Articles Literature

ਜਾਬਰ ਸ਼ਾਸ਼ਕ ਅੱਗੇ ਨਾਬਰ ਸ਼ਾਇਰ ਦਾ ਪ੍ਰਵਚਨ : ਰਾਜ ਕਰੇਂਦੇ ਰਾਜਿਆ . . . !

ਸਵੈ-ਕਥਨ:
ਪਿਛਲੇ ਸਵਾ-ਡੇਢ ਸਾਲ ਤੋਂ ਕਰੋਨਾ ਨੇ ਕਹਿਰ ਢਾਇਆ ਹੋਇਐ। ਇਹ ਹੈ ਵੀ ਪਰ ਵਧੇਰੇ ਕਰ ਕੇ ‘ਡਰ ਦੀ ਸਿਆਸਤ’ ਕੀਤੀ ਜਾ ਰਹੀ ਹੈ। ਬਾਹਰ-ਅੰਦਰ ਜਾਣਾ ਬੰਦ ਹੋਇਆ ਪਿਐ। ਮੇਰੇ ਵਰਗੇ ਘੁੰਮੱਕੜ ਬੰਦੇ ਵਾਸਤੇ ਇਹ ਬਿਨਾਂ ਦੋਸ਼ੋਂ ਕੈਦ ਵਾਂਙ ਹੈ। ਸਰਮਾਏਦਾਰ ਪੱਖੀ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਕਿਸਾਨਾਂ ਸਿਰ ਮੜ੍ਹੇ ਕਾਲ਼ੇ ਕਾਨੂੰਨ ਰੱਦ ਕਰਵਾਉਣ ਵਾਸਤੇ ਕਿਸਾਨੀ ਘੋਲ ਹੁਣ ਲੋਕ-ਘੋਲ ਬਣ ਚੁੱਕੈ। ਪੂਰਾ ਭਾਰਤ ਦੇਸ਼ ਉੱਠ ਖੜੋਤਾ ਹੈ। ਕਿਰਤੀ ਤੇ ਕਿਸਾਨ ਲੱਖਾਂ ਦੀ ਗਿਣਤੀ ਵਿਚ ਬੜੀ ਸਿਦਕ-ਦਿਲੀ ਨਾਲ ਦਿੱਲੀ ਨੂੰ ਘੇਰ, ਮੋਰਚਾ ਮੱਲ ਕੇ ਬੈਠੇ ਹੋਏ ਹਨ। ਸਰਕਾਰੀ ਧੰਗੇੜ ਸਹਿੰਦੇ ਸੈਂਕੜਿਆਂ ਦੀ ਤਦਾਦ ਵਿਚ ਸੰਘਰਸ਼ੀ ਜਿਉੜੇ ਲੋਥਾਂ ਬਣ ਕੇ ਘਰੀਂ ਮੁੜ ਚੁੱਕੇ ਹਨ। ਦੁਨੀਆ ਭਰ ‘ਚੋਂ ਇਹਨਾਂ ਕਾਨੂੰਨਾਂ ਦੇ ਵਿਰੁੱਧ ਤੇ ਕਿਸਾਨੀ ਦੇ ਹੱਕ ਵਿਚ ਭਰਵੀਂ ਆਵਾਜ਼ ਉੱਠੀ ਹੋਈ ਹੈ। ਕਿਸਾਨ ਆਗੂਆਂ ਦੀਆਂ ਰਾਜ-ਕਰਦਿਆਂ ਨਾਲ ਕਈ ਬੇ-ਸਿੱਟਾ ਬੈਠਕਾਂ ਹੋ ਚੁੱਕੀਆਂ ਹਨ। ਅਜੇ ਤੀਕਰ ‘ਦਿੱਲੀ’ ਦੇ ਕੰਨ ‘ਤੇ ਜੂੰਅ ਨਹੀਂ ਸਰਕੀ। ਉਹ ‘ਮੈਂ ਨਾ ਮਾਨੂੰ’ ਦਾ ਰਾਗ ਅਲਾਪ ਰਹੀ ਹੈ। ਘੋਗਲ-ਕੰਨੇ ਹੋਣ ਦੀ ਤਾਂ ਹੱਦ ਹੀ ਹੋਈ ਪਈ ਹੈ।
ਕੁਝ ਲੋਕਾਂ ਵੱਲੋਂ ਸੰਘਰਸ਼ੀ ਲੋਕਾਂ ਦੀ ਆਵਾਜ਼ ਬੋਲ਼ੀ ਸਰਕਾਰ ਨੂੰ ਸੁਣਾਉਣ ਵਾਸਤੇ ਆਤਮ-ਹੱਤਿਆ ਵੀ ਕੀਤੀ ਗਈ। ਐਪਰ ਸਰਕਾਰ ਦੀ ਸਿਹਤ ਉੱਤੇ ਕੋਈ ਅਸਰ ਨਹੀਂ ਹੋਇਆ। ਇਸ ਭੈੜੇ ਵਰਤਾਰੇ ਕਾਰਨ ਦੁਖੀ ਹੋਏ ਮਨ ਵਿਚ ਕਈ ਵਾਰ ਆਉਂਦਾ ਕਿ ਲੋਕਾਈ ਨੂੰ ਔਖ ਵਿਚ ਪਾਉਣ ਵਾਲੇ ਢੀਠ ਲੋਕਾਂ ਦੇ ਵਿਰੁੱਧ ਇਕ ਲੰਬਾ ਰੋਸ-ਪੱਤਰ ਲਿਖ, ਦਿੱਲੀ ਦੇ ਕਿਸੇ ਅਹਿਮ ਥਾਂ ‘ਤੇ ਜਾ ਕੇ ਸੰਘਰਸ਼ ਦੇ ਖਾਤੇ ‘ਚ ਆਪਣੀ ਜਾਨ ਦੀ ਆਹੂਤੀ ਦੇ ਦੇਵਾਂ। ਇਸ ਪਾਰੋਂ ਮਨ ਬੜੀ ਦੇਰ ਉਧੇੜ-ਬੁਣ ਵਾਲੀ ਸਥਿੱਤੀ ‘ਚ ਰਿਹਾ ਪਰ ਹਰ ਵਾਰ ਜਿਉਣ ਦੀ ਲੋਚ ਤੇ ਆਪਣੇ ਲੋਕਾਂ ਵਾਸਤੇ ਕੁਝ ਕਰਨ ਦੀ ਸੋਚ ਜਿੱਤਦੀ ਰਹੀ। ਇਹ ਸੰਭਾਵੀ ਕਾਰਵਾਈ ਮੈਨੂੰ ਦਲੇਰਾਨਾ ਦੀ ਥਾਂ ਬੁਜ਼ਦਿਲੀ ਵਾਲੀ ਵੀ ਲੱਗੀ।
ਵਾਪਰਦੀਆਂ ਘਟਨਾਵਾਂ ਤੇ ਜ਼ਰ-ਖ਼੍ਰੀਦ ਮੀਡੀਏ ਦੀਆਂ ਕਰਤੂਤਾਂ ਕਾਰਨ ਮਨ ਬਹੁਤ ਅਸ਼ਾਂਤ ਅਤੇ ਤਲਖ਼ ਹੋਇਆ ਰਹਿੰਦਾ। ਸਰਕਾਰੀ ਟੁੱਕੜ-ਬੋਚ ਮੀਡੀਆ ਕਿਸਾਨੀ ਨਾਲ ਹੋਏ ਧੱਕੇ ਦੇ ਵਿਰੁੱਧ ਮੋਰਚਾ ਲਾ ਕੇ ਡਟੇ ਹੋਏ ਸੰਘਰਸ਼ੀ ਲੋਕਾਂ ਨੂੰ ਅੱਤਵਾਦੀ, ਨਕਸਲੀ, ਮਾਓਵਾਦੀ, ਪਾਕਿਸਤਾਨੀ ਏਜੰਟ ਆਦਿ ਪਤਾ ਨਹੀਂ ਕੀ ਕੀ ਪ੍ਰਚਾਰਦਾ ਰਹਿੰਦਾ। ਸਰਕਾਰੀ ਤੰਤਰ ਨੇ ਸੰਘਰਸ਼ਸ਼ੀਲ ਲੋਕਾਂ ਦੇ ਰਾਹਾਂ ‘ਚ ਰੋਕਾਂ ਖੜ੍ਹੀਆਂ ਕਰਨ, ਪਾਣੀ ਬੰਦ ਕਰਨ, ਸੜਕਾਂ ‘ਤੇ ਨੁਕੀਲੇ ਕਿੱਲ ਠੋਕਣ ਅਤੇ ਭਾੜੇ ਦੇ ਟੱਟੂਆਂ ਰਾਹੀਂ ਘੁਸਪੈਠ ਕਰਵਾਅ ਕੇ ਹਾਲਾਤ ਖ਼ਰਾਬ ਹੋਣ ਦਾ ਬਹਾਨਾ ਬਣਾ ਕੇ ਮੋਰਚੇ ਨੂੰ ਪੈਂਤੜੇ ਤੋਂ ਉਖਾੜਨ ਵਾਸਤੇ ਅਨੇਕਾਂ ਘਿਨਾਉਣੇ ਤੇ ਘਟੀਆ ਯਤਨ ਕੀਤੇ। ਸਿਦਕ ਤੇ ਸਿਰੜ ਨੇ ਆਪਣਾ ਰੰਗ ਵਿਖਾਇਆ ਤੇ ਮੋਰਚਾ ਚੜ੍ਹਦੀ ਕਲਾ ਵੱਲ ਵਧਦਾ ਗਿਆ। ਸਰਕਾਰ ਨੇ ਮੋਰਚੇ ਵਿਚ ਪਾੜਾ ਪਾਉਣ ਦੀਆਂ ਵੀ ਬਥੇਰੀਆਂ ਕਮੀਨੀਆਂ ਜੁਗਤਾਂ ਲੜਾਈਆਂ, ਚਾਲਾਂ ਚੱਲੀਆਂ ਪਰ ਇਹ ਨਾਕਾਮ ਰਹੀਆਂ। ਜਥੇਬੰਦੀਆਂ ਦਾ ਏਕਾ ਸਾਬਤ ਕਦਮੀਂ, ਪੱਕੇ ਪੈਰੀਂ ਰਿਹਾ।
ਤਬੀਅਤ ਬਾਗ਼ੀ ਹੋਣ ਕਰ ਕੇ ਮਨ ਮੋਰਚੇ ਵਿਚ ਕੁੱਦਣ ਨੂੰ ਕਰਦਾ। ਮੇਰਾ ਦਿਲ ਕਰਦਾ, ਮੰਚ ਉੱਤੋਂ ਆਪਣੀਆਂ ਤਿੱਖੀਆਂ-ਤੱਤੀਆਂ ਕਵਿਤਾਵਾਂ ਰਾਹੀਂ ਸਰਕਾਰ ਨੂੰ ਦੁਰਫਿੱਟੇ-ਮੂੰਹ ਆਖ ਕੇ ਵੰਗਾਰਾਂ, ਲਾਣ੍ਹਤ ਪਾਵਾਂ ਤੇ ਲੋਕਾਂ ਦੇ ਦਿਲਾਂ ਵਿਚ ਜੋਸ਼ ਭਰਾਂ ਪਰ ਤਨ ਸਾਥ ਨਾ ਦਿੰਦਾ ਲੱਗਦਾ। ਮੇਰੇ ਕਈ ਵਿਦਿਆਰਥੀਆਂ ਤੇ ਨੇੜਲੇ ਸੱਜਣ-ਮਿੱਤਰਾਂ ਦੀ ਮੋਰਚੇ ਵਿਚ ਮੌਜੂਦਗੀ ਮੈਨੂੰ ਲਾਣ੍ਹਤ ਪਾਉਂਦੀ ਲੱਗਦੀ। ਮਨ ਅਤਿਅੰਤ ਦੁਖੀ ਰਹਿੰਦਾ।
ਪਿਛਲੇ ਕਈ ਸਾਲ ਲੰਬੀ ਇਕ ਨਾ-ਮੁਰਾਦ ਬਿਮਾਰੀ ਦੀ ਜਕੜ ਵਿੱਚੋਂ ਬੇਸ਼ਕ ਸਬੂਤਾ ਨਿਕਲ ਆਇਆ ਪਰ ਤਨ ਬੋਦਾ ਹੋ ਗਿਆ। ਮਨ ਹੰਭਲਾ ਮਾਰਦਾ ਪਰ ਤਨ ਮਿੱਟੀ ਹੋ ਬਹਿੰਦਾ। ਇਹ ਦਿੱਲੀ ਦੀ ਹੱਦ ‘ਤੇ ਹੋਣ ਵਾਲੀ ਔਖ ਸਹਿਣੋਂ ਮੂਲੋਂ ਇਨਕਾਰੀ ਹੋ ਬੈਠਾ। ਜੀਵਨ ਦਾਨ ਦੇਣ ਵਾਲੀ ਦਵਾ-ਦਾਰੂ ਨੇ ਜਾਨ ਤਾਂ ਬਚਾਅ ਦਿੱਤੀ ਪਰ ਜਿਸਮਾਨੀ ਬਲ ਖੋਹ ਲਿਆ। ਇਹ ਹੱਡੀਆਂ ਤੇ ਨਿਗ੍ਹਾ ਵਾਸਤੇ ਵੀ ਘਾਤਕ ਸਿੱਧ ਹੋਈ ਐਪਰ ਮਨੋਬਲ ਫਿਰ ਵੀ ਕਿੱਲ ਵਰਗਾ ਰਿਹਾ।
ਆਖਰ ਸੋਚ ਨੇ ਹਲੂਣਾ ਖਾਧਾ, ਵੰਗਾਰ ਪਾਈ; ‘ਕੀ ਹੋਇਆ ਤੂੰ ਉੱਥੇ ਨਹੀਂ ਜਾ ਸਕਦਾ, ਕਾਨੀ ਤਾਂ ਤੇਰੇ ਕੋਲ ਹੈ। ਵਾਹੁਣੀ ਵੀ ਤੈਨੂੰ ਆਉਂਦੀ ਹੈ, ਇਸ ਨੂੰ ਕਟਾਰ ਵਾਂਙ ਵਾਹ। ਰੋਸ-ਪੱਤਰ ਲਿਖ ਕੇ ਜਾਨ ਦੇਣ ਦੀ ਥਾਂ, ਠੋਸ-ਪੱਤਰ ਲਿਖ। ਕਾਨੀ ਦੀ ਨੋਕ, ਖੰਡੇ ਦੀ ਧਾਰ ਤੋਂ ਵੀ ਤਿੱਖੀ ਹੁੰਦੀ ਹੈ। ਅੱਖਰਾਂ ‘ਚ ਅਥਾਹ ਤਾਕਤ ਹੁੰਦੀ ਹੈ। ਇਹ ਢੇਰੀ ਢਾਹ ਕੇ ਬੈਠੇ ਲੋਕਾਂ ਦੇ ਲੂੰ-ਕੰਡੇ ਖੜ੍ਹੇ ਕਰ ਸਕਦੇ ਹਨ, ਉਨ੍ਹਾਂ ਨੂੰ ਗੱਜਣ ਲਾ ਸਕਦੇ ਹਨ। ਜਦੋਂ ਬਲਸ਼ਾਲੀ ਤੇ ਨਿੱਗਰ ਸ਼ਬਦ ਗੂੰਜਣ, ਬੋਲਣ ਲੱਗ ਪੈਣ, ਸ਼ਾਸ਼ਕ ਬਲਹੀਣ ਹੋ ਕੇ ਡਿੱਗਣ, ਡੋਲਣ ਲੱਗ ਪੈਂਦੇ ਹਨ।’
ਮੈਂ ਚਾਲੀ-ਬਿਆਲੀ ਵਰ੍ਹਿਆਂ ਤੋਂ ਕਈ ਰੰਗਾਂ ਦੀ ਕਵਿਤਾ ਲਿਖ ਰਿਹਾ ਹਾਂ। ਇਹਨਾਂ ਦਿਨਾਂ ਵਿਚ ਵਧੇਰੇ ਰਚਨਾਵਾਂ ਰਾਜ-ਕਰਦਾ ਦਲਾਂ ਦੀਆਂ ਮਾੜੀਆਂ ਨੀਤੀਆਂ ਬਾਰੇ ਲਿਖੀਆਂ ਗਈਆਂ। ਦਿਲ ਵਿਚ ਪੱਕੀ ਧਾਰ ਲਈ ਕਿ ਰੋਮਾਂਸਵਾਦੀ ਕਾਵਿ ਦਾ ਖਹਿੜਾ ਛੱਡ ਕੇ ਕੇਵਲ ਤੇ ਕੇਵਲ ਘੇਸਲ ਮਾਰ ਕੇ ਸੁੱਤੇ ਹਾਕਮ ਨੂੰ ਜਗਾਉਣ ਅਤੇ ਬਲੀ ਦੇ ਬੁੱਥੇ ਆਏ ਲੋਕਾਂ ਦੇ ਦਿਲਾਂ ਵਿਚ ਜੋਸ਼ ਭਰਨ ਅਤੇ ਚੇਤਨ ਕਰਨ ਵਾਲੀ ਕਵਿਤਾ ਹੀ ਲਿਖੀ ਜਾਵੇ। ਇਹ ਹੀ ਲੋਕ-ਪੱਖੀ ਕਾਰਜ ਹੈ ਤੇ ਇਸ ਵੇਲ਼ੇ ਦੀ ਵੱਡੀ ਤੇ ਫ਼ੌਰੀ ਲੋੜ ਹੈ। ਇਸ ਨਾਲ ਜੁਝਾਰੂ ਲੋਕਾਂ ਦੇ ਹੌਸਲੇ ਬੁਲੰਦ ਹੋਣਗੇ।
ਮੈਂ ਆਪਣੇ ਆਪ ਨੂੰ ਸਾਰੀ ਉਮਰ ਗੋਗੇ ਗਾਉਣ ਵਾਲੇ ਹਾਸ਼ਮ-ਸ਼ਾਹੀ ਕਾਵਿ ਤੋਂ ਦੂਰ ਰੱਖਿਆ ਹੈ। ਸਦਾ ਸੱਤਾ ਪੱਖ ਵੱਲੋਂ ਕੀਤੇ ਜਾਂਦੇ ਧੱਕਿਆਂ ਦੇ ਵਿਰੁੱਧ ਹੀ ਕਲਮ ਚਲਾਈ ਹੈ, ਉਹ ਵੀ ਨਿਠ ਕੇ, ਦਲੇਰੀ ਤੇ ਨਿੱਡਰਤਾ ਨਾਲ। ਬੇਸ਼ਕ ਇਸ ਦਾ ਖ਼ਮਿਆਜ਼ਾ ਵੀ ਭੁਗਤਣਾ ਪਿਆ ਐਪਰ ਸਿਦਕੀ ਤੇ ਸਿਰੜੀ ਹੋਣ ਦਾ ਸਬੂਤ ਦਿੰਦਾ ਰਿਹਾ ਹਾਂ। ਸੱਚ ਦਾ ਪੱਲਾ ਘੁੱਟ ਕੇ ਫੜੀ ਰੱਖਿਆ ਤੇ ਝੂਠ ਨੂੰ ਦੱਬ ਕੇ ਛੰਡਿਆ ਹੈ। ਇਹਨਾਂ ਦਿਨਾਂ ਵਿਚ ਜਾਬਰ ਵਿਰੁੱਧ ਨਾਬਰ ਹੋਣ ਨੂੰ ਹੋਰ ਹੁਲਾਰਾ ਮਿਲਿਆ। ਫੇਸਬੁੱਕ ਉੱਤੇ ਲਿਖ ਲਿਖ ਕੇ ਡੰਝ ਲਾਹ ਸੁੱਟੀ। ਰਚਨਾਵਾਂ ‘ਤੇ ਪਾਠਕਾਂ ਵੱਲੋਂ ਮਿਲਦਾ ਪਿਆਰ ਵੇਖ ਕੇ ਢੇਰ ਸੰਤੁਸ਼ਟੀ ਮਿਲਦੀ। ਮਨ ‘ਤੇ ਪਿਆ ਬੋਝ ਹੌਲ਼ਾ ਹੋਇਆ ਹੋਇਆ ਮਹਿਸੂਸ ਹੁੰਦਾ। ਸੈਂਕੜੇ ਪਾਬੰਦ ਗ਼ਜ਼ਲਾਂ, ਗੀਤ, ਦੋਹੇ, ਦੋਹੜੇ, ਕੋਰੜੇ, ਬੈਂਤ, ਰੁਬਾਈਆਂ, ਕਵਿਤਾਵਾਂ ਤੇ ਪੈਂਤੀ ਅੱਖਰੀਆਂ ਆਦਿ ਕਲਮ ਦੀ ਨੋਕ ‘ਚੋਂ ਨਿਕਲੀਆਂ। ਬਹੁਤ ਸਾਰੇ ਦੋਹੇ ‘ਰਾਜ ਕਰੇਂਦੇ ਰਾਜਿਆ’ ਤੁਕਾਂਗ (ਦੋਹੇ ਦੀ ਪਹਿਲੀ ਤੁਕ ਦਾ ਪਹਿਲਾ ਅੱਧ) ਰੱਖ ਕੇ ਵੀ ਰਚੇ। ਉਹ ਕਈ ਥਾਂਵਾਂ (ਪੋਸਟਾਂ) ‘ਤੇ ਖਿੱਲਰੇ ਪਏ ਸਨ। ਇਕੱਠੇ ਕੀਤੇ ਤਾਂ ਖਿਆਲ ਆਇਆ ਕਿ ਮੌਜੂਦਾ ਦੌਰ ਦੇ ਧੁੰਦੂਕਾਰੇ ਬਾਰੇ ਕਹਿਣ ਵਾਸਤੇ ਬੜਾ ਕੁਝ ਅਜੇ ਬਾਕੀ ਪਿਆ ਹੈ। ਕਿਉਂ ਨਾ ਇਸ ਤੁਕਾਂਗ ਉੱਤੇ ਹੀ ਵੱਡੀ ਗਿਣਤੀ ਵਿਚ ਦੋਹੇ ਰਚੇ ਜਾਣ ? ਫਿਰ ਕੀ ਸੀ ? ਮੁੱਢੋਂ ਹੀ ਮੇਰੇ ਸੁਭਾਅ ਵਿਚ ਇਹ ਗੱਲ ਸ਼ਾਮਿਲ ਹੈ ਕਿ ਜੋ ਕੁਝ ਸੋਚ ਲਿਆ, ਉਹ ਕੰਮ ਕਰਨ ਵਾਸਤੇ ਕਦੇ ਢਿੱਲ-ਮੱਠ ਨਹੀਂ ਕੀਤੀ। ਕੰਮ ਨੇਪਰੇ ਚਾੜ੍ਹ ਕੇ ਹੀ ਸਾਹ ਲਿਆ ਹੈ।
ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ‘ਰਾਜ ਕਰੇਂਦੇ ਰਾਜਿਆ’ ਦੋਹਾ ਮਟਕੀ ਕਿਵੇਂ ਬਣੀ ?
ਇਹ ਇਸੇ ਮਾਰਚ ਮਹੀਨੇ ਦੇ ਛੇਕੜਲੇ ਦਿਨਾਂ ਦੀ ਗੱਲ ਹੈ। ਮਨ ਵਿਚ ਕੁਝ ਚੰਗਾ ਕਰਨ ਦੀ ਪੱਕੀ ਧਾਰ ਕੇ ਆਪਣੇ ਭੋਰੇ ਵਿਚ ਢਾਸਣਾ ਲਾ ਲਿਆ। ਹਰਿੰਦਰ ਨੂੰ ਆਖ ਦਿੱਤਾ ਕਿ ਕੁਝ ਦਿਨ ਮੈਨੂੰ ਕਿਸੇ ਘਰੇਲੂ ਕੰਮ ਵਾਸਤੇ ਨਹੀਂ ਕਹਿਣਾ, ਬਸ ਦੋ ਘੰਟੇ ਬਾਅਦ ਚਾਹ ਦੀ ਪਿਆਲੀ ਤੇ ਰੋਟੀ ਵੇਲੇ ਹਾਕ ਮਾਰ ਦੇਣੀ।
ਜਾਬਰ ਸਰਕਾਰ ਵਿਰੁੱਧ ਗੁੱਸੇ ਤੇ ਨਫ਼ਰਤ ਨਾਲ ਸਿਰ ਪਾਟਣ ਵਾਲਾ ਹੋਇਆ ਪਿਆ ਸੀ। ਪਹਿਲਾਂ ਵਾਲੇ ਦੋਹਿਆਂ -ਜਿੰਨ੍ਹਾਂ ਬਾਰੇ ਸਰਹੱਦੀ ਹੁਰਾਂ ਨੇ ਭੂਮਿਕਾ ਲਿਖੀ ਸੀ- ਵਿੱਚੋਂ ਬਹੁਤਿਆਂ ਨੂੰ ਹੱਥਲੀ ਪੋਥੀ ਵਾਲੇ ਰੰਗ ‘ਚ ਢਾਲਿਆ। ਜਿਵੇਂ ਜਿਵੇਂ ਇਹ ਕੰਮ ਨੇਪਰੇ ਚੜ੍ਹਦਾ ਗਿਆ, ਮਨ ਉਤਲਾ ਬੋਝ ਹਲਕਾ ਹੁੰਦਾ ਗਿਆ। ਕੁਝ ਕੁ ਦੀ ਕਾਂਟ-ਛਾਂਟ ਕੀਤੀ। ਢੇਰ ਸਾਰੇ ਨਵੇਂ ਦੋਹੇ ਰਚੇ ਗਏ। ਦਿਨ ਰਾਤ ਦਾ ਕੋਈ ਪਤਾ ਨਾ ਲੱਗਿਆ। ਠੰਢੇ ਭੋਰੇ ‘ਚ ਲਪਟਾਂ ਛੱਡਦੇ ਦੋਹੇ ਘੜੀਂਦੇ ਰਹੇ। ਚੌਥੇ ਦਿਨ, ਸਾਰੇ ਦੋਹੇ ਵਿਉਂਤਣ ਤੋਂ ਬਾਅਦ ਜਦੋਂ ਗਿਣਤੀ ਕੀਤੀ ਤਾਂ ਇਹ ਸਾਢੇ ਸੱਤ ਸੌ ਨੂੰ ਪਾਰ ਕਰ ਚੁੱਕੇ ਸਨ। ਉਸ ਦਿਨ ਦੋ ਅਪ੍ਰੈਲ ਦੀ ਰਾਤ ਨੂੰ ਮੈਂ ਘੋੜੇ ਵੇਚ ਕੇ ਸੁੱਤਾ।
ਅਗਲੇ ਦਿਨ ਨਜ਼ਰਸਾਨੀ ਕੀਤੀ ਤਾਂ ਕਈ ਥਾਂਵਾਂ ‘ਤੇ ਦੁਹਰਾਅ ਰੜਕਦਾ ਸੀ। ਸਾਰੇ ਦਿਨ ਦੀ ਮਗ਼ਜ਼-ਪੱਚੀ ਤੋਂ ਬਾਅਦ ਇਹ ਪੌਣੇ ਸੱਤ ਕੁ ਸੌ ਰਹਿ ਗਏ। ਪੰਜਾਂ ਦਿਨਾਂ ਵਿਚ ‘ਰਾਜ ਕਰੇਂਦੇ ਰਾਜਿਆ’ ਪੋਥੀ ਮੌਜੂਦਾ ਸਰੂਪ ਧਾਰਨ ਕਰ ਚੁੱਕੀ ਸੀ। ਆਪਣੇ ਲੋਕਾਂ ਵਾਸਤੇ ਕੀਤੇ ਨਿੱਗਰ ਕੰਮ ਦਾ ਅਕਹਿ ਚਾਅ ਚੜ੍ਹਿਆ ਪਿਆ ਸੀ। ਮੈਂ ਇਸ ਨੂੰ ‘ਦੋਹਾ-ਮਟਕੀ’ ਆਖਦਾ ਹਾਂ।
ਪਹਿਲੇ ਬੋਲ ਹੀ ਪ੍ਰਕਾਸ਼ਕ ਨੇ ਛਾਪਣ ਵਾਸਤੇ ਹਾਂ ਕਰ ਦਿੱਤੀ। ਹੁਣ ਇਹ ਕਿਤਾਬੀ ਰੂਪ ਵਿਚ ਤੁਹਾਡੇ ਹੱਥਾਂ ਵਿਚ ਹੈ। ਪਾਠਕਾਂ ਨੇ ਮੇਰੀ ਇਸ ਦੋਹਾ-ਮਟਕੀ ਨੂੰ ਸਿਰ ‘ਤੇ ਚੁੱਕ ਲਿਆ ਹੈ। ਪਹਿਲੇ ਐਡੀਸ਼ਨ ਦੀ ਗਿਆਰਾਂ ਸੌ ਕਿਤਾਬ ਨਿਕਲ ਚੁੱਕੀ ਹੈ। ਦੂਜਾ ਐਡੀਸ਼ਨ ਵੀ ਛਪ ਚੁੱਕਾ ਹੈ। ਮੈਨੂੰ ਇਸ ਕੀਤੇ ਹੋਏ ਕਾਰਜ ਦੀ ਖ਼ੁਸ਼ੀ ਭਰੀ ਸੰਤੁਸ਼ਟੀ ਹੈ। ਮਹਿਸੂਸ ਹੁੰਦਾ ਹੈ ਕਿ ਮੈਂ ਆਪਣੇ ਲੋਕਾਂ ਵਾਸਤੇ ਕੁਝ ਨਾ ਕੁਝ ਚੰਗਾ ਕਰ ਸਕਿਆ ਹਾਂ।
ਇਸ ਤੋਂ ਅਗਲੀ ਗੱਲ:
ਮੇਰੀ ਦੋਹਾ-ਮਟਕੀ ‘ਰਾਜ ਕਰੇਂਦੇ ਰਾਜਿਆ’ ਹੁਣ ਤੁਹਾਡੇ ਹੱਥਾਂ ‘ਚ ਹੈ। ਇਸ ਨੂੰ ਆਮ ਕਿਤਾਬ ਵਾਂਙ ਪੜ੍ਹਨ ਦੀ ਥਾਂ ਕਿਸਾਨੀ ਸੰਘਰਸ਼/ਮੋਰਚਾ, ਮੁਲਾਜ਼ਮਾਂ ਦੀ ਹੱਕਾਂ ਪ੍ਰਤੀ ਲੜਾਈ, ਮਹਿੰਗਾਈ, ਸਿਹਤ, ਸਿੱਖਿਆ, ਸੁਰੱਖਿਆ ਤੇ ਪ੍ਰਬੰਧ ‘ਚ ਨਿਘਾਰ, ਰਿਸ਼ਵਤਖ਼ੋਰੀ, ਸਾਮਰਾਜਵਾਦ ਦਾ ਵਿਸਥਾਰ ਅਤੇ ਨਪੀੜੇ ਜਾ ਰਹੇ ਆਮ ਆਦਮੀ ਦੀ ਹੋਣੀ ਆਦਿ ਨੂੰ ਧਿਆਨ ਵਿਚ ਰੱਖ ਕੇ ਪੜ੍ਹਨਾ ਹੈ। ਇਹ ਦੋਹੇ ਸਖ਼ਤ ਦੋਹਾ ਲੋਕਾਂ ਦੀ ਮਾਨਸਿਕਤਾ ਵਿਚ ਵਸਿਆ ਹੋਇਆ ਕਾਵਿ-ਰੂਪ ਹੈ। ਇਸ ਦੇ ਦੋ ਮਿਸਰਿਆਂ ਵਿਚ ਹੀ ਵਡੇਰੀ/ਪੂਰੀ ਗੱਲ ਕੀਤੀ ਜਾ ਸਕਦੀ ਹੈ। ਇਹ ਦੋ-ਸਤਰੀ ਸੰਪੂਰਨ ਕਵਿਤਾ ਹੁੰਦੀ ਹੈ। ਮੈਂ ਇਹਨਾਂ ਦੋਹਿਆਂ ਵਿਚ ਹਾਕਮ ਨੂੰ ਮਾੜੀ ਨੀਤੀ ਤੋਂ ਹੋੜਨ ਦਾ ਯਤਨ ਕੀਤਾ ਹੈ, ਬਣਦੀ ਰਾਇ ਦਿੱਤੀ ਹੈ, ਚੂੰਢੀ ਵੱਢੀ ਹੈ, ਛਿੱਬੀ ਦਿੱਤੀ ਹੈ, ਫਿਟਕਾਰ ਪਾਈ ਹੈ, ਲਾਣ੍ਹਤ ਘੱਲੀ ਹੈ। ਪੰਜਾਬੀ ਸੁਭਾਅ ਅਨੁਸਾਰ ‘ਕੁੱਤੇਖਾਣੀ’ ਕੀਤੀ ਹੈ। ਜਿੰਨੀਂ ਮੇਰੀ ਸਮਰੱਥਾ ਹੈ, ਮੈਂ ਕਲਮਕਾਰ ਹੋਣ ਦਾ ਆਪਣਾ ਫ਼ਰਜ਼ ਨਿਭਾਅ ਦਿੱਤਾ ਹੈ। ਮੇਰਾ ਇਕ ਦੋਹਾ ਹੈ:
  ਬੋਲੇ ਜੇਕਰ ਸ਼ਾਇਰ ਨਾ, ਬੋਲੇਗਾ ਫਿਰ ਕੌਣ।
  ਬਿਨ ਬੋਲੇ  ਨਾ ਨਿਕਲਣੀ, ਜੂਲ਼ੇ  ਹੇਠੋਂ ਧੌਣ।
ਹੁਣ ਇਸ ਗੱਲ ਨੂੰ ਅੱਗੇ ਤੋਰਨ, ਪ੍ਰਚਾਰ-ਪ੍ਰਸਾਰ ਕਰਨ ਦੀ ਜ਼ੰਮੇਵਾਰੀ ਤੁਹਾਡੇ ਸਿਰ ਹੈ। ਚੇਤਨ, ਨਿੱਡਰ, ਸਿਰੜੀ, ਸਿਦਕੀ ਤੇ ਹਿੰਮਤੀ ਪੰਜਾਬੀ ਪੁੱਤਰ ਹੋਣ ਦਾ ਸਬੂਤ ਦਿਓ। ਕਿਤਾਬ ਮਨ ਦੇ ਮੇਚ ਆਉਂਦੀ ਹੋਵੇ ਤਾਂ ਇਸ ਬਾਰੇ ਚਾਰ ਅੱਖਰ ਵੀ ਲਿਖੋ ਤਾਂ ਕਿ ਜਿੰਨ੍ਹਾਂ ਸੱਜਣਾਂ ਤੱਕ ਮੇਰੀ ਪਹੁੰਚ ਨਹੀਂ, ਉਹ ਇਸ ਪੁਸਤਕ ਤੋਂ ਅਭਿੱਜ ਹੀ ਨਾ ਰਹਿ ਜਾਣ।
‘ਰਾਜ ਕਰੇਂਦੇ ਰਾਜਿਆ’ ਨੂੰ ਪੜ੍ਹੋ, ਸੋਚੋ, ਵੀਚਾਰ ਕਰੋ, ਅਮਲ ਕਰੋ ਤੇ ਹੋਰਨਾਂ ਨੂੰ ਚੇਤਨ ਕਰਨ ਵਾਸਤੇ ਇਹ ਕਿਤਾਬ ਪੜ੍ਹਾਓ। ਪੱਥਰ ‘ਤੇ ਲਕੀਰ ਵਰਗਾ ਸੱਚ ਹੈ ਕਿ ਜਿਹੜੀ ਕੌਮ ਦੇ ਹੱਥਾਂ ‘ਚ ਕਿਤਾਬ ਹੁੰਦੀ ਹੈ, ਉਹ ਕਦੇ ਵੀ ਦਬਾਈ, ਦਬਕਾਈ ਤੇ ਲੁੱਟੀ ਨਹੀਂ ਜਾ ਸਕਦੀ। ਉਹ ਰਾਜ-ਕਰਨੀ ਕੌਮ ਬਣਦੀ ਹੈ। ਗ਼ੁਲਾਮੀ ਉਸ ਦੇ ਨੇੜੇ-ਤੇੜੇ ਵੀ ਨਹੀਂ ਫਟਕ ਸਕਦੀ। ਕਲਮ, ਕਟਾਰ ਨਾਲੋਂ ਸਦਾ ਤਾਕਤਵਰ ਰਹੀ ਹੈ। ਅੱਖਰਾਂ ਵਿਚ ਅਸੀਮ ਬਲ ਹੁੰਦਾ ਹੈ। ਸ਼ਬਦ ਦੁਨੀਆ ਹਿਲਾਅ ਕੇ ਰੱਖ ਦਿੰਦੇ ਹਨ।
ਜਾਗਰੂਕ ਹੋਣਾ ਇਸ ਵੇਲ਼ੇ ਦੀ ਮੁੱਢਲੀ ਤੇ ਅਤਿਅੰਤ ਜ਼ਰੂਰੀ ਲੋੜ ਹੈ। ਨਾ ਜਾਗੇ ਤਾਂ ਹਰਲ ਹਰਲ ਕਰਦੇ ਫਿਰਦੇ ਸਰਮਾਏਦਾਰ ਬੋਕ ਸਾਡੇ ਖੇਤ ਚਰ ਜਾਣਗੇ, ਸਾਡੀਆਂ ਰੀਝਾਂ ਵਲੂੰਧਰ ਕੇ ਰੱਖ ਦੇਣਗੇ, ਸਾਡੇ ਚਾਵਾਂ ਨੂੰ ਲੰਗਾਰ ਕਰ ਦੇਣਗੇ, ਸਾਡੀਆਂ ਖ਼ੁਸ਼ੀਆਂ ਮਧੋਲ ਕੇ ਸੁੱਟ ਦੇਣਗੇ। ਆਪਣੀ ਰਾਖੀ ਵਾਸਤੇ ਹੁਣ ਪੂਰੀ ਤਰ੍ਹਾਂ ਮੁਸਤੈਦ ਹੋ ਕੇ, ਜੀਓ-ਜੀਅ ਨੂੰ ਚੌਕੀਦਾਰਾ ਕਰਨਾ ਪੈਣਾ ਹੈ।
ਇਸ ਕਿਤਾਬ ਨੂੰ ਬਹੁਤ ਸਾਰੇ ਚੇਤਨ ਤੇ ਸੁਹਿਰਦ ਮਿੱਤਰਾਂ ਨੇ ਦਸ ਦਸ-ਵੀਹ ਵੀਹ ਦੀ ਗਿਣਤੀ ਵਿਚ ਅੱਗੇ ਵੰਡਣ ਵਾਸਤੇ ਮੰਗਵਾਇਆ ਹੈ। ਉਹਨਾਂ ਸਭ ਦਾ ਦਿਲੋਂ ਧੰਨਵਾਦ। ਪੜ੍ਹਨ ਉਪਰੰਤ ਇਸ ਕਿਤਾਬ ਨੂੰ ਸਾਂਭ ਕੇ ਨਾ ਰੱਖੋ, ਹੋਰਾਂ ਨੂੰ ਪੜ੍ਹਾਓ। ਕਿਤਾਬਾਂ, ਕਿਤਾਬ-ਘਰਾਂ ਨਾਲੋਂ ਹੱਥਾਂ ‘ਚ ਵਧੇਰੇ ਸ਼ੋਭਦੀਆਂ ਹਨ। ਇਹ ਮਨੁੱਖ ਨੂੰ ਹਨੇਰੇ ‘ਚੋਂ ਕੱਢ ਕੇ ਚਾਨਣ ਵੱਲ ਨੂੰ ਤੋਰਦੀਆਂ ਹਨ।
ਕੀਮਤ ਬਾਰੇ ਗੱਲ ਕਰਾਂ ? ਕਿਤਾਬ ਦਾ ਮੁੱਲ ਛਿੱਲੜਾਂ ਵੱਲ ਵੇਖ ਕੇ ਨਹੀਂ ਭਰਨਾ ਚਾਹੀਦਾ, ਕੀਮਤ, ਕਾਗਜ਼ਾਂ ‘ਤੇ ਛਪੇ ਅੱਖਰਾਂ ਦੀ ਹੁੰਦੀ ਹੈ। ਕੀਮਤ, ਪੀਣ ਵਾਲਿਆਂ ਵਾਸਤੇ ਸਸਤੀ ਤੋਂ ਸਸਤੀ ਬੋਤਲ ਅਤੇ ਬਿਊਟੀ ਪਾਰਲਰ ਜਾਣ ਵਾਲੀਆਂ ਦੇ ਇਕ ਫੇਰੇ ਬਦਲੇ ਪੰਜ ਸੱਤ ਕਿਤਾਬਾਂ ਮਿਲ ਸਕਦੀਆਂ ਹਨ। ਪੜ੍ਹਨ ਵਾਲਿਆਂ ਵਾਸਤੇ ਕਿਤਾਬ ਦੀ ਕੀਮਤ ਨਹੀਂ ਹੁੰਦੀ, ਕਿਤਾਬ ਕੀਮਤੀ ਹੁੰਦੀ ਹੈ।
ਆਕਾਰ ਵਜੋਂ ਇਹ 128 ਪੰਨਿਆਂ ਦੀ ਕਿਤਾਬ ਹੈ ਅਤੇ 678 ਦੋਹਿਆਂ ਦੇ ਨਾਲ ਇਕ ਪੈਂਤੀ ਅੱਖਰੀ (ਦੋਹੇ) ਵੀ ਹੈ। ਸ੍ਵ. ਮਹਿੰਦਰ ਸਾਥੀ ਜੀ ਅਤੇ ਜਨਾਬ ਸੁਲੱਖਣ ਸਰਹੱਦੀ ਜੀ ਵੱਲੋਂ ਇਸ ਕਿਤਾਬ ਦੀ ਭੂਮਿਕਾ ਲਿਖੀ ਹੋਈ ਹੈ। ਪੋਥੀ ਵਿਚ ਮੈਂ ਵੀ ‘ਦਿਲ ਦੀ ਗੱਲ’ ਲੈ ਕੇ ਤੁਹਾਡੇ ਅੱਗੇ ਹਾਜ਼ਰ ਹਾਂ। ਮੇਰਾ ਯਕੀਨ ਹੈ ਕਿ ਇਸ ਪੁਸਤਕ ਵਿਚਲੇ ਦੋਹੇ ਤੁਹਾਨੂੰ ਹਲੂਣ ਕੇ ਰੱਖ ਦੇਣਗੇ। ਤੁਹਾਡੀ ਚੇਤਨਾ ਨੂੰ ਜਗਾਉਣਗੇ, ਬੁਝੇ ਹੋਏ ਮਨਾਂ ਨੂੰ ਰੌਸ਼ਨੀ ਦੇਣਗੇ। ਸੱਚ ਨਾਲ ਖੜ੍ਹਨ ਦਾ ਜੇਰਾ ਪ੍ਰਦਾਨ ਕਰਨਗੇ ਤੇ ਝੂਠ ਨੂੰ ਫਿਟਕਾਰਨ ਵਾਸਤੇ ਦਲੇਰੀ ਦੇਣਗੇ।
ਇਸ ਪੋਥੀ ਬਾਰੇ ਉੱਘੀ ਸ਼ਾਇਰਾ ਕੁਲਵਿੰਦਰ ‘ਕੰਵਲ’ ਨੇ ਇਕ ਦੋਹਾ ਲਿਖ ਭੇਜਿਆ ਹੈ:
‘ਰਾਜ ਕਰੇਂਦੇ ਰਾਜਿਆ’, ਵਿਚ ਖ਼ਬਰੇ ਕੀ ਅੱਗ।
ਇਸ ਨੂੰ ਵਾਚਣ ਵਾਸਤੇ, ਲੱਭਦਾ ਫਿਰਦਾ ਜੱਗ।
ਇਹ ਕਿਤਾਬ ਤੁਸੀਂ ਮੇਰੇ ਤੋਂ ਨਿਸ਼ੰਗ ਮੰਗਵਾਅ ਸਕਦੇ ਹੋ। ਮੇਰੀ ਲੋਚ ਹੈ ਕਿ ਬੁਝੇ ਮਨਾਂ ਵਿਚ ਰੌਸ਼ਨੀ, ਅਚੇਤਨ ਮਨਾਂ ਵਿਚ ਚੇਤਨਾ ਤੇ ਢੱਠੇ ਦਿਲਾਂ ਵਿਚ ਹਿੰਮਤ ਭਰਨ ਵਾਲੀ ਮੇਰੀ ਇਹ ਪੋਥੀ ਹਰੇਕ ਘਰ ਵਿਚ ਮੌਜੂਦ ਹੋਵੇ।
ਇਸ ਪੋਥੀ ਬਾਰੇ ਮੇਰੇ ਕੁਝ ਦੋਹੇ ਹਨ:
‘ਰਾਜ ਕਰੇਂਦੇ ਰਾਜਿਆ’,ਦੋਹਾ-ਮਟਕੀ ਤਿਆਰ।
ਹੱਥੋ-ਹੱਥੀ ਲੈ ਗਏ, ਡਾਢਾ ਮਿਲਦਾ ਪਿਆਰ।
ਚਰਚਾ ਏਸ ਕਿਤਾਬ ਦਾ, ਕਰਦੇ ਨੇ ਵਿਦਵਾਨ।
ਲਾ ਕੇ ਬੈਠੇ ਹਿੱਕ ਨੂੰ, ਕਿਰਤੀ ਤੇ ਕਿਰਸਾਨ।
ਪੱਕੇ ਦੋਹੇ ਮਿੱਤਰੋ, ਸ਼ਬਦਾਂ ਦਾ ਨਾ ਢੇਰ।
ਕੀਤੀ ਸਿੱਧੀ ਗੱਲ ਹੈ,ਪਾਵਾਂ ਨਾ ਵਲ਼ ਫੇਰ।
ਜਿੱਥੇ ਚਾਹੀ ਮਾਰਨੀ, ਸਿੱਧੀ ਮਾਰੀ ਸੱਟ।
ਮਾਰ ਹਥੌੜਾ ਸ਼ਬਦ ਦਾ, ਕੱਢ ਸਾਰੇ ਵੱਟ।
ਕਿੱਥੇ ਚੂੰਢੀ ਵੱਢਣੀ, ਕਿੱਥੇ ਦੇਣੀ ਮੱਤ।
ਜਾਣਾਂ ਪੱਕੇ ਢੀਠ ਦੀ, ਕਰਨੀ ਕਿੰਞ ਕੁਪੱਤ।
ਬਾਝੋਂ ਪੱਕੇ ਮਾਂਦਰੀ, ਨਾਗ਼ ਨ ਹੋਵੇ ਕੀਲ।
ਸਾਰੇ ਦੋਹੇ ਦੋਸਤੋ, ਲੜਦੇ ਵਾਂਙ ਵਕੀਲ।
ਜਿਹੜੇ ਮੇਰੇ ਦੇਸ਼ ਦਾ, ਮਾਸ ਰਹੇ ਨੇ ਚੂੰਡ।
ਤਿੰਨ੍ਹਾਂ ਤਾਈਂ ਲੜਨਗੇ,ਬਣ ਕੇ ਪੀਲੇ ਭੂੰਡ।
ਦੋਹੇ ਉਸ ‘ਤੇ ਤਨਜ਼ ਨੇ, ਜਿਹੜਾ ਮਾਰੇ ਗੱਪ।
ਸੱਚੀ ਸੁਣ ਕੇ ਓਸ ਨੇ, ਸੱਚੀਂ ਪੈਣੈ ਟੱਪ।
ਚੌਧਰ ਉਹਨਾਂ ਕੋਲ ਹੈ, ਜਿਹੜੇ ਬੰਦੇ ਜੂਠ।
ਲੋਕੀਂ ਸਭ ਕੁਝ ਜਾਣਦੇ, ਫਿਰ ਵੀ ਬੋਲਣ ਝੂਠ।
ਦੋਹਿਆਂ ਦੇ ਵਿਚ ਪਾ ਧਰੀ, ਰਾਜੇ ਨੂੰ ਫਿਟਕਾਰ।
ਕੀਕਣ ਚੱਲੇ ਰਾਜ ਫਿਰ, ਜੇ ਰਾਜਾ ਬਦਕਾਰ।
ਦੋਹਾ-ਮਟਕੀ ਵਿੱਚ ਹੈ, ਹੱਕ ਸੱਚ ਦੀ ਗੱਲ।
ਸੱਚ ਸਦਾ ਹੈ ਜਿੱਤਦਾ, ਅੱਜ ਨਹੀਂ ਤਾਂ ਕੱਲ੍ਹ।
ਇਸ ਪੋਥੀ ਦਾ ਪਾਠ ਕਰ, ਲੋਕੀਂ ਹੋਣ ਸੁਚੇਤ।
ਕਿੱਦਾਂ ਰੋਡੇ ਬੱਕਰੇ, ਚਰ ਜਾਵਣਗੇ ਖੇਤ।
ਲੋਕੀਂ ਨੇ ਹੁਣ ਸਮਝਦੇ, ਇਸ ਦੀ ਡਾਢੀ ਲੋੜ।
ਮੂੰਹੋਂ-ਮੂੰਹੀਂ ਆਖਦੇ, ਪੁਸਤਕ ਹੈ ਬੇਜੋੜ।
ਜਿਹੜੇ ਨਿੱਗਰ ਕਾਵਿ ਦੇ, ਸੱਚੀਂ ਹੈਨ ਮੁਰੀਦ।
‘ਰਾਜ ਕਰੇਂਦੇ ਰਾਜਿਆ’, ਵੰਡਣ ਮੁੱਲ ਖ਼ਰੀਦ।
ਹਾਸ਼ਮ-ਸ਼ਾਹੀ ਕਾਵਿ ਤੋਂ, ਰੱਖਾਂ ਖ਼ੁਦ ਨੂੰ ਦੂਰ।
ਦੋਖੀ ਤਾਂ ਹੀ ਆਖਦੇ, ਬੰਦਾ ਹੈ ਮਗ਼ਰੂਰ।
ਮੈਂ ਚਾਹੁੰਦਾ ਹਾਂ ਵੇਖਣੀ, ਇਹ ਪੋਥੀ ਹਰ ਹੱਥ।
ਚਰਚਾ ‘ਸੂਫ਼ੀ’ ਚੱਲਣੀ, ਹੱਟੀ, ਭੱਠੀ, ਸੱਥ।
ਮੈਨੂੰ ਯਕੀਨ ਹੈ ਕਿ ਮੇਰੀ ਦੋਹਾ-ਮਟਕੀ ‘ਰਾਜ ਕਰੇਂਦੇ ਰਾਜਿਆ’ ਨਿੱਗਰ ਸੋਚ ਦੇ ਹਾਣੀ ਲੋਕਾਂ ਦੇ ਮਨ ਦੇ ਮੇਚ ਆ ਜਾਵੇਗੀ।
ਆਮੀਨ।
– ਅਮਰ ‘ਸੂਫ਼ੀ’

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin