Story

ਗਾਂਧੀ ਦੀ ਸਿਫਾਰਸ਼ !

ਲੇਖਕ: ਗੁਰਜੀਤ ਕੌਰ “ਮੋਗਾ”

ਗਿੰਦਰ ਦੇ ਪੁੱਤ ਨੂੰ ਕੈਨੇਡਾ ਦੀ ਪੀ ਆਰ ਮਿਲ ਚੁੱਕੀ ਸੀ।  ਪੁੱਤ ਦਾ ਫੋਨ ਸੁਣ ਕੇ ਗਿੰਦਰ ਤੇ ਉਸਦੀ ਘਰਵਾਲੀ ਬਾਗੋ ਬਾਗ ਹੋ ਗਏ। “ਬਸ ਹੁਣ ਆਪਾਂ ਸਾਰਾ ਕਰਜ਼ਾ ਛੇਤੀ ਲਾਹ ਦਿਆਂਗੇ ਬਾਪੂ।” ਪੁੱਤ ਦੇ ਬੋਲ ਸੁਣ ਕੇ ਗਿੰਦਰ ਵੀ ਹੌਸਲੇ ‘ਚ ਹੋ ਗਿਆ। ਗਿੰਦਰ ਤਾਂ ਪੁੱਤ ਵੀ ਮਿਹਨਤੀ ਸੁਭਾਅ ਦਾ ਸੀ। ਇਕ ਦਿਨ ਗਿੰਦਰ ਦੇ ਪੁੱਤ ਦਾ ਫੋਨ ਆਇਆ “ਬਾਪੂ ਤੁਸੀਂ ਵੀ ਤਿਆਰੀ ਕਰ ਲਵੋ ਥੋਡਾ ਵੀ ਛੇਤੀ ਚੱਕਰ ਲਵਾਉਣਾ ਕਨੇਡਾ ਦਾ।”

 ਪੁੱਤ ਨੇ ਬਾਪੂ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਕਿਹਾ। ਗਿੰਦਰ ਤੇ ਉਸਦੀ ਘਰਵਾਲੀ ਦਾ ਚਾਅ ਨਹੀਂ ਸੀ  ਚੁੱਕਿਆ ਜਾਂਦਾ।ਗਰਮੀਆਂ ਦੇ ਦਿਨ ਸਨ ਗਿੰਦਰ ਅਗਲੇ ਦਿਨ ਹੀ ਇਮੀਗ੍ਰੇਸ਼ਨ ਵਾਲਿਆਂ ਦੇ ਦਫ਼ਤਰ ਪਹੁੰਚ ਗਿਆ। ਲੋੜੀਂਦੇ ਕਾਗਜ਼ਾਂ ਦੀ ਲਿਸਟ ਤਿਆਰ ਕਰਵਾ ਲਿਆਇਆ ਤੇ ਕਾਗਜ਼ ਇਕੱਠੇ ਕਰਨ ਦੀ ਤਿਆਰੀ ਵਿੱਚ ਰੁੱਝ ਗਿਆ। ਹੁਣ ਉਸ ਦਾ ਸ਼ਹਿਰ ਗੇੜਾ ਲੱਗਦਾ ਹੀ ਰਹਿੰਦਾ।
ਅਜ ਗਿੰਦਰ ਆਵਦਾ ਦਾ ਵਿਆਹ ਰਜਿਸਟਰ ਕਰਵਾਉਣ ਲਈ ਕਚਹਿਰੀ ਪਹੁੰਚਿਆ। ਗਰਮੀ ਨਾਲ ਉਸਦਾ ਬੁਰਾ ਹਾਲ ਹੋ ਗਿਆ। ਆਸੇ ਪਾਸੇ ਨਜ਼ਰ ਘੁੰਮਾਉਂਦਿਆਂ ਉਸ ਨੂੰ ਕਿਤੇ ਪਾਣੀ ਦੀ ਘੁੱਟ ਨਜ਼ਰ ਨਾ ਆਈ।
ਸਬਰ ਜਿਹਾ ਕਰ ਕੇ ਉਹ ਕੈਬਿਨ ਵਿੱਚ ਪਹੁੰਚ ਗਿਆ। ਆਵਦੇ ਵਿਆਹ ਦਾ ਕਾਰਡ ਝੋਲੇ ‘ਚੋਂ ਕੱਢਦਿਆਂ ਉਸ ਨੇ ਫਾਰਮ ਭਰਨ ਵਾਲੇ ਕੋਲ ਮੇਜ਼ ਤੇ ਰੱਖ ਦਿੱਤਾ ।
“ਇਹ ਤਾਂ ਥੋਡੇ ਵਿਆਹ ਦਾ ਹੈ ਥੋਡੀ- ਪਤਨੀ ਦੇ ਵਿਆਹ ਵਾਲਾ ਵੀ ਲਿਆਓ? ਚਾਲੀ ਕੁ ਸਾਲ ਪਹਿਲਾਂ ਹੋਏ ਵਿਆਹ ਦੇ ਕਾਰਡ ਸੰਭਾਲਣੇ ਮੁਮਕਿਨ ਨਹੀਂ ਸਨ।”ਉਹ ਤਾਂ ਹੈ ਨਹੀਂ  ਜੀ। ” ਗਿੰਦਰ ਨੇ ਨਾਂਹ ‘ਚ ਸਿਰ ਹਿਲਾਉਂਦਿਆਂ ਕਿਹਾ।  “ਚਲੋ ਥੋਡੇ ਵਿਆਹ ਵਾਲੀਆਂ ਫੋਟੋਆਂ ਲਿਆਓ?” ਝੋਲੇ ‘ਚ ਹੱਥ ਮਾਰਦਿਆਂ ਉਸ ਨੇ ਦੋ ਤਿੰਨ ਫੋਟੋਆਂ ਅਗਾਂਹ ਵਧਾਈਆਂ। “ਇਹ ਤਾਂ ਘੁੰਡ ਵਾਲੀਆਂ ਹਨ.. ਚਿਹਰਾ ਤਾਂ ਦਿੱਸਦਾ ਹੀ ਨਹੀਂ  ਇਹ ਨਹੀਂ ਚੱਲਣੀਆਂ।” ਅਰਜ਼ੀ ਭਰਨ ਵਾਲਾ ਬੋਲਿਆ।
” ਪਰ ਸਾਡੇ ਕੋਲ ਤਾਂ ਹੋਰ ਹੈ ਨਹੀਂ ।” ਗਿੰਦਰ ਨੇ ਥੋੜ੍ਹਾ ਘਬਰਾ ਕੇ ਕਿਹਾ। “ਚਲੋ ਵਿਆਹ ਰਜਿਸਟਰ ਦਾ ਹੀ ਸਬੂਤ ਦੇ ਦਿਓ? ਕੋਈ ਗੁਰਦੁਆਰੇ ਦਾ ਸਰਟੀਫਿਕੇਟ ਵਗੈਰਾ  ..?”
ਸਾਨੂੰ ਤਾਂ ਸਬੂਤ ਚਾਹੀਦੇ ਐ ਜੀ.. ਫੇਰ ਹੀ ਥੋਡਾ ਕੰਮ ਹੋਣੈ। ਫਾਰਮ ਭਰਨ ਵਾਲੇ ਨੇ ਪੈੱਨ ਬੰਦ ਕਰਕੇ ਪਾਸੇ ਰੱਖਦਿਆਂ ਕਿਹਾ। “ਉਨ੍ਹਾਂ ਦਿਨਾਂ ‘ਚ ਕਿੱਥੇ ਹੁੰਦਾ ਸੀ ਸਾਰਾ ਕੁਝ।” ਉਦੋਂ ਕਿਹੜਾ ਨਕਲੀ ਵਿਆਹ ਹੁੰਦੇ ਸੀ.. ਭਲੇ ਵੇਲੇ ਹੁੰਦੇ ਸੀ.. ਸਿੱਧੇ ਸਾਦੇ ਲੋਕ ਤੇ ਸਿੱਧਾ ਸਾਦਾ ਵਿਆਹ.. ਕਿਸੇ ਸਬੂਤਾਂ ਦੀ ਲੋੜ ਨਹੀਂ ਸੀ ਪੈਂਦੀ.. ਬਸ ਵਿਚੋਲੇ ਦੇ ਭਰੋਸੇ ਹੀ ਸਾਰਾ ਕਾਰਜ ਹੋ ਜਾਂਦਾ ਸੀ। ਗਿੰਦਰ ਨੇ ਇੱਕੋ ਸਾਹੇ ਪੁਰਾਣੇ ਸਮਿਆਂ ਨੂੰ ਯਾਦ ਕਰਦਿਆਂ ਸਭ ਕੁਝ  ਕਹਿ ਦਿੱਤਾ। ਉਹ ਭਾਸ਼ਨ ਬੰਦ ਕਰ ਬਾਬੇ.. ਫੋਟੋ ਲਿਆ ਜਦੋਂ ਤੇਰੀਆਂ ਲਾਂਵਾਂ ਪੜ੍ਹੀਆਂ ਸੀ..
  ਕੁਰਸੀ ਸਹੀ ਕਰਦਿਆਂ ਉਸਨੇ ਕਿਹਾ।
 “ਉਹ ਤਾਂ ਹੈ ਨੀ ਜੀ।” ਹੁਣ ਗਿੰਦਰ ਨੇ ਮੱਥੇ ਦੀ ਤਰੇਲੀ ਪੂੰਝਦਿਆਂ ਕਿਹਾ।  ਸਿਹਰਾ ਫੜ੍ਹਨ ਵਾਲੇ ਦਾ ਆਧਾਰ ਕਾਰਡ ਤਾਂ ਲਿਆਇਆ ਏ ਕਿ ਨਹੀਂ? ਫਾਰਮ ਭਰਨ ਵਾਲਾ ਫਿਰ ਬੋਲਿਆ। ਪਿਆਸ ਨਾਲ ਗਿੰਦਰ ਦਾ ਗਲਾ ਸੁੱਕ ਰਿਹਾ ਸੀ। ਬੱਸ ਮੈਂ ਨਹੀਂ ਕਰਵਾਉਂਦਾ ਵਿਆਹ ਪੱਕਾ। ਗਿੰਦਰ ਉੱਠ ਕੇ ਖੜ੍ਹੋ ਗਿਆ । ਮਾਯੂਸ ਹੋਇਆ ਗਿੰਦਰ ਆਪਣੀਆਂ ਫੋਟੋਆਂ ਚੁੱਕ ਝੋਲੇ ‘ਚ ਪਾਉਣ ਲੱਗਾ। ਬੈਠੋ ਬਾਈ ਜੀ.. ਘਬਰਾਓ ਨਾ.. ਸਾਰਾ ਕੰਮ ਹੋਜੂ ਥੋਡਾ ਆਪਾਂ ਗਾਂਧੀ ਦੀ ਸਿਫ਼ਾਰਸ਼ ਲਾ ਦਿਆਂਗੇ। ਜਿੱਥੇ ਰਾਸ਼ਟਰਪਿਤਾ ਦੀ ਸਿਫ਼ਾਰਸ਼ ਹੋਵੇ ਉੱਥੇ ਕੁਝ ਨਹੀਂ ਅੜਦਾ ਕੈਬਿਨ ਵਾਲੇ ਨੇ ਭਰੋਸਾ ਦਿਵਾਇਆ..। ਸਮਝਦਾਰ ਨੂੰ ਇਸ਼ਾਰਾ ਕਾਫ਼ੀ ਹੁੰਦੈ। ਗਿੰਦਰ ਨੇ ਜੇਬ ‘ਚੋਂ ਨੋਟ ਕੱਢੇ ਤੇ ਅਗਾਂਹ ਵਧਾਏ ਤਾਂ ਫਾਰਮ ਭਰਦਿਆਂ ਉਸਨੇ ਮੁਸਕਰਾੳਦਿਆਂ ਕਿਹਾ “ਹੁਣ ਥੋਡਾ ਕੰਮ ਹੋ ਗਿਆ ਸਮਝੋ।”

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin