Articles

ਚਿੰਤਾ ਕਰਨ ਨਾਲ ਭਵਿੱਖ ਨਹੀ ਸੁਧਰਦਾ !

ਲੇਖਕ: ਸੁਖਵੀਰ ਸਿੰਘ ਸੰਧੂ, ਅਲਕੜਾ (ਪੈਰਿਸ)

ਮੇਰੇ ਇੰਗਲੈਂਡ ਵਸਦੇ ਦੋਸਤ ਜਰਨੈਲ ਸਿੰਘ ਨੇ ਆਪਣੇ ਜੱਦੀ ਪਿੰਡ ਤਲਵੰਡੀ ਤੋਂ ਤਿੰਨ ਸੌ ਮੀਟਰ ਦੀ ਦੂਰੀ ਉਪਰ ਮੋਟਰ ‘ਤੇ ਪਾਏ ਹੋਏ ਕੋਠੇ ਨੂੰ ਨਵੀਂ ਦੁਹਲਨ ਵਾਂਗ ਸ਼ਿੰਗਾਰਿਆ ਹੋਇਆ ਹੈ। ਲੰਡਨ ਦਾ ਟਾਵਰ ਬਰਿਜ਼ ਅਤੇ ਭੰਗੜਾ ਪਾਉਦੇ ਪੰਜਾਬੀ ਗੱਭਰੂ ਆਦਿ ਦੇ ਵੱਡੇ ਵੱਡੇ ਰੰਗੀਨ ਪੋਸਟਰ ਚਪਕਾਏ ਹੋਏ ਹਨ। ਕੋਲ ਹੀ ਅਸਮਾਨੀ ਰੰਗ ਦੀ ਭਾਅ ਮਾਰਦਾ ਨਹ੍ਹਾਉਣ ਲਈ ਤਲਾਅ ਵੀ ਬਣਾਇਆ ਹੋਇਆ ਹੈ। ਹਰੇ ਭਰੇ ਖੇਤਾਂ ਵਿੱਚ ਮੰਗਲ ਲੱਗੇ ਹੋਏ ਹਨ। ਕੋਠੇ ਦੀ ਛੱਤ ਉਪਰ ਮਹਿਫਲ ਮਿੱਤਰਾਂ ਦੇ ਲਈ ਕੁਰਸੀਆਂ ਮੇਜ਼ ਪੱਕੇ ਹੀ ਫਿੱਟ ਕੀਤੇ ਹੋਏ ਹਨ। ਫਰਵਰੀ ਮਹੀਨੇ ਦੀ ਨਿੱਘੀ ਸ਼ਾਮ ਦਾ ਮੈਨੂੰ ਤੇ ਭਾਈ ਜਗਰੂਪ ਤੇ ਭਤੀਜੇ ਹਰਜੀਤ ਨੂੰ ਵੀ ਮਹਿਫਲ ਲਈ ਸੱਦਾ ਆ ਗਿਆ। ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਹੀ ਹੋਇਆ ਸੀ ਕਿ ਜਰਨੈਲ ਨੇ ਦੂਰ ਤੁਰੇ ਜਾਦੇਂ ਕੋਈ 55 ਸਾਲ ਦੇ ਆਦਮੀ ਨੂੰ ਹਾਕ ਮਾਰਕੇ ਕੋਲ ਬੁਲਾ ਲਿਆ, ਜਿਸ ਨੇ ਸਿਰ ‘ਤੇ ਚਾਰ ਖਾਨੇ ਦਾ ਦੁਪੱਟਾ ਤੇ ਮੋਢੇ ਉਪਰ ਕਹੀ ਰੱਖੀ ਹੋਈ ਸੀ। ਜਰਨੈਲ ਮੇਰੇ ਵੱਲ ਇਸ਼ਾਰਾ ਕਰਦਾ ਬੋਲਿਆ, “ਜਿਵੇਂ ਕਹਿੰਦੇ ਨੇ ਕਾਮਯਾਬੀ ਇੱਕ ਦਿੱਨ’ਚ ਨਹੀਂ ਮਿਲਦੀ ਪਰ ਲਗਨ ਤੇ ਮਿਹਨਤ ਨਾਲ ਮਿਲ ਜਾਂਦੀ ਆ” “ਇਹ ਕਹਾਵਤ ਇਸ ‘ਤੇ ਪੂਰੀ ਢੁੱਕਦੀ ਆ। ਨਾਲੇ ਤੂੰ ਕਾਲੇ ਕਾਗਜ਼ ਤਾਂ ਵਥੇਰੇ ਕਰ ਲੈਨਾ। ਇਹਦੇ ਵਾਰੇ ਵੀ ਚਾਰ ਅੱਖਰ ਲਿਖਦੇ, ਜਿਸ ਨੇ ਪਿੰਡ ਵਿੱਚ ਰਹਿ ਕਿ ਆਪਣੀ ਕ੍ਰਿਤ ਕਮਾਈ ਨਾਲ ਸਭ ਕੁੱਝ ਕੀਤਾ ਹੈ। ਜਿਵੈਂ ਕਹਿੰਦੇ ਨੇ ਹੱਸਦਾ ਚਿਹਰਾ ਗਮਾਂ ਨੂੰ ਦੂਰ ਕਰ ਦਿੰਦਾ ਹੈ। ਉਸ ਕਾਮੇ ਦੀਆਂ ਅੱਖਾਂ ਵਿੱਚ ਚਮਕ ਤੇ ਚਿਹਰੇ ਉਪਰ ਮੁਸਕਰਾਹਟ ਸੀ। ਗੱਲਾਂ ਬਾਤਾਂ ਦੌਰਾਨ ਉਸ ਨੇ ਦੱਸਿਆ, ਕਿ “ਮੈਂ ਪਿਛਲੇ ਚਾਲੀ ਸਾਲਾਂ ਤੋਂ ਇਸ ਪਿੰਡ ਵਿੱਚ ਹੀ ਮਿਹਨਤ ਮਜ਼ਦੂਰੀ ਕਰਦਾ ਹਾਂ। ਮੈਂ ਬਹੁਤ ਗਰੀਬ ਘਰ ਵਿੱਚ ਪੈਦਾ ਹੋਇਆ ਸੀ। ਗਰੀਬੀ ਦੇ ਦੁੱਖ ਵੀ ਵੇਖੇ ਨੇ। ਮੈਂ ਜ਼ਿਮੀਦਾਰਾਂ ਦੇ ਘਰ ਸੀਰੀ ਰੱਲ ਕੇ ਤੇ ਘਰਵਾਲੀ ਨੇ ਲੋਕਾਂ ਦੇ ਘਰ ਗੋਹਾ ਕੂੜਾ ਸੁੱਟ ਕੇ ਆਪਣੀਆਂ ਤਿੰਨ ਲੜਕੀਆਂ ਵਿਆਹੀਆਂ ਨੇ ਤੇ ਜਗ੍ਹਂਾ ਖਰੀਦ ਕੇ ਘਰ ਵੀ ਬਣਾਇਆ ਹੈ। ਸਿਆਣੇ ਕਹਿੰਦੇ ਨੇ ਗਰੀਬੀ ਦੁੱਖ ਹੈ ਸ਼ਰਮ ਨਹੀ। ਸਮਾਂ ਤੇ ਕਿਸਮਤ ਦੋਵੇਂ ਬਦਲਦੇ ਰਹਿੰਦੇ ਹਨ। ਉਸ ਨੇ ਅੱਗੇ ਕਿਹਾ, ਕਿ ਅਸੀ ਦੋਵੇਂ ਜਣੇ ਸਵੇਰੇ ਦਸਾਂ ਘਰਾਂ ਦਾ ਗੋਹਾ ਕੂੜਾ ਸੁੱਟ ਕੇ ਫੇਰ ਜਿਹਨਾਂ ਨਾਲ ਮੈਂ ਸੀਰੀ ਰਲਿਆ ਹੋਇਆ ਹਾਂ, ਕੰਮ ‘ਤੇ ਜਾਦਾਂ ਹਾਂ। ਉਹ ਮੈਨੂੰ ਸਾਲ ਦਾ ਡੇਢ ਲੱਖ ਰੁੱਪਿਆ ਦਿੰਦੇ ਹਨ। ਬਾਹਰ ਜਾਣ ਵਾਰੇ ਪੁੱਛੇ ਗਏ ਸਵਾਲ ‘ਤੇ ਉਸ ਨੇ ਕਿਹਾ, “ਕਦੇ ਸੋਚਿਆ ਨਹੀ। ਕੰਮ ਵਾਰੇ ਬੋਲਦਿਆਂ ਕਿਹਾ, “ਮੈਂ ਆਪਣੇ ਕੰਮ ਤੋਂ ਬਿਲਕੁਲ ਸਤੁੰਸ਼ਟ ਹਾਂ। ਅਸੀ ਦੋਵੇਂ ਜੀਅ ਖੁਸ਼ੀ-ਖੁਸ਼ੀ ਬੜੇ ਪਿਆਰ ਨਾਲ ਰਹਿ ਰਹੇ ਹਾਂ। ਮੈਕਸੀਕੋ ਦੀ ਇੱਕ ਕਹਾਵਤ ਹੈ, ਜਦੋਂ ਭੁੱਖ ਬੂਹੇ ਆਣ ਖੜ੍ਹੇ, ਪਿਆਰ ਤਾਕੀ ਵਿੱਚੋਂ ਦੀ ਛਾਲ ਮਾਰ ਜਾਂਦਾ ਹੈ। ਜਿਸ ਦੇ ਤਿੰਨ ਕੁੜੀਆਂ ਹੋਣ ਤੇ ਕੋਲ ਰਹਿਣ ਲਈ ਘਰ ਨਾ ਹੋਵੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਹਨਾਂ ਦੋਵਾਂ ਨੇ ਇਸ ਕਹਾਵਤ ਨੂੰ ਵੀ ਝੂਠਾ ਸਾਬਤ ਕਰ ਦਿੱਤਾ ਹੈ। ਉਹ ਸਾਡੇ ਨਾਲ ਖੁਸ਼ੀ ਭਰੇ ਲਹਿਜੇ ਵਿੱਚ ਖੜ੍ਹਾ ਅਡੋਲ ਗੱਲਾਂ ਕਰਦਾ ਰਿਹਾ। ਹਨ੍ਹੇਰਾ ਪਸਰ ਰਿਹਾ ਸੀ, ਸਰਦਾਰ ਜੀ, “ਮੈਂ ਜਾਕੇ ਡੰਗਰ ਪੱਠਾ ਵੀ ਕਰਨਾ ਹੈ”, ਕਹਿ ਕਿ ਪਹ੍ਹੇ ਪਹ੍ਹੇ ਹੋ ਤੁਰਿਆ। ਮਿਹਨਤ ਹੀ ਚੰਗੀ ਕਿਸਮਤ ਦੀ ਮਾਂ ਹੁੰਦੀ ਹੈ। ਭਾਵੇਂ ਰੱਬ ਅਮੀਰਾਂ ਦੀ ਜੇਬ ਵਿੱਚ ਹੁੰਦਾ ਏ, ਪਰ ਗਰੀਬਾਂ ਦੇ ਦਿੱਲ ਵਿੱਚ ਵਸਦਾ ਹੈ। ਰੱਬ ਦੀ ਦੁਕਾਨ ਤੋਂ ਚੀਜ਼ ਕਿਰਤ ਕਰੇ ਤੋਂ ਬਿਨ੍ਹਾਂ ਨਹੀ ਮਿਲ ਸਕਦੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin