Literature

ਰਾਜਵਿੰਦਰ ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ”ਆਹਟ”

ਰਾਜਵਿੰਦਰ ਕੌਰ ਜਟਾਣਾ ਦੀ ਪੁਸਤਕ ”ਆਹਟ” ਦੀਆਂ ਕਵਿਤਾਵਾਂ ਨਿੱਜੀ ਪੀੜਾ ਨੂੰ ਲੋਕ ਪੀੜਾ ਵਿਚ ਬਦਲਕੇ ਵਰਤਮਾਨ ਸਮਾਜ ਦੀ ਸਮਾਜਿਕ ਸਥਿਤੀ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਪਾਠਕਾਂ ਨੂੰ ਨਿੱਜ ਤੋਂ ਬਾਹਰ ਨਿਕਲਣ ਲਈ ਪ੍ਰੇਰਦੀਆਂ ਲਗਦੀਆਂ ਹਨ। ਭਾਵੇਂ ਕਵਿਤਰੀ ਦੀ ਇਹ ਪਲੇਠੀ ਪੁਸਤਕ ਹੈ ਪ੍ਰੰਤੂ ਫਿਰ ਵੀ ਉਸਦੀਆਂ ਗ਼ਜ਼ਲਾਂ, ਕਵਿਤਾਵਾਂ ਅਤੇ ਗੀਤ ਸਮਾਜਿਕ ਅਤੇ ਪਰਿਵਾਰਿਕ ਜੀਵਨ ਵਿਚ ਦਰ ਪੇਸ਼ ਚੁਣੌਤੀਆਂ ਦਾ ਟਾਕਰਾ ਕਰਨ ਲਈ ਮਾਨਸਿਕ ਤਾਕਤ ਅਤੇ ਸੰਤੁਸ਼ਟੀ ਦਿੰਦੀਆਂ ਹਨ। ਉਸਦੀਆਂ ਕਵਿਤਾਵਾਂ ਵਿਚ ਰੁਮਾਂਸਵਾਦ ਦਾ ਵੀ ਝਲਕਾਰਾ ਮਿਲਦਾ ਹੈ ਪ੍ਰੰਤੂ ਮੁੱਖ ਤੌਰ ਤੇ ਸਮਾਜਿਕ ਵਰਤਾਰੇ ਤੇ ਹੀ ਕਿੰਤੂ ਪ੍ਰੰਤੂ ਕਰਦੀਆਂ ਹਨ। ਇਸ ਲਈ ਉਸਨੂੰ ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੇ ਸੁਮੇਲ ਵਾਲੀ ਕਵਿਤਰੀ ਕਿਹਾ ਜਾ ਸਕਦਾ ਹੈ। ਇਨਸਾਨੀ ਕਦਰਾਂ ਕੀਮਤਾਂ ਵਿਚ ਆ ਰਿਹਾ ਨਿਘਾਰ ਵੀ ਉਸ ਦੀਆਂ ਕਵਿਤਾਵਾਂ ਦਾ ਵਿਸ਼ਾ ਬਣਦਾ ਹੈ। ਕਵਿਤਰੀ ਨੇ ਆਪਣੀਆਂ ਰਚਨਾਵਾਂ ਵਿਚ ਮਨੁੱਖ ਨੂੰ ਆਪਣੀ ਜਮੀਰ ਨੂੰ ਛਿਕੇ ਤੇ ਟੰਗ ਕੇ ਲਾਲਚ ਵਸ ਹੋ ਕੇ ਪ੍ਰਸਿਧੀ ਲਈ ਗ਼ਲਤ ਢੰਗਾਂ ਨਾਲ ਪੈਸਾ ਕਮਾਉਣ ਨੂੰ ਤਰਜੀਹ ਦੇ ਰਿਹਾ ਵਿਖਾਇਆ ਹੈ। ਉਸ ਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਵਰਤਮਾਨ ਸਮਾਜਿਕ ਤਾਣੇ ਬਾਰੇ ਦਰਸਾ ਰਹੀਆਂ ਹਨ ਕਿ ਪ੍ਰਬੰਧਕੀ ਅਧਿਕਾਰੀ ਲੋਕਾਂ ਦੇ ਪੈਸੇ ਤੇ ਮੌਜਾਂ ਮਾਣ ਰਹੇ ਹਨ ਪ੍ਰੰਤੂ ਗ਼ਰੀਬ ਮਜ਼ਦੂਰ ਅਤੇ ਕਿਸਾਨ ਆਪਣੀ ਰੋਜ਼ੀ ਰੋਟੀ ਲਈ ਜਦੋਜਹਿਦ ਕਰ ਰਹੇ ਹਨ। ਹਾਲਾਂਕਿ ਸਰਕਾਰ ਲੋਕਾਂ ਦੇ ਪੈਸੇ ਨਾਲ ਕੰਮ ਕਰਦੀ ਹੈ ਪ੍ਰੰਤੂ ਉਹ ਲੋਕਾਂ ਨੂੰ ਭੁੱਲ ਬੈਠੇ ਹਨ। ਲੁੱਟ ਖਸੁੱਟ ਇਨਸਾਨੀਅਤ ਤੇ ਭਾਰੂ ਹੋ ਗਈ ਹੈ।-
ਕਿਉਂਕਿ ਹਾਲੇ ਵੀ, ਬੇਹਾਲ ਸਾਡਾ ਸੋਹਣਾ ਮੁਲਕ
ਹੋ ਰਹੀ ਹੈ ਲੁੱਟ-ਖਸੁਟ, ਭੋਲੀ-ਭਾਲੀ ਜਨਤਾ ਦੀ ਲੁੱਟੇਰਿਆਂ ਹੱਥੋਂ………??
ਉਹ ਲਿਖਦੀ ਹੈ ਕਿ ਦੇਸ਼ ਭਾਵੇਂ ਅਜ਼ਾਦ ਹੋ ਗਿਆ ਹੈ ਪ੍ਰੰਤੂ ਆਜ਼ਾਦੀ ਦੀਆਂ ਬਰਕਤਾਂ ਦਾ ਲਾਭ ਕੁਝ ਗਿਣੇ ਚੁੱਣੇ ਲੋਕ ਹੀ ਲੈ ਰਹੇ ਹਨ। ਉਹ ਆਜ਼ਾਦੀ ਦੇ ਲਾਭਾਂ ਤੋਂ ਵੰਚਿਤ ਰਹੇ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਾਮਬੰਦ ਹੋ ਕੇ ਖ਼ੁਦ ਹੰਭਲਾ ਮਾਰਨ ਲਈ ਪ੍ਰੇਰਦੀ ਹੋਈ ਇੱਕ ਰਚਨਾ ਵਿਚ ਲਿਖਦੀ ਹੈ-
ਆਓ……
ਹੁਣ ਖ਼ੁਦ ਹੀ ਹੰਭਲਾ ਮਾਰ, ਲੱਭੀਏ ਆਜ਼ਾਦੀ ਦੇ
ਅਸਲੀ ਮਾਹਨੇ…ਤੇ, ਸਿਰਜੀਏ ਇੱਕ ਅਜਿਹਾ ਦੇਸ਼..
ਜਿੱਥੇ ਰਹੇ ਨਾ ਵਾਂਝਾ, ਕੋਈ ਇਨਸਾਨ…
ਸਿੱਖਿਆ ਦੇ ਅਧਿਕਾਰ, ਤੇ ਰੋਜ਼ੀ ਰੋਟੀ ਤੋਂ…
ਹੋਵੇ ਨਾ ਕਦੀ ਕਿਸੇ ਕੁੱਖ ‘ਚ, ਧੀ ਦਾ ਕਤਲ…
ਖੁਲ੍ਹ ਕੇ ਜੀਣ ਧੀਆਂ-ਧਿਆਣੀਆਂ
ਚਾੜ੍ਹੇ ਕੋਈ ਨਾ, ਦਾਜ ਦੀ ਬਲੀ।
ਰਾਜਵਿੰਦਰ ਜਟਾਣਾ ਦਾ ਪਿਛੋਕੜ ਦਿਹਾਤੀ ਹੋਣ ਕਰਕੇ ਉਹ ਆਮ ਦਿਹਾਤੀ ਜੀਵਨ ਵਿਚੋਂ ਅਜਿਹੀ ਸਰਲ ਸ਼ਬਦਾਵਲੀ ਵਰਤਦੀ ਹੈ ਕਿ ਪਾਠਕ ਉਸਦੇ ਬਿੰਬਾਂ ਨੂੰ ਸੌਖਿਆਂ ਹੀ ਸਮਝ ਜਾਂਦਾ ਹੈ। ਉਸਦੀ ਵਿਲੱਖਣ ਸ਼ਬਦਾਵਲੀ ਅਤੇ ਚਿੰਨ੍ਹਾਂ ਦਾ ਨਮੂਨਾ ਵੇਖੋ ਕਿਵੇਂ ਸੰਕੇਤਕ ਢੰਗ ਨਾਲ ਆਪਣੀ ਗੱਲ ਕਹਿੰਦੀ ਹੈ-
ਦੇ ਦੇ ਛੱਟਾ ਚਾਨਣ ਦਾ, ਸੁਪਨੇ ਬੀਜਣ ਦੀ ਤਿਆਰੀ ਹੈ।
ਕਰ ਕਰ ਨਿੱਤ ਗੋਡੀ ਸੋਚਾਂ ਦੀ, ਖਿਆਲਾਂ ਦੀ ਫਸਲ ਸੰਵਾਰੀ ਹੈ।
ਹਰਫਾਂ ਦੇ ਤੋਪੇ ਭਰ-ਭਰ ਕੇ, ਇੱਕ ਚਾਦਰ ਕੱਢੀ ਪਿਆਰੀ ਹੈ।
ਭੌਰਾਂ ਨੇ ਸ਼ੋਰ ਮਚਾਇਆ ਏ, ਕਲੀਆਂ ਤੇ ਬਹੁਤ ਖ਼ੁਮਾਰੀ ਹੈ।
ਹਰ ਕੋਨੇ ਵਿੱਚ ਖ਼ੁਸ਼ਬੋਈ ਏ, ਹੁਣ ਸੋਂਹਦੀ ਕਿਆਰੀ ਕਿਆਰੀ ਹੈ।
ਉਸਦੀ ਸ਼ੈਲੀ, ਰੂਪਕ, ਰਵਾਨਗੀ, ਸ਼ਬਦਾਵਲੀ ਅਤੇ ਬਿੰਬ ਕਮਾਲ ਦੇ ਹਨ ਜਿਹੜੇ ਮਨੁੱਖੀ ਮਨਾਂ ਨੂੰ ਟੁੰਬਦੇ ਹਨ। ਕਮਾਲ ਦੀ ਗੱਲ ਹੈ ਕਿ ਪਲੇਠੀ ਪੁਸਤਕ ਵਿਚ ਹੀ ਗ਼ਜਲਾਂ ਤੇ ਹੱਥ ਅਜਮਾਇਆ ਹੈ ਜਿਸ ਵਿਚ ਉਹ ਸਫਲ ਲੱਗਦੀ ਹੈ। ਉਸਨੇ ਮੁਹੱਬਤੀ ਭਾਵਨਾਵਾਂ ਨੂੰ ਬਿਹਤਰੀਨ ਢੰਗ ਨਾਲ ਪ੍ਰਗਟਾਇਆ ਹੈ। ਕਾਫੀਏ, ਸੁਰ ਤਾਲ, ਲੈ, ਰਦੀਫ ਬਹੁਤ ਹੀ ਸੁਚੱਜੇ ਤਰੀਕੇ ਨਾਲ ਵਰਤੇ ਗਏ ਹਨ। ਮਜਾਲ ਹੈ ਕਿ ਗ਼ਜ਼ਲ ਦੀ ਬਣਤਰ ਵਿਚ ਅਸਾਵਾਂਪਣ ਲੱਗੇ। ਇਉਂ ਲੱਗ ਰਿਹਾ ਕਿ ਕਵਿਤਰੀ ਨੇ ਗ਼ਜ਼ਲ ਬਾਰੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਗ਼ਜ਼ਲਾਂ ਲਿਖੀਆਂ ਹਨ, ਜੋ ਕਿ ਸ਼ੁਭ ਸੰਕੇਤ ਹੈ। ਆਮ ਤੌਰ ਤੇ ਨਵੇਂ ਲੇਖਕ ਖੁਲ੍ਹੀ ਕਵਿਤਾ ਨੂੰ ਤਰਜੀਹ ਦਿੰਦੇ ਹਨ। ਗ਼ਜ਼ਲ ਦੇ ਨਿਯਮਾ ਬਾਰੇ ਬਿਨਾ ਜਾਣਕਾਰੀ ਲਿਆਂ ਹੀ ਲਿਖ ਮਾਰਦੇ ਹਨ। ਕੋਈ ਸ਼ਬਦ ਕਿਤੇ ਰੜਕਦਾ ਜਾਂ ਅਖੜਦਾ ਨਹੀਂੇ। ਉਸ ਦੀਆਂ ਗ਼ਜ਼ਲਾਂ ਨਿਯਮਾ ਅਨੁਸਾਰ ਵੀ ਸਹੀ ਲੱਗਦੀਆਂ ਹਨ ਅਤੇ ਸਾਰਥਿਕ ਵਿਚਾਰਧਾਰਾ ‘ਤੇ ਅਧਾਰਤ ਹਨ। ਇਸ਼ਕ ਮੁਸ਼ਕ ਦਾ ਜ਼ਿਕਰ ਤਾਂ ਕਰਦੀਆਂ ਹਨ ਪ੍ਰੰਤੂ ਨਿਰੀਆਂ ਰੁਮਾਂਸਵਾਦੀ ਨਹੀਂ ਹਨ। ਉਹ ਔਰਤ ਨੂੰ ਆਪਣੀ ਗ਼ਜ਼ਲ ਵਿਚ ਸੁਚੇਤ ਕਰਦੀ ਹੈ ਕਿ ਉਸਨੇ ਹੁਣ ਤੱਕ ਬਥੇਰੇ ਦੁੱਖ ਅਤੇ ਜਹਾਲਤਾਂ ਝੱਲੀਆਂ ਹਨ। ਆਦਮੀ ਦੇ ਆਖੇ ਲੱਗ ਕੇ ਆਪਣੇ ਫਰਜ ਨਿਭਾਏ ਹਨ, ਉਹ ਆਪਣੀ ਕਵਿਤਾ ਵਿਚ ਔਰਤ ਨੂੰ ਹੁਣ ਦਲੇਰੀ ਤੋਂ ਕੰਮ ਲੈਂਦਿਆਂ ਆਦਮੀ ਦੀ ਪਿਛਲੱਗ ਬਣਨ ਦੀ ਥਾਂ ਆਪਣੀ ਸੋਚ ਮੁਤਾਬਕ ਫ਼ੈਸਲੇ ਕਰਨ ਦੀ ਤਾਕੀਦ ਕਰਦੀ ਹੈ ਤਾਂ ਹੀ ਔਰਤ ਦੀ ਜੂਨੀ ਸੁਧਰ ਸਕਦੀ ਹੈ। ਆਪਣੀ ਇੱਕ ਗ਼ਜ਼ਲ ਵਿਚ ਲਿਖਦੀ ਹੈ-
ਥੋੜ੍ਹਾ ਸੋਚ ਅਗਾਂਹ ਐ ਔਰਤ, ਖ਼ੁਦ ਲਈ ਵੀ ਕੁਛ ਚਾਹ ਐ ਔਰਤ।
ਸਾਰੇ ਫ਼ਰਜ ਨਿਭਾਉਂਦੀ ਆਈ, ਸੌਖੇ ਕਰ ਸਭ ਰਾਹ ਐ ਔਰਤ।
ਹੁੰਦੀ ਆਈ ਧੱਕੇਸ਼ਾਹੀ, ਇਹ ਇਤਿਹਾਸ ਗਵਾਹ ਐ ਔਰਤ।
ਹੱਕਾਂ ਖ਼ਾਤਰ ਲੜਨਾ ਸਿੱਖ ਲੈ, ਕਿਉਂ ਕਰਦੀ ਪਰਵਾਹ ਐ ਔਰਤ।
ਹੁਣ ਤੱਕ ਮੰਨੇ ਹੁਕਮ ਪਰਾਏ, ਆਪਣੀ ਮੰਨ ਸਲਾਹ ਐ ਔਰਤ।
ਦੁਨਿਆਵੀ ਰਿਸ਼ਤਿਆਂ ਦੀ ਆੜ ਵਿਚ ਔਰਤ ਆਪਣੀਆਂ ਭਾਵਨਾਵਾਂ ਦਾ ਕਤਲ ਕਰਦੀ ਰਹਿੰਦੀ ਹੈ। ਲੋਕ ਉਸਦੀਆਂ ਭਾਵਨਾਵਾਂ ਨਾਲ ਖੇਡਦੇ ਰਹਿੰਦੇ ਹਨ। ਦੁਨੀਆਂ ਬਹੁਤ ਖ਼ੁਦਗਰਜ ਹੋ ਗਈ ਹੈ, ਆਪਣਾ ਕੰਮ ਕੱਢਕੇ ਮੱਖਣ ਵਿਚੋਂ ਵਾਲ ਦੀ ਤਰ੍ਹਾਂ ਪਰਾਂਹ ਵਗਾਹ ਮਾਰਦੀ ਹੈ, ਔਰਤ ਆਪਣੀਆਂ ਬਹੁਤੀਆਂ ਮੁਸ਼ਕਲਾਂ ਆਪ ਸਹੇੜ ਰਹੀ ਹੈ। ਵਹਿਮਾਂ ਭਰਮਾ ਅਤੇ ਦੁਨੀਆਂਦਾਰੀ ਦੇ ਝਮੇਲਿਆਂ ਨੂੰ ਤਿਲਾਂਜਲੀ ਦੇ ਕੇ ਉਸਨੂੰ ਅੱਗੇ ਆਉਣ ਲਈ ਪ੍ਰੇਰਦੀ ਹੋਈ, ਇਨ੍ਹਾਂ ਅਲਾਮਤਾਂ ਤੋਂ ਖਹਿੜਾ ਛੁਡਾਉਣ ਲਈ ਪ੍ਰੇਰਦੀ ਉਹ ਲਿਖਦੀ ਹੈ-
ਇਹ ਦੁਨੀਆਵੀ ਰਿਸ਼ਤੇ ਨਾਤੇ ਮਿੱਠੇ ਕੀੜੇ ਨੇ,
ਆਪਣੇ ਆਪ ਨੂੰ ਖ਼ੁਦ ਤੋਂ ਵੱਧ ਕੇ ਚਾਹੁਣਾ ਬਾਕੀ ਏ।
ਕੀ ਹੋਇਆ ਜੇ ਰੁੱਸ ਬਹਾਰਾਂ ਮੁੱਖ ਭਵਾਇਆ ਏ,
ਰੂਹ ਖਿੜ ਜਾਵੇ ਐਸਾ ਫੁੱਲ ਖਿੜਾਉਣਾ ਬਾਕੀ ਏ।
ਪੁਰਾਣਾ ਜ਼ਮਾਨਾ ਬਦਲ ਚੁੱਕਾ ਹੈ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ। ਹੁਣ ਔਰਤ ਪੜ੍ਹ ਲਿਖ ਗਈ ਹੈ ਅਤੇ ਆਪਣੇ ਆਪ ਲਈ ਬਰਾਬਰ ਦਾ ਹੱਕ ਮੰਗਦੀ ਹੈ, ਜੋ ਕਿ ਆਦਮੀ ਨੂੰ ਦੇਣਾ ਪਵੇਗਾ ਨਹੀਂ ਤਾਂ ਉਹ ਆਪਣਾ ਹੱਕ ਆਪ ਖੋਹ ਲਵੇਗੀ। ਉਸਦੀ ਗ਼ਜ਼ਲ ਦੀਆਂ ਸਤਰਾਂ ਹਨ-
ਔਰਤ ਵੀ ਹੱਕਦਾਰ ਬਰਾਬਰ ਹੱਕਾਂ ਦੀ, ਪੈਰਾਂ ਦੀ ਜੁੱਤੀ ਦੀ ਗੱਲ ਪੁਰਾਣੀ ਏ।
ਨੀਵੀਂ ਰੱਖਣ ਸੋਚ ਵਿਚਾਰਨ ਉਹਨਾਂ ਨੂੰ, ਉਂਝ ਹੀ ਲੋਕੀਂ ਆਖਣ ਧੀ ਤੇ ਧਿਆਣੀ ਏ।
ਵਾਤਵਰਨ ਪ੍ਰਤੀ ਵੀ ਕਵਿਤਰੀ ਸੁਚੇਤ ਹੈ, ਉਸਦੀਆਂ ਰਚਨਾਵਾਂ ਹਵਾ ਅਤੇ ਪਾਣੀ ਦੇ ਦੂਸ਼ਿਤ ਹੋਣ ਬਾਰੇ ਵੀ ਚਿੰਤਾ ਪ੍ਰਗਟਾਉਂਦੀਆਂ ਹਨ ਕਿਉਂਕਿ ਇਨਸਾਨਅਤ ਦੇ ਬਿਹਤਰ ਜੀਵਨ ਪੱਧਰ ਪ੍ਰਤੀ ਬਚਨਵੱਧ ਹੈ। ਲੋਕ ਰੁੱਖਾਂ ਦੀ ਕਟਾਈ ਕਰਕੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੇ ਹਨ। ਨਸ਼ੇ, ਬੇਰੋਜ਼ਗਾਰੀ ਅਤੇ ਰਿਸ਼ਵਤਖ਼ੋਰੀ ਦੀਆਂ ਅਲਾਮਤਾਂ ਨੇ ਇਨਸਾਨ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਵੇਖੋ ਕਵਿਤਰੀ ਇੱਕ ਗ਼ਜ਼ਲ ਵਿਚ ਹੀ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਬਾਰੇ ਲਿਖਦੀ ਹੈ-
ਅਫ਼ਸਰਸ਼ਾਹੀ ਕਰਦੀ ਅੱਜ ਅਰਾਮ ਪਈ, ਮਿਹਨਤਕਸ਼ ਕਾਮੇ ਦੀ ਨੀਂਦ ਹਰਾਮ ਪਈ।
ਨਸ਼ੇ ਮੁਕਤ ਸਮਾਜ ਤੇ ਕੋਰਾ ਸੁਪਨਾ ਸੀ, ਰੋਜ਼ ਨਸ਼ੀਲੀ ਵਸਤੂ ਵਿਕਦੀ ਆਮ ਪਈ।
ਜਿੱਥੇ ਵੀ ਦਾਅ ਚੱਲੇ ਲੁੱਟਣ ਲੋਕਾਂ ਨੂੰ, ਹਰ ਖੇਤਰ ਰਿਸ਼ਵਤਖ਼ੋਰੀ ਬੇ ਆਮ ਪਈ।
ਡਿਗਰੀ ਲੈ ਕੇ ਲੋਕੀਂ ਬੈਠੇ ਵਿਹਲੇ, ਬੇਰੋਜ਼ਗਾਰੀ ਹੁਣ ਤੱਕ ਬੇ ਲਗਾਮ ਪਈ।
ਟੇਢੇ-ਮੇਢੇ ਰਸਤੇ ਨਾਮ ਕਮਾਵਣ ਦੇ, ਸ਼ੋਹਰਤ ਬਹੁਤੇ ਲੋਕਾਂ ਦੀ ਗੁਮਨਾਮ ਪਈ।
ਕਵਿਤਰੀ ਕਿਤੇ ਕਿਤੇ ਆਪਣੀਆਂ ਰਚਨਾਵਾਂ ਅਧਿਆਤਮਵਾਦੀ ਰੰਗ ਵਿਚ ਰੰਗੀ ਹੋਈ ਵੀ ਮਿਲਦੀ ਹੈ ਪ੍ਰੰਤੂ ਧਰਮ ਦੇ ਠੇਕੇਦਾਰਾਂ ਤੇ ਕਿੰਤੂ ਪ੍ਰੰਤੂ ਵੀ ਕਰਦੀ ਹੈ ਕਿ ਕਿਸ ਪ੍ਰਕਾਰ ਉਹ ਲੋਕਾਂ ਦੇ ਜ਼ਜ਼ਬਾਤਾਂ ਨੂੰ ਭੜਕਾ ਕੇ ਅਣਭੋਲੀ ਜਨਤਾ ਨੂੰ ਗੁਮਰਾਹ ਕਰਦੇ ਹਨ। ਕਵਿਤਰੀ ਨੂੰ ਅੰਦੇਸ਼ਾ ਹੈ ਸਿਆਸਤਦਾਨ ਪੰਜਾਬ ਨੂੰ ਦੁਬਾਰਾ ਅਸਥਿਰਤਾ ਦੇ ਵਾਤਵਰਨ ਵੱਲ ਆਪਣੇ ਨਿੱਜੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਲਿਜਾ ਰਹੇ ਹਨ। ਪੰਜਾਬ ਦੇ ਕਾਲੇ ਦਿਨਾ ਦੀ ਤਸਵੀਰ ਉਸ ਦੇ ਜਿਹਨ ਵਿਚ ਘੁੰਮਦੀ ਹੈ। ਇਸ ਲਈ ਉਹ ਲਿਖਦੀ ਹੈ-
ਧਰਮ ਦੇ ਨਾਂ ਤੇ ਹੇਰਾ ਫੇਰੀ, ਸਰਕਾਰਾਂ ਦੀ ਮਿੱਠੀ ਗੋਲੀ।
ਭੜਕਾ ਕੇ ਜ਼ਜ਼ਬਾਤਾਂ ਤਾਈਂ, ਵਹਿਸ਼ੀ ਖੇਡਣ ਖ਼ੂਨ ਦੀ ਹੋਲੀ।
ਉਸ ਅਬਲਾ ਨੂੰ ਪੁੱਛ ਕੇ ਵੇਖੋ, ਦੰਗਿਆਂ ਜਿਸਦੀ ਅਸਮਤ ਰੋਲੀ।
ਕਾਲੇ ਦਿਨ ਮੁੜ ਨੇ ਆ ਚਲੇ, ਲੱਗ ਰਹੀ ਪੰਜਾਬ ਦੀ ਬੋਲੀ।
ਕਵਿਤਰੀ ਨੇ ਇਸ ਪੁਸਤਕ ਵਿਚ 47 ਗ਼ਜ਼ਲਾਂ, 17 ਕਵਿਤਾਵਾਂ ਅਤੇ 10 ਗੀਤ ਸ਼ਾਮਲ ਕੀਤੇ ਹਨ ਪ੍ਰੰਤੂ ਮੁੱਖ ਤੌਰ ਤੇ ਉਸਦੀਆਂ ਗ਼ਜ਼ਲਾਂ ਮਹੱਤਵਪੂਰਨ ਹਨ, ਜਿਨ੍ਹਾਂ ਵਿਚ ਉਸਨੇ ਸਮਾਜਿਕ, ਆਰਥਿਕ, ਧਾਰਮਿਕ ਸਰੋਕਾਰਾਂ ਦੇ ਨਾਲ ਹੀ ਰੁਮਾਂਸਵਾਦ ਬਾਰੇ ਵੀ ਲਿਖਿਆ ਹੈ। ਉਸਦੀਆਂ ਕਵਿਤਾਵਾਂ ਅਤੇ ਗੀਤ ਬਹੁਤੇ ਰੁਮਾਂਸਵਾਦ ਬਾਰੇ ਹੀ ਹਨ ਪ੍ਰੰਤੂ ਕਿਤੇ ਕਿਤੇ ਸਮਾਜਿਕ ਸਰੋਕਾਰਾਂ ਦੀ ਪਾਣ ਵੀ ਲਾਈ ਹੈ। ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਰਾਜਵਿੰਦਰ ਕੌਰ ਜਟਾਣਾ ਸਮਾਜਿਕ ਅਤੇ ਰੋਮਾਂਟਿਕ ਸਰੋਕਾਰਾਂ ਦੇ ਸੁਮੇਲ ਵਾਲੀ ਕਵਿਤਰੀ ਹੈ। ਜਿਸ ਤੋਂ ਭਵਿਖ ਵਿਚ ਹੋਰ ਸਾਰਥਿਕ ਸਾਹਿਤ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਅਜੇ ਉਸਨੇ ਸਾਹਿਤਕ ਖੇਤਰ ਆਪਣੀ ਪਹਿਲੀ ਪੁਸਤਕ ਨਾਲ ਦਸਤਕ ਹੀ ਦਿੱਤੀ ਹੈ, ਉਸਦੀ ਇਹ ਸ਼ੁਰੂਆਤ ਵੀ ਬਾਕਮਾਲ ਅਤੇ ਵਰਨਣਯੋਗ ਹੈ।

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin