Poetry Geet Gazal

ਰਾਜਨਦੀਪ ਕੌਰ ਮਾਨ, ਮਚਾਕੀ

ਕਿਰਸਾਣੀ ਦੀ ਦੀਵਾਲੀ
 ਬਲਣਾ ਏ ਦੀਵਿਆਂ ਫਿਰ ਤੋਂ,ਦੀਵਾਲੀ ਫਿਰ ਵੀ ਆਏਗੀ।
ਸੰਘਰਸ਼ਾਂ ਵਾਲੀ ਇਹ ਰੁੱਤ,ਨਵਾਂ ਚਾਨਣ ਲਿਆਏਗੀ ।
ਲੱਥੇਗਾ ਜੂਲਾ ਗੁਲਾਮੀ ਦਾ,ਥੱਕੇ ਮੋਢਿਆਂ ਉੱਤੋ,
ਆਸ਼ਾ ਦੀ ਲੋਅ ਵੀ ਮਹਿਕੇਗੀ, ਲਾਟ ਨਾ ਥਰਥਰਾਏਗੀ  ,
ਘੱਟੇ ਦੇ ਲਿੱਬੜੇ ਜੋ ਪੈਰ,ਪੈੜਾਂ ਡੂੰਘੀਆਂ ਪਾਵਣ,
ਸਿਰਾਂ ਤੇ ਤਾਜ ਹੋਣਗੇ,ਇਨ੍ਹਾਂ ਹੱਥ ਡੋਰ ਆਏਗੀ।
ਮਾਰੂ ਕਾਨੂੰਨ ਜੇ ਤੇਰੇ, ਅਸੀਂ ਨਾ ਬਦਲਕੇ ਸੁੱਟੇ,
ਖੇਤਾਂ ਦੇ ਪੁੱਤ ਨਾ ਸਮਝੀਂ , ਵਿੜੀ ਲਾਹੀ ਵੀ ਜਾਏਗੀ।
ਜੀਉਂਦੇ ਰਹਿਣ ਪਰਵਾਨੇ,ਬੈਠੇ ਜੋ ਧਰਨਿਆਂ ਉੱਤੇ,
ਅਸਾਡੀ ਆਸ ਕਿਰਸਾਣੀ,ਫਤਹਿ ਝੰਡਾ ਲਹਿਰਾਏਗੀ।
———————00000———————

ਬਘਿਆੜ

ਚਾਰ ਚੁਫੇਰੇ ਬੈਠੇ ਹਨ ਬਘਿਆੜ ਬੜੇ।
ਦਿਲ ਵਿੱਚ ਰੱਖੀ ਬੈਠੇ ਜਿਹੜੇ ਸਾੜ ਬੜੇ।
ਮਤਲਬ ਕੱਢ ਕੇ ਤੈਨੂੰ ਮੰਦਾ ਬੋਲਣਗੇ,
ਵਰਤਣ ਖਾਤਰ ਇਹਨਾਂ ਕੋਲੇ ਆੜ ਬੜੇ।
ਨਟਵਰ,ਸੱਜਣ ਠੱਗ ਜਿਹੇ ਨੇ ਇਹ ਲੋਕੀਂ,
ਫ਼ੋਕੀ ਸ਼ੁਹਰਤ ਦੇ ਲਈ ਕਰਨ ਜੁਗਾੜ ਬੜੇ।
ਉੱਤੋਂ ਬਣਦੇ ਨੇ ਰਖਵਾਲੇ ਇੱਜ਼ਤ ਦੇ।
ਐਪਰ ਵਿੱਚੋਂ ਨਿਕਲਣਗੇ ਭਰਿਆੜ ਬੜੇ।
ਸਾਹਿਤ ਕਲਾ ਦੇ ਉਂਝ ਰਖਵਾਲੇ ਬਣਦੇ ਨੇ,
ਓਦਾਂ ਮਾਂ ਦੀ ਬੋਲੀ ਦੀ ਲੀਹ ਪਾੜ ਬੜੇ।
ਸੱਚ ਕਿਸੇ ਦਾ ਆਵੇ ਸਾਹਵੇਂ ਦੜ ਵੱਟਣ,
ਕਰ ਕੇ ਰੱਖਣ ਤਦ ਇਹ ਬੰਦ ਕਿਵਾੜ ਬੜੇ।
ਚਿੜੀਆਂ ਉੱਤੇ ਬਾਜ਼ ਰੋਜ਼ਾਨਾ ਝਪਟਣ ਇਹ,
ਸੂਰਤ ਬਗਲਾ, ਖਾਸੇ ਤੋਂ ਬਘਿਆੜ ਬੜੇ।
ਕਰਦੇ ਹੈਨ ਦਲਾਲੀ ਅਕਸਰ ਕੋਇਲੇ ਦੀ,
ਬਾਹਰੋਂ ਖ਼ੁਸ਼-ਬੂ ਅੰਦਰ ਭੈੜ-ਹਵਾੜ ਬੜੇ।
ਰਾਜਨ ਛੱਡ ਦੇ ਸੰਗ ਇਹਨਾਂ ਦਾ ਚੁੱਪ ਕਰ ਕੇ,
ਬਾਹਰੋਂ ਚਮਕਣ ਅਸਲ ‘ਚ ਹੈਨ ਕਬਾੜ ਬੜੇ।
———————00000———————
ਨੰਨ੍ਹੀ ਪਰੀ   
ਸਾਰੇ ਚਿਹਰਿਆਂ ਨੂੰ ਓਪਰਾ ਹੈ ਝਾਕਦੀ,
ਕੌਣ ਕੌਣ ਮੇਰਾ ਏ ਪਛਾਣੇ ਜਾਪਦੀ,
ਲੱਗੇ ਹਾਲੇ ਥੋੜ੍ਹੀ ਘਬਰਾਈ ਪਰੀ ਜੀ,
ਸਾਡੇ ਘਰੇ ਆਈ ਅੱਜ ਨੰਨੀ ਪਰੀ  ਜੀ।
ਮਾਸੀਆਂ ਖੁਸ਼ੀ ਦੇ ਵਿੱਚ ਹੋਈਆਂ ਖੀਵਿਆਂ,
ਧੀ ਆਈ ਵਿਹੜੇ ਰੌਸ਼ਨੀਆਂ ਦੀਵਿਆਂ।
ਖੂਬ ਨਾਲ ਰੌਣਕਾਂ ਲਿਆਈ ਪਰੀ ਜੀ,
ਸਾਡੇ ਘਰੇ ਆਈ ਅੱਜ ਨੰਨੀ ਪਰੀ ਜੀ।
ਨਾਮ ਅਸੀਂ ਰੱਖਿਆ ਇਬਾਦਤ ਕੌਰ ਹੈ,
ਉਹਦੇ ਆਉਣ ਨਾਲ ਬਣੀ ਪਈ ਟੌਹਰ ਹੈ,
ਮਾਸੀ ਮਾਸੀ ਕਹਿਣ ਸਾਰੇ ਨੰਨ੍ਹੀ ਪਰੀ ਦੀ,
ਸਾਡੇ ਘਰੇ ਆਈ ਅੱਜ ਨੰਨੀ ਪਰੀ ਜੀ।
ਬੱਚਿਆਂ ਦੇ ਨਾਲ ਦੁਨੀਆਂ ਇਹ ਫੱਬਦੀ,
ਧੀਆਂ ਪੁੱਤ ਇੱਕੋ ਜਿਹੇ ਦੇਣ ਰੱਬ ਦੀ,
ਰਾਜਨ ਨੇ ਕੀਤੀ ਪੂਰੀ ਗੱਲ ਖਰੀ ਜੀ,
ਸਾਡੇ ਘਰੇ ਆਈ ਅੱਜ ਨੰਨੀ ਪਰੀ ਜੀ।
———————00000———————
ਕੋਰੜਾ ਛੰਦ
ਪਾਣੀ ਅਨਮੋਲ ਖ਼ਜਾਨਾ ਜੀਣ ਲਈ,
ਮਰ ਜਾਂਦੇ ਜੀਵ ਜੇ ਨਾ ਲੱਭੇ ਪੀਣ ਲਈ,
ਇਹਨੂੰ ਡੋਲ੍ਹ ਡੋਲ੍ਹ ਨਾ ਗਵਾਓ ਦੋਸਤੋ,
ਬੂੰਦ ਬੂੰਦ ਪਾਣੀ ਦੀ ਬਚਾਓ ਦੋਸਤੋ ।
ਪਾਣੀ ਪਿਤਾ ਬਾਣੀ ਸਾਨੂੰ ਰੋਜ਼ ਦੱਸਦੀ,
ਰਹਿ ਗਿਆ ਜੀ ਥੋੜ੍ਹਾ ਹੁਣ ਖੋਜ ਦੱਸਦੀ,
ਸਾਂਭ ਲਵੋ ਓਹਨੂੰ ਨਾ ਮੁਕਾਓ ਦੋਸਤੋ,
ਬੂੰਦ ਬੂੰਦ ਪਾਣੀ ਦੀ ਬਚਾਓ ਦੋਸਤੋ।
ਪਾਣੀ ਬਿਨਾਂ ਧਰਤੀ ਦਾ ਨਾਸ਼ ਹੋ ਜਾਊ,
ਜੀਵ ਜੰਤੂਆਂ ਦਾ ਪੱਤਾ ਸਾਫ ਹੋ ਜਾਊ,
ਉਲਝੀ ਏ ਤਾਣੀ ਸੁਲਝਾਓ ਦੋਸਤੋ,
ਬੂੰਦ ਬੂੰਦ ਪਾਣੀ ਦੀ ਬਚਾਓ ਦੋਸਤੋ।
ਗੰਦਗੀ ਜੋ ਪਾਣੀ ਵਿੱਚ ਰੋਜ਼ ਘੋਲਦੇ,
ਨਰਕ ਦੁਆਰ ਜਿੰਦਗੀ ਲਈ ਖੋਲ੍ਹਦੇ,
ਉਹਨਾਂ ਨੂੰ ਵੀ ਮਿਲ ਸਮਝਾਓ ਦੋਸਤੋ,
ਬੂੰਦ ਬੂੰਦ ਪਾਣੀ ਦੀ ਬਚਾਓ ਦੋਸਤੋ।
———————00000———————
ਧੰਨ ਗੁਰੂ ਅਰਜਨ ਦੇਵ ਜੀ
ਧੰਨ ਪੰਜਵੇਂ ਪਾਤਸ਼ਾਹ ਜੀ,
ਧੰਨ ਹੈ ਜੀ ਥੋਡੀ ਕੁਰਬਾਨੀ।
ਤੱਤੀ ਤਵੀ ਤੇ ਬੈਠ ਗਏ,
ਕਰ ਗਏ ਕੌਮ ਲਈ ਕੰਮ ਲਾਸਾਨੀ।
ਮਾਨਵ ਅਧਿਕਾਰਾਂ ਤੇ ਦਿੱਤਾ ,
ਪਹਿਰਾ ਪੂਰਾ ਡੱਟ ਕੇ।
ਬਾਣੀ ਦੇ ਬੋਹਿਥ ਬਣ,
ਕਦੀ ਨਾ ਕਰਮ ਬਚਨ ਤੋਂ ਭਟਕੇ।
ਸਿਰ ਤੇ ਤਪਦੀ ਰੇਤ ਪੈਂਦੀ,
ਮੂੰਹ ਚੋ ਫਿਰ ਵੀ ਨਿਕਲੇ ਬਾਣੀ।
ਧੰਨ ਪੰਜਵੇਂ ਪਾਤਸ਼ਾਹ ਜੀ,
ਧੰਨ ਹੈ ਜੀ ਥੋਡੀ ਕੁਰਬਾਨੀ।
ਜਿਨ੍ਹਾਂ ਜੁਲਮ ਕਮਾਏ ਸੀ,
ਉਨ੍ਹਾਂ ਦੇ ਬਚੇ ਨਾ ਮਹਿਲ ਮੁਨਾਰੇ।
ਸਿੱਖੀ ਦੇ ਦੁਨੀਆਂ ਵਿੱਚ,
ਝੂਲਣ ਝੰਡੇ ਗੁਰੂ ਦੁਆਰੇ।
ਨਾਲੇ ਲੰਗਰ ਲਗਦੇ ਜੀ,
ਲੱਗਣ ਛਬੀਲਾਂ ,ਮਿੱਠਾ ਪਾਣੀ
ਧੰਨ ਪੰਜਵੇਂ ਪਾਤਸ਼ਾਹ ਜੀ,
ਧੰਨ ਹੈ ਜੀ ਥੋਡੀ ਕੁਰਬਾਨੀ।
ਗ੍ਰੰਥ ਸਾਹਿਬ ਦੀ ਕਰ ਸਥਾਪਨਾ,
ਕੀਤਾ ਕਾਰਜ ਮਹਾਨ ਤੁਸੀ ਜਿਹੜਾ,
ਜਿੱਥੇ ਕੂੜ ਪਸਰਿਆ ਸੀ,
ਉਹ ਥਾਂ ਕਰਤਾ ਰੌਸ਼ਨ ਖੇੜਾ।
ਅੱਜ ਪੂਰੀ ਦੁਨੀਆਂ ਵਿੱਚ,
ਘਰ ਘਰ ਪਹੁੰਚੀ ਹੈ ਗੁਰਬਾਣੀ।
ਧੰਨ ਪੰਜਵੇਂ ਪਾਤਸ਼ਾਹ ਜੀ,
ਧੰਨ ਹੈ ਜੀ ਥੋਡੀ ਕੁਰਬਾਨੀ।
———————00000———————
ਉੱਠ ਜਾਗ ਓਏ ਕਿਸਾਨਾਂ 
ਉਠ ਜਾਗ ਓਏ ਕਿਸਾਨਾਂ,
ਕਰ ਦੂਰ ਤੂੰ ਹਨੇਰ।
ਪੜ੍ਹ ਲਿਖ ਕਰ ਖੇਤੀ,
ਨਾਲੇ ਬਣ ਜਾ ਦਲੇਰ ।
ਤੇਰੇ ਖੇਤਾਂ ਵਿੱਚ ਪਹਿਰਾ,
ਕਾਹਤੋਂ ਕਾਲਖਾਂ ਦਾ ਹੋਵੇ।
ਮਾਰੇ ਭਾਅ ਹਰਿਆਲੀ,
ਖ਼ੁਸ਼ੀਆਂ ਦਾ ਬੀਅ ਖਿਲੇਰ।
ਅੱਖਾਂ ਖੋਹਲ ਕਰ ਖੇਤੀ,
ਜਿਆਦਾ ਪਾਈ ਨਾ ਤੂੰ ਰੇਹ।
ਫਸਲ ਨੂੰ ਹੈ ਮਾਰ ਦਿੰਦੀ ,
ਬਹੁਤੀ ਕੀਤੀ ਸਪਰੇਹ।
 ਹੋਵੇ ਉਪਜ ਸੁਨੱਖੀ,
ਸਿਹਤ ਲਈ ਵੀ ਹੋਵੇ ਚੰਗੀ।
ਘਰ ਵਾਲੀ ਰੂੜੀ ਪਾ ਲੈ,
ਇਹ ਜ਼ਮੀਨ ਲਈ ਚੰਗੀ।
ਲਾ ਪ੍ਰਾਲੀਆਂ ਨੂੰ ਅੱਗ,
ਧਰਤੀ ਮਾਂ ਨਾ ਮਚਾਵੀ।
ਚੰਗੇ ਤੱਤਾਂ ਦੀ ਹੈ ਲੋੜ,
ਅੱਗ ਨਾਲ ਨਾ ਜਲਾਵੀਂ।
ਬਚੂ ਉਪਜਾਊਪਣ,
ਹੋਣ ਫ਼ਸਲਾਂ ਦੇ ਢੇਰ।
ਉਦੋਂ ਖੁਸ਼ੀਆਂ ਦੇ ਵਾਲੀ ,
ਚੜੂ ਤੇਰੇ ਲਈ ਸਵੇਰ।

———————00000———————

ਇਹ ਦਿਨ ਵੀ ਰਹਿਣੇ ਯਾਦ
ਦਿਨ ਹਾਲੇ ਚੰਗੇ ਨਈਂ, ਤੂੰ ਜਿਗਰਾ ਤਕੜਾ ਕਰ,
ਠੇਡੇ ਤਾਂ ਵੱਜਣਗੇ ,ਅਜੇ ਦਿਨ ਮਾੜੇ ਨੇ।
ਭੁੱਲ ਜਾਣੇ ਇਹ ਦਿਨ ਪਰ , ਲੋਕ ਨਾ ਭੁੱਲਣਗੇ,
ਜਿੰਨਾਂ ਉੱਗਣੋਂ ਪਹਿਲਾਂ ਹੀ, ਖ਼ੁਆਬ ਉਜਾੜੇ ਨੇ।
ਲਗਦਾ ਏ ਦੁਨੀਆਂ ਨੂੰ, ਅਸੀਂ ਨਹੀਂ ਪੁੰਗਰਨਾ,
ਫੁੱਟ ਤਾਂ ਓਹ ਵੀ ਪੈਂਦੇ, ਜੋ ਲੋਆਂ ਸਾੜੇ ਨੇ।
ਮਾੜੇ ਭਾਗਾਂ ਦੇ ਨਾਲ ,ਹਾਲੇ ਲੜਦੇ ਹਾਂ,
ਪਾਏ ਜਿੰਦਗੀ ਨੇ ਕੁਝ , ਅਜਬ ਪਵਾੜੇ ਨੇ।
ਸਮਝ ਲੈਣ ,ਜੋ ਦੁਸ਼ਮਣ ਬਣ ਬਣ ਖੜਦੇ ਨੇ,
ਅਸੀਂ ਚੰਮ ਦੇ ਕਈ ਲਿਫਾਫੇ,ਸੱਜਣਾਂ ਪਾੜੇ ਨੇ।
ਅੱਖਾਂ ਵਿੱਚ ਪਾ ਅੱਖਾਂ, ਇਕ ਦਿਨ ਦੱਸਾਂਗੇ,
ਵਰਤਕੇ ਜਿੰਨ੍ਹਾਂ, ਪੈਰਾਂ ਹੇਠ ਲਤਾੜੇ ਨੇ।
‘ਰਾਜਨ’ ਜੇਹੜੇ ਨੀਂਦ ਕਿਸੇ ਦੀ ,ਖੋਂਹਦੇ ਨੇ,
ਖੁਦ ਵੀ ਨਾ ਸੋਂ ਸਕਦੇ,ਮਾਰ ਘੁਰਾੜੇ ਨੇ।
———————00000———————

ਗੀਤ

ਚੰਦਰੇ ਕਰੋਨੇ ਨੇ, ਸਾਡੀ ਜਾਨ ਮੁੱਠੀ ਵਿੱਚ ਕੀਤੀ,
ਚੰਗੀ ਭਲੀ ਵਸਦੀ ਸੀ,ਹੁਣ ਦੁਨੀਆਂ ਕੈਦ ਪਈ ਕੀਤੀ।
ਦਿਨ ਰਾਤ ਕੰਮ ਕਰਦੇ ਸੀ,
ਢਿੱਡ ਵਾਸਤੇ ਕਮਾਈਆਂ ਕਰਦੇ।
ਆਹ ਜਦੋਂ ਦੀ ਬਿਮਾਰੀ ਫੈਲਗੀ,
ਲੋਕੀਂ ਜਾਣ ਦਿਨੋ ਦਿਨ ਮਰਦੇ।
ਅੱਗ ਲੱਗੇ ਚੀਨ ਦੇਸ਼ ਨੂੰ,
ਜੀਹਨੇ ਘਟੀਆ ਖੋਜ ਹੈ ਕੀਤੀ,
ਚੰਦਰੇ ਕ੍ਰੋਨੇ ਨੇ ,ਸਾਡੀ ਜਾਨ ਮੁੱਠੀ ਵਿੱਚ ਕੀਤੀ..
ਕੁਝ ਕਰ ਸਰਕਾਰੇ ਨੀ,
ਲੋਕ ਸਾਹਾਂ ਬਿਨਾਂ ਮਰੀ ਜਾਂਦੇ।
ਮੌਤ ਕੋਲੋ ਬੇ ਡਰ ਜੋ,
ਮਾਇਆ ਮੰਤਰੀ ਕੱਠੀ ਕਰੀ ਜਾਂਦੇ।
ਭੁੱਖਾਂ ਨਾਲ ਮਰੇ ਜਨਤਾ ,
ਤਾਂ ਵੀ ਬੈਠੀ ਹੈ ਬੁੱਲਾਂ ਨੂੰ ਸੀਤੀ।
ਚੰਦਰੇ ਕਰੋਨੇ ਨੇ ,ਸਾਡੀ ਜਾਨ ਮੁੱਠੀ ਵਿੱਚ ਕੀਤੀ…
ਰੁੱਖ ਪਹਿਲਾਂ ਸੁੱਟੇ ਪੁੱਟ ਕੇ,
ਹੁਣ ਪੈ ਗਈ ਲੋੜ ਤਾਂ ਡਾਹਢੀ।
ਆਕਸੀਜਨ ਲਭਦੀ ਨਾ,
ਔਖੀ ਜਾਨ ਨਿਕਲਦੀ ਡਾਹਢੀ।
ਰਾਜਿਆਂ ਨੂੰ ਰਾਜ ਦੀ ਪਈ,
ਲੋਕਾਂ ਉੱਤੇ ਨਾ ਪਤਾ ਕੀ ਬੀਤੀ।
ਚੰਦਰੇ ਕਰੋਨੇ ਨੇ ,ਸਾਡੀ ਜਾਨ ਮੁੱਠੀ ਵਿੱਚ ਕੀਤੀ,
ਚੰਗੀ ਭਲੀ ਵਸਦੀ ਸੀ, ਹੁਣ ਦੁਨੀਆਂ ਕੈਦ ਪਈ ਕੀਤੀ।
———————00000———————

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin