India

ਜਰਮਨੀ ਤੇ UAE ਦੇ ਦੌਰੇ ਦੌਰਾਨ 12 ਤੋਂ ਵੱਧ ਨੇਤਾਵਾਂ ਨਾਲ ਕਰਨਗੇ ਮੁਲਾਕਾਤ PM ਮੋਦੀ, ਇਹ ਹੋਵੇਗਾ ਏਜੰਡਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਜਰਮਨੀ ਅਤੇ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਦੌਰਾਨ 12 ਤੋਂ ਵੱਧ ਵਿਸ਼ਵ ਨੇਤਾਵਾਂ ਨਾਲ ਮੀਟਿੰਗਾਂ ਕਰਨਗੇ। ਇਸ ਦੌਰਾਨ ਉਹ 15 ਤੋਂ ਵੱਧ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਮਿਊਨਿਖ ‘ਚ ਭਾਰਤੀ ਭਾਈਚਾਰੇ ਦੇ ਇਕ ਸਮਾਗਮ ਨੂੰ ਵੀ ਸੰਬੋਧਨ ਕਰਨਗੇ। ਇਹ ਕੋਰੋਨਾ ਮਹਾਂਮਾਰੀ ਤੋਂ ਬਾਅਦ ਵਿਦੇਸ਼ਾਂ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਸਮਾਗਮ ਹੋਵੇਗਾ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 26 ਅਤੇ 27 ਜੂਨ ਨੂੰ ਹੋਣ ਵਾਲੇ ਜੀ-7 ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਜਰਮਨੀ ਜਾਣਗੇ। ਉਹ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) 28 ਜੂਨ ਨੂੰ ਸੰਯੁਕਤ ਅਰਬ ਅਮੀਰਾਤ ਦੇ ਸਾਬਕਾ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਾਨ ਦੀ ਮੌਤ ‘ਤੇ ਸੋਗ ਪ੍ਰਗਟ ਕਰਨ ਲਈ ਖਾੜੀ ਦੇਸ਼ ਦਾ ਦੌਰਾ ਵੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਜਰਮਨੀ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਲਗਭਗ 60 ਘੰਟੇ ਰੁਕਣਗੇ। ਇਸ ਦੌਰਾਨ ਉਹ ਦੁਨੀਆ ਦੇ ਸੱਤ ਸਭ ਤੋਂ ਅਮੀਰ ਦੇਸ਼ਾਂ ਦੇ ਸਮੂਹ ਜੀ-7 ਦੀ ਬੈਠਕ ‘ਚ ਹਿੱਸਾ ਲੈਣਗੇ।

ਜੀ-7 ਬੈਠਕ ‘ਚ ਸ਼ਾਮਲ ਹੋਣ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਕਈ ਦੋ-ਪੱਖੀ ਬੈਠਕਾਂ ਕਰਨਗੇ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਮੁਤਾਬਕ ਮੋਦੀ ਜੀ-7 ਦੇ ਨੇਤਾਵਾਂ ਅਤੇ ਦੌਰੇ ‘ਤੇ ਆਏ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀ ਬੈਠਕ ਕਰਨਗੇ। ਜਰਮਨੀ ਜੀ-7 ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤ ਤੋਂ ਇਲਾਵਾ ਇਸ ਨੇ ਜੀ-7 ਸੰਮੇਲਨ ਲਈ ਅਰਜਨਟੀਨਾ, ਸੇਨੇਗਲ, ਦੱਖਣੀ ਅਫਰੀਕਾ ਅਤੇ ਇੰਡੋਨੇਸ਼ੀਆ ਨੂੰ ਵੀ ਮਹਿਮਾਨ ਵਜੋਂ ਸੱਦਾ ਦਿੱਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 26-27 ਜੂਨ ਨੂੰ ਜਰਮਨੀ ਵਿੱਚ ਹੋਣ ਵਾਲੀ ਜੀ-7 ਦੇਸ਼ਾਂ ਦੀ ਸਿਖਰ ਪੱਧਰੀ ਬੈਠਕ ਵਿੱਚ ਕਈ ਭਖਦੇ ਮੁੱਦੇ ਉਠਾ ਸਕਦੇ ਹਨ। ਪੀਐਮ ਮੋਦੀ ਯੂਕਰੇਨ ਸੰਕਟ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ‘ਤੇ ਭਾਰਤ ਦਾ ਰੁਖ ਸਪੱਸ਼ਟ ਕਰਨਗੇ। ਪੀਐਮ ਮੋਦੀ ਭੋਜਨ ਅਤੇ ਈਂਧਨ ਸੰਕਟ ‘ਤੇ ਵੀ ਭਾਰਤ ਦਾ ਪੱਖ ਪੇਸ਼ ਕਰ ਸਕਦੇ ਹਨ। ਯੂਏਈ ਦੇ ਨਵੇਂ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਨਾਲ ਮੀਟਿੰਗ ਵਿੱਚ ਊਰਜਾ ਅਤੇ ਭੋਜਨ ਸਹਿਯੋਗ ਬਾਰੇ ਚਰਚਾ ਕੀਤੀ ਜਾਵੇਗੀ। ਮੌਜੂਦਾ ਸਮੇਂ ਵਿੱਚ ਭਾਰਤ ਆਪਣੀਆਂ ਊਰਜਾ ਲੋੜਾਂ ਨੂੰ ਪਹਿਲ ਦੇ ਰਿਹਾ ਹੈ, ਜਦੋਂ ਕਿ ਯੂਏਈ ਖੁਰਾਕ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਜਿਸ ਵਿੱਚ ਭਾਰਤ ਉਸਦੀ ਮਦਦ ਕਰ ਸਕਦਾ ਹੈ।

ਆਪਣੀ ਜਰਮਨੀ ਫੇਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਜਰਮਨੀ ਦੇ ਚਾਂਸਲਰ ਓਲਾਫ ਸ਼ੁਲਜ਼ ਦੇ ਸੱਦੇ ‘ਤੇ ਸ਼ਲੋਸ ਏਲਮਾਉ ਜਾਣਗੇ। ਉਥੇ ਜਰਮਨ ਚਾਂਸਲਰ ਨੂੰ ਮਿਲ ਕੇ ਮੈਨੂੰ ਖੁਸ਼ੀ ਹੋਵੇਗੀ। ਪੀਐਮ ਮੋਦੀ ਨੇ ਇਹ ਵੀ ਦੱਸਿਆ ਕਿ ਉਹ ਊਰਜਾ, ਖੁਰਾਕ ਸੁਰੱਖਿਆ, ਅੱਤਵਾਦ ਵਿਰੁੱਧ ਲੜਾਈ, ਵਾਤਾਵਰਣ ਸੁਰੱਖਿਆ ਅਤੇ ਲੋਕਤੰਤਰ ਵਰਗੇ ਮੁੱਦਿਆਂ ‘ਤੇ ਆਪਣੇ ਹਮਰੁਤਬਾ ਨਾਲ ਵਿਚਾਰ ਵਟਾਂਦਰਾ ਕਰਨਗੇ।

Related posts

ਸ਼ਹਿਜ਼ਾਦੇ’ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ ਪਰ ਨਵਾਬਾਂ ਦੇ ਅੱਤਿਆਚਾਰਿਆਂ ’ਤੇ ਚੁੱਪ ਹੈ: ਮੋਦੀ

editor

‘ਆਊਟਰ ਮਨੀਪੁਰ’ ਦੇ ਛੇ ਪੋਲਿੰਗ ਸਟੇਸ਼ਨਾਂ ’ਤੇ 30 ਨੂੰ ਮੁੜ ਪੈਣਗੀਆਂ ਵੋਟਾਂ

editor

ਚੀਨ ਨਾਲ ਗੱਲਬਾਤ ਸੁਚਾਰੂ ਢੰਗ ਨਾਲ ਚੱਲ ਰਹੀ ਹੈ: ਰਾਜਨਾਥ ਸਿੰਘ

editor