ ਨੇ ਮੈਨੂੰ ਥਲਾਂ ਵਿੱਚੋ ਢੁੂੰਡ ਕੇ ਰੇਸ਼ਮਾ ਬਣਾ ਦਿੱਤਾ। ਰੇਸ਼ਮਾ ਬਿਲਕੁਲ ਹੀ ਅਨਪੜ੍ਹ ਸੀ ਕਿਉਂਕੇ ਇਹਨਾਂ ਕਬੀਲਿਆਂ ਵਿੱਚ ਕੋਈ ਪੜ੍ਹਾਈ ਨਹੀ ਕਰਵਾਉਂਦਾ ਸੀ ਅਤੇ ਨਾ ਹੀ ਕਿਸੇ ਨੂੰ ਗਾਉਣ ਦੀ ਇਜ਼ਾਜਤ ਸੀ ਇਸ ਕਰਕੇ ਰੇਸ਼ਮਾ ਨੇ ਕੋਈ ਸੰਗੀਤ ਲਈ ਉਸਤਾਦ ਨਹੀ ਧਾਰਿਆ ਸੀ ਨਾ ਹੀ ਉਸ ਨੇ ਕਿਸੇ ਕੋਲੋਂ ਕੋਈ ਸੁਰ ਤਾਲ ਸਿੱਖੀ ਸੀ।
1960 ਨੂੰ ਪਾਕਿਸਤਾਨ ਵਿੱਚ ਟੈਲੀਵੀਜ਼ਨ ਦੀ ਸੇਵਾ ਸ਼ੁਰੂ ਗਈ ਫਿਰ ਰੇਸ਼ਮਾਂ ਨੇ ਟੈਲੀਵੀਜ਼ਨ ਤੇ ਵੀ ਗਾਉਣਾ ਸ਼ੁਰੂ ਕਰ ਦਿੱਤਾ।1970-80 ਦੇ ਦਹਾਕੇ ਵਿੱਚ ਭਾਰਤ ਪਾਕਿਸਤਾਨ ਦੇ ਕਲਾਕਾਰ ਇੱਕ ਦੂਜੇ ਦੇ ਦੇਸ਼ ਵਿੱਚ ਜਾ ਕੇ ਗਾਉਣ ਲੱਗੇ ਤਾਂ ਉਸ ਟਾਇਮ ਰੇਸ਼ਮਾ ਭਾਰਤ ਵਿੱਚ ਆ ਕੇ ਗਾਉਂਦੀ ਰਹੀ।
1973 ਵਿੱਚ ਡਾਇਰੈਕਟਰ ਰਾਜ ਕਪੂਰ ਦੀ ਫਿਲਮ ਬੌਬੀ ਵਿੱਚ ਰੇਸ਼ਮਾ ਦਾ ਗਾਇਆ ਗੀਤ ‘ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ‘ ਇਸ ਗੀਤ ਦਾ ਹਿੰਦੀ ਵਿੱਚ ਅਨੁਵਾਦ ਕਰਕੇ ਲਤਾ ਮੰਗੇਸ਼ਕਰ ਨੇ ਗਾਇਆ।1983 ਵਿੱਚ ਸੁਭਾਸ਼ ਘਈ ਨੇ ‘ਹੀਰੋ ‘ ਫ਼ਿਲਮ ਬਣਾਈ ਇਹ ਜੈਕੀ ਸ਼ਰਾਫ਼ ਦੀ ਪਹਿਲੀ ਫ਼ਿਲਮ ਸੀ ਅਤੇ ਇਸ ਵਿੱਚ ਸ਼ੰਮੀ ਕਪੂਰ, ਸ਼ਕਤੀ ਕਪੂਰ ਆਦਿ ਨੇ ਕੰਮ ਕੀਤਾ ਸੀ।ਇਸ ਫ਼ਿਲਮ ਵਿੱਚ ਗੀਤ ਗਾਉਣ ਵਾਸਤੇ ਰੇਸ਼ਮਾ ਭਾਰਤ ਆਈ।
ਜਦ ਸੁਭਾਸ਼ ਘਈ ਨੇ ਰੇਸ਼ਮਾ ਨੂੰ ਗੀਤ ਦੀ ਰਿਕਾਰਡਿੰਗ ਵਾਸਤੇ ਸਟੂਡੀਓੁ ਵਿੱਚ ਜਾਣ ਲਈ ਕਿਹਾ ਤਾਂ ਰੇਸ਼ਮਾ ਨੇ ਕਿਹਾ ਮੈਂ ਇਥੇ ਹੀ ਗਾ ਦਿੰਦੀ ਹਾਂ ਫਿਰ ਰਿਕਾਰਡਿੰਗ ਦਾ ਪ੍ਰਬੰਧ ਦਲੀਪ ਕੁਮਾਰ ਦੇ ਘਰ ਕੀਤਾ ਗਿਆ।ਪਰ ਪਿਛੋ ਬੰਬਈ ਦੇ ਮਹਿਬੂਬ ਸਟੂਡੀਓੁ ਵਿੱਚ ‘ਲੰਬੀ ਜੁਦਾਈ ‘ ਗੀਤ ਦੀ ਰਿਕਾਰਡਿੰਗ ਕੀਤੀ ਗਈ।ਇਹ ਫਿਲਮ ਅਤੇ ਗੀਤ ਬਹੁਤ ਚੱਲਿਆ ਇਹ ਗੀਤ ਸਦਾ ਲਈ ਯਾਦਗਾਰੀ ਬਣ ਕੇ ਰਹਿ ਗਿਆ।
ਰੇਸ਼ਮਾ ਨੇ ਭਾਰਤ ਦੀਆਂ ਹੋਰ ਵੀ ਬਹੁਤ  ਸਾਰੀਆਂ ਫਿਲਮਾਂ ਲਈ ਗਾਇਆ।ਰੇਸ਼ਮਾ ਸਿੱਖਾਂ ਨੂੰ ਬਹੁਤ ਪਿਆਰ ਕਰਦੀ ਸੀ।ਉਹ ਦੱਸਦੀ ਹੈ ਇੱਕ ਵਾਰ ਮੈਂ ਰੂਸ ਗਾਉਣ ਚਲੀ ਗਈ, ਜਦ ਮੈਂ ਰਿਹਾਇਸ਼ ਤੋਂ ਬਾਹਰ ਗਈ ਤਾਂ ਰਸਤਾ ਭੁਲ ਗਈ ਹਰ ਪਾਸੇ ਬੋਰਡ ਅੰਗਰੇਜ਼ੀ ਵਿੱਚ ਲੱਗੇ ਹੋਏ ਸਨ।ਮੈਨੂੰ ਅਨਪੜ੍ਹ ਨੂੰ ਪੜ੍ਹਨਾਂ ਨਹੀ ਆਉਂਦਾ ਸੀ। ਮੈਨੂੰ ਪੱਗ ਵਾਲਾ ਸਰਦਾਰ ਮਿਲ ਗਿਆ ਉਸ ਦੀ ਘੜੀਆਂ ਦੀ ਦੁਕਾਨ ਸੀ ਮੈ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਈ ਮੈਂ ਕਿਹਾ ਮੈਨੂੰ ਮੇਰਾ ਬਾਪ ਮਿਲ ਗਿਆ ਕਿਉਂਕੇ ਉਹ ਵੀ ਪੱਗ ਬੰਨਦਾ ਸੀ ਰੇਸ਼ਮਾ ਕਹਿੰਦੀ ਮੈਂ ਉਸ ਨੂੰ ਕਿਹਾ ਮੈਂ ਰਸਤਾ ਭੁੱਲ ਗਈ ਮੈਂ ਪਕਿਸਤਾਨ ਵਾਲੀ ਰੇਸ਼ਮਾ ਹਾਂ ਉਹ ਇਕਦਮ ਹੈਰਾਨ ਹੋ ਕੇ ਕਹਿੰਦਾ ਰੇਸ਼ਮਾਂ! ਹਾਏ ਓੁ ਰੱਬਾ ਨਈ ਲਗਦਾ ਦਿਲ ਮੇਰਾ ਵਾਲੀ  ਰੇਸ਼ਮਾ! ਮੈਂ ਕਿਹਾ ਹਾਂ ਤੇਰੇ ਬਿਨਾਂ ਮੇਰਾ ਦਿਲ ਨਹੀ ਲੱਗਿਆ ਇਸ ਕਰਕੇ ਮੈਂ ਤੈਨੂੰ ਮਿਲਣ ਆ ਗਈ। ਉਹ ਪਤਾ ਕਰਕੇ ਮੈਨੂੰ ਰਿਹਾਇਸ਼ ਤੇ ਛੱਡ  ਆਇਆ।ਰੇਸ਼ਮਾ ਕਹਿੰਦੀ ਮੈਂ ੳਸ ਨੂੰ ਕਿਹਾ ਨਾਂ ਤਾਂ ਸਰਦਾਰ ਆਪ ਦਾ ਪਹਿਰਾਵਾ ਬਦਲੇ ਨਾਂ ਰੇਸ਼ਮਾ ਆਪਣਾ ਲਿਬਾਸ ਬਦਲੇ ਚਾਹੇ ਜਿਹੜੇ ਦੇਸ਼ ਮਰਜ਼ੀ ਚਲੇ ਜਾਈਏ।ਸਿੱਖਾਂ ਨਾਲ ਮੇਰਾ ਪਿਛਲੇ ਜਨਮ ਦਾ ਭੈਣ ਭਰਾਵਾਂ ਵਾਲਾ ਰਿਸ਼ਤਾਂ ਹੈ। ਜਿਹੜਾ ਕਦੇ ਟੁੱਟ ਨਹੀਂ ਸਕਦਾ।
‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’ ਇਹ ਸ਼ਬਦ ਰੇਸ਼ਮਾ ਨੇ ਬਹੁਤ ਵਧੀਆ ਅਵਾਜ਼ ਵਿੱਚ ਗਾਇਆ ਉਹ ਇ ਹ ਗੱਲ ਬੜੇ ਮਾਣ ਨਾਲ ਕਹਿੰਦੀ ਸੀ  ਪਾਕਿਸਤਾਨ ਅਤੇ ਭਾਰਤ ਨੇ ਮੈਨੂੰ ਰੱਜਵਾਂ ਪਿਆਰ ਦਿੱਤਾ।ਰੇਸ਼ਮਾ ਭਾਰਤ ਦੀ ਜੰਮਪਲ ਹੋਣ ਕਰਕੇ ਭਾਰਤ ਸਰਕਾਰ ਨੇ ਉਸ ਨੂੰ ਪੱਕੇ ਤੌਰ ਤੇ ਇੱਥੇ ਰਹਿਣ ਦੀ ਪੇਸ਼ਕਸ਼ ਕੀਤੀ ਪਰ ਉਸ ਨੇ ਠੁਕਰਾ ਕੇ ਪਕਿਸਤਾਨ ਰਹਿਣਾ ਹੀ ਠੀਕ ਸਮਝਿਆ।ਰੇਸ਼ਮਾਂ ਠੇਠ ਪੰਜਾਬੀ ਬੋਲਦੀ ਸੀ।ਇਹ ਪਾਕਿਸਤਾਨ ਦੀ ਪਹਿਲੀ ਔਰਤ ਲੋਕ ਕਲਾਕਾਰ ਸੀ।
ਜਨਵਰੀ 2006 ਵਿੱਚ ਜਦੋਂ ਸਦਾ-ਏ-ਸਰਹੱਦ ਲਾਹੌਰ-ਅੰਮਿ੍ਤਸਰ ਬੱਸ ਸੇਵਾ ਸ਼ੁਰੂ ਹੋਈ ਤਾਂ ਲਾਹੌਰ ਤੋਂ ਪਹਿਲੀ ਆਉਣ ਵਾਲੀ ਬੱਸ ਵਿੱਚ 26 ਯਾਤਰੀ ਸਵਾਰ ਸਨ। ਉਹਨਾਂ ਵਿੱਚ 15 ਪਾਕਿਸਤਾਨੀ ਅਫ਼ਸਰ 7 ਜਾਣੇ ਰੇਸ਼ਮਾ ਅਤੇ ਉਸ ਦੇ ਪਰੀਵਾਰਕ ਮੈਬਰ ਸਨ।ਅਟਾਰੀ ਆ ਕੇ ਰੇਸ਼ਮਾ ਨੇ ਲੰਬੀ ਜੁਦਾਈ ਗੀਤ ਗਾ ਕੇ ਦੋਹਾਂ ਦੇਸ਼ਾ ਵਿੱਚ ਖਿੱਚੀ ਲਕੀਰ ਦਾ ਸਰੋਤਿਆਂ ਵਿੱਚ ਵੈਰਾਗ ਛੇੜ ਦਿੱਤਾ।
ਰੇਸ਼ਮਾ ਜਦ ਗਾਉਣ ਵੇਲੇ ਅੰਦਰੋਂ ਵਿਰਾਗਮਈ ਆਵਾਜ਼ ਕੱਢਦੀ ਸੀ ਤਾਂ ਸਰੋਤੇ ਕੀਲੇ ਜਾਂਦੇ ਸਨ:

‘ਆ ਸਜਣਾ ਰੱਲ ਕੱਠਿਆਂ ਬਹੀਏ ਤੇ ਵਿਛੋੜਿਆਂ ਨੂੰ ਅੱਗ ਲਾਈਏ

ਮਨਜ਼ੂਰ ਮੀਆਂ ਗਮ ਦਿਲਾਂ ਵਿਚ ਵਸਦੇ ਕਿਤੇ ਵਿਛੜਿਆਂ ਨਾ ਮਰ ਜਾਈਏੇ ‘

ਰੇਸ਼ਮਾ ਨੇ ਹੋਰ ਬਹੁਤ ਗੀਤ ਗਾਏ ਜੋ ਉਹਨਾਂ ਵਿਚੋਂ ਸਦਾ ਬਹਾਰ ਹੋ ਕੇ ਰਹਿ ਗਏ: ‘ਚਾਰ ਦਿਨਾ ਦਾ ਪਿਆਰ ਓ ਰੱਬਾ ਬੜੀ ਲੰਮੀ ਜੁਦਾਈ ‘ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾ ‘ਹਾਏ ਓ ਰੱਬਾ ਨਹੀਓੁ ਲੱਗਦਾ ਦਿਲ ਮੇਰਾ ਸੱਜਣਾ ਬਾਝ ਹੋਇਆ ਹਨੇਰਾ, ‘ਅੱਖੀਆਂ ਨੂੰ ਰਹਿਣ ਦੇ ਅੱਖੀਆ ਂ ਦੇ ਕੋਲ ਕੋਲ ਚੰਨ ਪ੍ਰਦੇਸੀਆ ਬੋਲ ਭਾਵੇਂ ਨਾਂ ਬੋਲ, ‘ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ ਮਾਹੀਆ ਮੈਨੂੰ ਯਾਦ ਆਂਵਦਾ ਮੇਰੇ ਦਿਲ ਵਿਚੋਂ ਉਠਦੀਆਂ ਹੂਕ ‘
ਰੇਸ਼ਮਾ ਨੇ ਅਮਰੀਕਾ, ਕਨੇਡਾ, ਰੂਸ, ਭਾਰਤ, ਇੰਗਲੈਂਡ, ਡੈਨਮਾਰਕ, ਰੁਮਾਨੀਆ, ਤੁਰਕੀ, ਨਾਰਵੇ, ਉਜ਼ਬੇਕਿਸਤਾਨ ਆਦਿ ਦੇਸ਼ਾ ਵਿੱਚ ਜਾ ਕੇ ਗਾਇਆ।ਇਸ ਨੇ ਪੰਜਾਬੀ, ਹਿੰਦੀ, ਊਰਦੂ,ਸਿੰਧੀ, ਰਾਜਸਥਾਨੀ, ਪਹਾੜੀ ਡੋਗਰੀ, ਪਸਤੋ ਵਿੱਚ ਕੱਵਾਲੀਆਂ ਤੇ ਗਾਣੇ ਗਾਏ।
ਪਾਕਿਸਤਾਨ ਦੇ ਰਸ਼ਟਰਪਤੀ ਵਲੋਂ ਰੇਸ਼ਮਾ ਨੂੰ ‘ਸਿਤਾਰ-ਏ-ਇਮਤਿਆਜ’ ‘ਫਖ਼ਰ-ਏ-ਪਾਕਿਸਤਾਨ’ ਅਤੇ ਲੀਜ਼ੈਡਸ ਆਫ ਪਾਕਿਸਤਾਨ ਖਿਤਾਬਾਂ ਨਾਲ ਸਨਮਾਨਿਤ ਕੀਤਾ।
3 ਨਵੰਬਰ 2013 ਦਿਨ ਐਤਵਾਰ ਦਿਵਾਲੀ ਦੇ ਦਿਨ ਸਵੇਰ ਵੇਲੇ ਗਲੇ ਦੇ ਕੈਂਸਰ ਨਾਲ ਲਾਹੌਰ ਦੇ ਇਛਰਾਂ ਮਹੱਲੇ ਵਿੱਚ ਰਹਿਣ ਵਾਲੀ 67 ਸਾਲਾ ਰੇਸ਼ਮਾ ਲਾਹੌਰ ਦੇ ਸਥਾਨਕ ਹਸਪਤਾਲ ਵਿੱਚ ਦਮ ਤੋੜ ਗਈ ਚਾਹੁੰਣ ਵਾਲੇ ਸਰੋਤਿਆਂ ਨੂੰ ਇਹ ਸੱਚ ਕਰ ਗਈ ‘ਚਾਰ ਦਿਨਾਂ ਦਾ ਪਿਆਰ ਓ ਰੱਬਾ ਬੜੀ ਲੰਮੀ ਜੁਦਾਈ ਏ’।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor