Articles Culture

ਪਿੰਡਾਂ ਵਾਲਾ ਰੰਗਲਾ ਬਚਪਨ

ਲੇਖਕ: ਮਾਸਟਰ ਸੰਜੀਵ ਧਰਮਾਣੀ,
ਸ੍ਰੀ ਅਨੰਦਪੁਰ ਸਾਹਿਬ

ਜਦੋਂ ਗੱਲ ਪਿੰਡਾਂ ਦੀ ਹੋਵੇ ਤਾਂ ਅਕਸਰ ਹੀ ਪਿੱਪਲ , ਬੋਹੜ , ਖੂਹ , ਗਲੀਆਂ , ਖੁੱਲ੍ਹੇ – ਡੁੱਲ੍ਹੇ ਹਰਿਆਵਲੇ ਖੇਤ , ਬਲ਼ਦ , ਬੈਲਗੱਡੀਆਂ , ਸੁਹਾਗੇ , ਦੌਣ ਵਾਲੇ ਮੰਜੇ , ਛੱਪੜ , ਟੋਭੇ , ਮੱਝਾਂ , ਸੱਥਾਂ , ਖਾਲ਼ਿਆਂ , ਕੁੱਪ , ਕੁੰਨੂ , ਚਾਟੀਆਂ , ਮਧਾਣੀਆਂ ਤੇ ਪਿੰਡਾਂ ਵਿਚਲੇ ਧਰਮ – ਅਸਥਾਨਾਂ ਦੀ ਯਾਦ ਤੇ ਦ੍ਰਿਸ਼ ਅੱਖਾਂ ਦੇ ਸਾਹਮਣੇ ਸਰੋਸਰੀ ਆ ਜਾਂਦੇ ਹਨ। ਅਜਿਹੇ ਸੁਹਾਵਣੇ ਸਥਾਨ ‘ਤੇ ਬਿਤਾਇਆ ਬਚਪਨ ਵੀ ਸੱਚਮੁੱਚ ਹੀ ਰੰਗਲਾ ਤੇ ਯਾਦਾਂ ਭਰਿਆ ਹੁੰਦਾ ਹੈ। ਲੱਗਭੱਗ ਤਿੰਨ ਕੁ ਦਹਾਕੇ ਪਹਿਲਾਂ ਸਾਡੇ ਪਿੰਡਾਂ ਵਿਚਲਾ ਬਚਪਨ ਸੱਚਮੁੱਚ ਅਨੌਖਾ ਅਤੇ ਅਨੰਦਦਾਇਕ ਸੀ। ਕੱਚੇ ਕੋਠਿਆਂ ‘ਤੇ ਯਾਰਾਂ ਬੇਲੀਆਂ ਨਾਲ ਬੈਠ ਕੇ ਪੜ੍ਹਨਾ , ਫ਼ਸਲਾਂ ਦੀ ਕਟਾਈ ਤੋਂ ਬਾਅਦ ਖੁੱਲ੍ਹੇ – ਡੁੱਲ੍ਹੇ ਖੇਤਾਂ ਵਿੱਚ ਜਾਂ ਚਰਾਂਦਾਂ ਆਦਿ ਵਿੱਚ ਪਤੰਗ ਉਡਾਉਣਾ , ਦਾਦਾ – ਦਾਦੀ ਜੀ ਤੇ ਨਾਨਾ – ਨਾਨੀ ਜੀ ਪਾਸੋਂ ਬਾਤਾਂ , ਬੁਝਾਰਤਾਂ ਤੇ ਰਾਜਿਆਂ – ਪਰੀਆਂ ਦੀਆਂ ਕਹਾਣੀਆਂ ਸੁਣਨਾ , ਬਰਸਾਤ ਦੇ ਦਿਨਾਂ ਵਿੱਚ ਕਾਗਜ਼ ਦੀਆਂ ਕਿਸ਼ਤੀਆਂ ਬਣਾਉਣੀਆਂ , ਬਾਜ਼ੀਆਂ ਅਤੇ ਛਿੰਝਾਂ ਦੇ ਨਜ਼ਾਰੇ ਲੈਣਾ ਆਦਿ  ਪਿੰਡਾਂ ਦੇ ਰੰਗਲੇ ਬਚਪਨ ਦੀ ਗਵਾਹੀ ਭਰਦੇ ਸਨ। ਉਦੋਂ ਕੁੱਕੜਾਂ ਦੀਆਂ ਲੜਾਈਆਂ ਦੇਖਣੀ ਅਤੇ ਕਰਵਾਉਣੀਆਂ , ਉੱਚੇ – ਲੰਮੇ ਖਜੂਰਾਂ ਦੇ ਦਰੱਖਤਾਂ ਨੂੰ ਢੀਮਾਂ ਮਾਰ – ਮਾਰ ਕੇ ਖਜੂਰਾਂ ਤੋੜਨ ਤੇ ਖਾਣ ਦਾ ਲੁਤਫ਼ ਉਠਾਉਣਾ , ਦਰੱਖਤਾਂ ‘ਤੇ ਲੱਗੇ ਪੰਛੀਆਂ ਦੇ ਅਣਗਿਣਤ ਅਤੇ ਅਦਭੁੱਤ ਆਲ੍ਹਣਿਆਂ ਨੂੰ ਦੇਖ ਕੇ ਅਨੰਦ ਵਿਭੋਰ ਹੋਣਾ ਅਤੇ ਪਿੰਡ ਦੇ ਸਾਂਝੇ ਸਥਾਨਾਂ ‘ਤੇ ਜਾਂ ਦੇਸੀ ਅੰਬ ਦੇ ਦਰਖਤ ਹੇਠਾਂ ਲੱਗੀ ਹੋਈ ਦਾਣੇ ਭੁੱਨਣ ਵਾਲ਼ੀ ਭੱਠੀ ‘ਤੇ ਮੱਕੀ ਦੇ ਦਾਣੇ ਭੁੰਨਾ ਕੇ ਖਾਣਾ ਆਦਿ ਸੱਚਮੁੱਚ ਹੀ ਬਚਪਨ ਨੂੰ ਰੰਗਲਾ ਬਣਾ ਦਿੰਦੇ ਸਨ। ਖੁੱਲ੍ਹੇ – ਡੁੱਲ੍ਹੇ ਖੇਤਾਂ ਵਿੱਚ ਵਹਾਈ ਕਰਨ ਦੇ ਸਮੇਂ ਬਲਦਾਂ ਨਾਲ ਜੋੜੇ ਸੁਹਾਗੇ ਦੇ ਝੂਟੇ , ਕਿਸੇ ਹਵਾਈ ਜਹਾਜ਼ਧੇ ਝੂਟਿਆਂ ਤੋਂ ਘੱਟ ਨਹੀਂ ਸਨ ਹੁੰਦੇ। ਨਾਨਕੇ –  ਘਰ ਜਾ ਕੇ ਬੱਚੇ ਮਾਮੇ ਨਾਲ ਖੇਤਾਂ ਵਿੱਚ ਸੁਹਾਗਾ ਝੂਟਣ ਲਈ ਅਕਸਰ ਜ਼ਿੱਦ ਕਰਦੇ ਹੁੰਦੇ ਸਨ। ਗਰਮ ਪਿੱਠੂ , ਚੋਰ ਸਿਪਾਹੀ , ਗੁੱਲੀ ਡੰਡੇ , ਲੁਕਣ ਮੀਚੀ , ਰਾਜੇ ਦਾ ਵਜ਼ੀਰ ਆਦਿ ਖੇਡਾਂ ਬਚਪਨ ਦੀ ਜਿੰਦ – ਜਾਨ ਹੁੰਦੀਆਂ ਸਨ। ਬੱਚੇ ਸ਼ੌਕ – ਸ਼ੌਕ ਵਿੱਚ ਮੰਜਿਆਂ ਦੀਆਂ ਦੌਣਾਂ ਕੱਸਦੇ , ਬੋਰੀਆਂ ਵਿੱਚ ਪਾ ਕੇ ਸੁੱਕੀਆਂ ਹੋਈਆਂ ਮੱਕੀ ਦੀਆਂ ਛੱਲੀਆਂ ਨੂੰ ਡੰਡਿਆਂ ਨਾਲ ਕੁੱਟਦੇ , ਮਿੱਟੀ ਤੇ ਰੇਤ ਵਿੱਚ ਖੇਡਦੇ ਤੇ ਮਿੱਟੀ – ਰੇਤ ਦੇ ਘਰ ਬਣਾਉਂਦੇ ਹੁੰਦੇ ਸਨ। ਪਿੰਡਾਂ ਦੇ ਛੱਪੜਾਂ – ਟੋਭਿਆਂ ਕਿਨਾਰੇ ਬਚਪਨ ਵਿੱਚ ਕੀਤੀਆਂ ਅਠਖੇਲੀਆਂ , ਮੱਝਾਂ ਦੀਆਂ ਪੂਛਾਂ ਪਕੜ ਕੇ ਝੂਟੇ ਲੈਣਾ ਤੇ ਮੱਝਾਂ ‘ਤੇ ਬੈਠ ਕੇ ਲੁਤਫ਼ ਉਠਾਉਣਾ , ਪਿੰਡਾਂ ਵਿੱਚ ਲੱਗੇ ਵੇਲਣਿਆਂ ਕੋਲ ਜਾ ਕੇ ਗਰਮਾ – ਗਰਮ ਤਿਆਰ ਕੀਤੇ ਗੁੜ ਦਾ ਅਨੰਦ ਪਿੰਡਾਂ ਵਾਲੇ ਬਚਪਨ ਦੀ ਰੂਹ ਹੁੰਦੇ ਸਨ। ਬਾਪੂ ਦੀ ਘੂਰੀ ਵੀ ਇਸ ਰੰਗਲੇ ਪੇਂਡੂ ਬਚਪਨ ਦਾ ਅਨਿੱਖੜਵਾਂ ਅੰਗ ਸੀ। ਬੱਚੇ ਵੱਡੇ – ਵਡੇਰਿਆਂ ਤੋਂ ਅੱਖ ਬਚਾ ਕੇ ਖੰਡ ਦੀਆਂ ਫੱਕੀਆਂ ਮਾਰਦੇ , ਦੂਰ – ਦੁਰਾਡੇ ਖੇਡਣ ਚਲੇ ਜਾਂਦੇ ਤੇ ਬੇਰ ਜਾਂ ਗਰੂਨੇ ਤੋੜਨ ਲਈ ਜਾਂਦੇ ਹੁੰਦੇ ਸਨ। ਗਰੂਨੇ , ਫੁੱਟਾਂ , ਚਿੱਬੜ ਤੇ ਬੇਰ ਆਦਿ ਉਸ ਰੰਗਲੇ ਤੇ ਖੁਸ਼ਨੁਮਾ ਬਚਪਨ ਦੇ ਖ਼ਾਸ ਤੇ ਸਵਾਦਲੇ ਫਲ ਹੁੰਦੇ ਸਨ। ਆਵਾਜਾਈ ਅਤੇ ਹੋਰ ਸ਼ੋਰ – ਸ਼ਰਾਬੇ ਨਹੀਂ ਸਨ ਹੁੰਦੇ , ਜਿਸ ਕਰਕੇ ਧਾਰਮਿਕ ਅਸਥਾਨਾਂ ਵਿੱਚੋਂ ਆਉਂਦੀ ਮਧੁਰ , ਅਲੌਕਿਕ ਤੇ ਰੂਹਾਨੀ ਆਵਾਜ਼ ਮਨ ਨੂੰ ਸਕੂਨ ਦੇ ਕੇ ਟੁੰਬ ਜਾਂਦੀ ਹੁੰਦੀ ਸੀ। ਉਦੋਂ ਟੈਲੀਵਿਜ਼ਨ ਪਿੰਡ ਵਿੱਚ ਕਿਸੇ ਇੱਕ – ਅੱਧੇ ਵਿਰਲੇ ਬੰਦੇ ਕੋਲ਼ ਹੀ ਹੁੰਦਾ ਸੀ। ਜਿਸ ਕਰਕੇ ਐਤਵਾਰ ਦੇ ਪ੍ਰੋਗਰਾਮ ਜਾਂ ਹੋਰ ਫ਼ਿਲਮੀ ਪ੍ਰੋਗਰਾਮ , ਨਾਟਕ ਤੇ ਚਿੱਤਰਹਾਰ ਆਦਿ ਦੇਖਣ ਲਈ ਬੱਚਿਆਂ ਵਿੱਚ ਬਹੁਤ ਜ਼ਿਆਦਾ ਚਾਅ ਤੇ ਮਲਾਰ ਹੁੰਦਾ ਸੀ ਅਤੇ ਕਾਫੀ ਇਕੱਠ ਵੀ ਹੁੰਦਾ ਸੀ , ਖਾਸ ਕਰਕੇ ਅੇੈਤਵਾਰ ਵਾਲ਼ੇ ਦਿਨ ਰਮਾਇਣ ਤੇ ਮਹਾਂਭਾਰਤ ਦੇਖਣ ਸਮੇਂ। ਪਿੰਡ ਵਿੱਚ ਕਿਸੇ ਲੜਕੇ ਦੇ ਵਿਆਹ ਤੋਂ ਪੰਦਰਾਂ – ਵੀਹ ਦਿਨ ਪਹਿਲਾਂ ਹੀ ਬੱਚੇ ਵੀ.ਸੀ.ਆਰ. ਵਿੱਚ ਫ਼ਿਲਮ ਦੇਖਣ ਅਤੇ ਸੰਬੰਧਿਤ ਵਿਆਹ ਦੀ ਮੂਵੀ ਦੇਖਣ ਪ੍ਰਤੀ ਬਹੁਤ ਉਤਸ਼ਾਹਿਤ ਹੋਏ ਹੁੰਦੇ ਰਹਿੰਦੇ ਸਨ। ਵਿਆਹ ਦੀ ਮੂਵੀ ਵਿੱਚ ਆਪਣੀ ਫੋਟੋ ਦੇਖ ਕੇ ਮਨ ਨੂੰ ਬਹੁਤ ਅਨੰਦ ਮਿਲਦਾ ਸੀ। ਹਿੰਦੀ ਜਾਂ ਪੰਜਾਬੀ ਫ਼ਿਲਮਾਂ ਵਿੱਚ ਕਿਸੇ ਨਾਇਕ ਦੇ ਸੱਟ – ਚੋਟ ਲੱਗਣ ਜਾਂ ਉਸ ਦੇ ਮਾਰੇ ਜਾਣ ਦਾ ਦ੍ਰਿਸ਼ ਦੇਖ ਕੇ ਸਾਰਿਆਂ ਦਾ ਮਨ ਭਾਵੁਕ ਹੋ ਜਾਂਦਾ ਸੀ। ਬਲਦਾਂ ਦੇ ਗਲਾਂ ਵਿੱਚ ਟੁਣਕ ਦੀਆਂ ਘੰਟੀਆਂ ਅਤੇ ਤਰੇਲ – ਤੁਪਕਿਆਂ ਨਾਲ ਭਿੱਜੇ ਘਾਹ ਅਤੇ ਦਰੱਖਤਾਂ ਦੇ ਪੱਤੇ ਪਿੰਡਾਂ ਵਿਚਲੀ ਸ਼ੁੱਧਤਾ ਅਤੇ ਸ਼ਾਂਤੀ ਦੀ ਗਵਾਹੀ ਭਰਦੇ ਹੁੰਦੇ ਸਨ। ਵਿਹੜੇ ਖੁੱਲ੍ਹੇ – ਡੁੱਲ੍ਹੇ ਹੁੰਦੇ ਸਨ ਅਤੇ ਪਿੱਪਲਾਂ – ਬੋਹੜਾਂ ਥੱਲੇ ਤਰ੍ਹਾਂ – ਤਰ੍ਹਾਂ ਦੀਆਂ ਖੇਡਾਂ ਬੱਚੇ ਅਕਸਰ ਖੇਡਦੇ ਹੁੰਦੇ ਸਨ। ਗਡੀਰਨਾ ਵੀ ਬਚਪਨ ਦਾ ਪੱਕਾ ਸਾਥੀ ਹੁੰਦਾ ਸੀ , ਜਿਸ ਨੂੰ ਕਿ ਭੁੱਲਿਆ ਨਹੀਂ ਜਾ ਸਕਦਾ। ਬੱਚੇ ਨਜ਼ਦੀਕੀ ਕਸਬਿਆਂ ਵਿੱਚ ਮੇਲੇ ਆਦਿ ਦੇਖਣ ਲਈ ਕਾਫ਼ੀ ਝੂਰਦੇ ਹੁੰਦੇ ਸਨ ਅਤੇ ਬੜੀ ਖੁਸ਼ੀ ਦੇ ਨਾਲ ਚਾਈਂ – ਚਾਈਂ ਮੇਲਾ ਦੇਖਣ ਜਾਂਦੇ ਹੁੰਦੇ ਸਨ। ਉਦੋਂ ਹਰ ਬੱਚੇ ਨੂੰ ਆਪਣੇ ਘਰ ਵਿਖੇ ਮਾਮੇ ਦੇ ਆਉਣ ਦੀ ਬੜੀ ਬੇਸਬਰੀ ਅਤੇ ਉਮੀਦ ਨਾਲ ਤਾਂਘ ਤੇ ਆਸ ਹੁੰਦੀ ਸੀ ; ਕਿਉਂਕਿ ਮਾਮਾ ਸ਼ੁਰੂ ਤੋਂ ਹੀ ਸਾਡੇ ਸੱਭਿਆਚਾਰ ਵਿੱਚ ਖ਼ੁਸ਼ੀਆਂ ਤੇ ਭਾਵਨਾਵਾਂ ਦਾ ਪ੍ਰਤੀਕ ਜੋ ਰਿਹਾ ਹੈ। ਠੰਢ ਦੇ ਦਿਨਾਂ ਵਿੱਚ ਲੱਕੜ ਦੇ ਵੱਡੇ ਝੁੰਡਿਆਂ ਦੀ ਅੱਗ ਸੇਕਣੀ ਤੇ ਕੋਸੀ – ਕੋਸੀ ਧੁੱਪ ਸੇਕਣ ਦਾ ਪਿੰਡਾਂ ਵਿੱਚ ਬਚਪਨ ‘ਚ ਇੱਕ ਵੱਖਰਾ ਹੀ ਨਜ਼ਾਰਾ ਸੀ। ਪੀਂਘਾਂ ਝੂਟਣਾ , ਭੂਕਨੇ ਖਾਣਾ ਅਤੇ ਕਾਂਚੇ ( ਬੰਟੇ ) ਖੇਡਣਾ ਸੱਚਮੁੱਚ ਰੰਗਲੇ ਬਚਪਨ ਦੀ ਮਹਾਨਤਾ ਸੀ। ਸੱਚਮੁਚ ਬੀਤੇ ਸਮੇਂ ਦੌਰਾਨ ਪਿੰਡਾਂ ਵਿਚਲੇ ਰੰਗਲੇ ਬਚਪਨ ਦੀ ਕੋਈ ਰੀਸ ਨਹੀਂ ਸੀ , ਜਿਸ ਵਿੱਚ ਕਿ ਹਾਸੇ – ਠੱਠੇ , ਸੁੱਖ , ਅਨੰਦ , ਖ਼ੁਸ਼ੀਆਂ , ਤਾਂਘ , ਆਸ , ਆਪਸੀ ਪਿਆਰ ਅਤੇ ਭਾਵਨਾਵਾਂ ਨੂੰ ਵਾਰ – ਵਾਰ ਤਵੱਜੋ ਦਿੱਤੀ ਗਈ ਸੀ।

ਕਾਸ਼ . . . ਸਾਡੇ ਬਚਪਨ ਦੇ ਉਹ ਅਮੋਲਕ ਤੇ ਪਿਆਰੇ ਦਿਨ ਅੱਜ ਇੱਕ ਵਾਰ ਫਿਰ ਵਾਪਸ ਆ ਜਾਂਦੇ , ਕਾਸ਼ . . .  ਇੰਝ ਹੋ ਸਕਦਾ ਹੁੰਦਾ !

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin