Literature

ਉਦੀਪਨ ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ

ਇਹ ਪੁਸਤਕ ਪ੍ਰਕਾਸ਼ਤ ਕਰਨ ਦੇ ਮੰਤਵ ਬਹੁਮੁਖੀ ਅਤੇ ਬਹੁਪੱਖੀ ਹਨ। ਇਹ ਨਿਰੀ ਸਾਹਿਤਕਾਰਾਂ ਦੀਆਂ ਚਿੱਠੀਆਂ ਦੀ ਪੁਸਤਕ ਹੀ ਨਹੀਂ ਸਗੋਂ ਇਸ ਪੁਸਤਕ ਰਾਹੀਂ ਉਭਰਦੇ ਅਤੇ ਸਥਾਪਤ ਸਾਹਿਤਕਾਰਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਦਰਸਾਇਆ ਗਿਆ ਹੈ। ਸਾਹਿਤਕਾਰਾਂ ਦੀ ਇਨਾਮਾ ਦੀ ਲਾਲਸਾ, ਸਵੈ ਪ੍ਰਸੰਸਾ, ਹਓਮੈ, ਧੜੇਬੰਦੀ, ਊਜਾਂ, ਬੌਧਿਕਤਾ ਅਤੇ ਨਿੱਜੀ ਉਤਮਤਾ ਦੀ ਪ੍ਰਵਿਰਤੀ ਦਾ ਖੁਲਾਸਾ ਕੀਤਾ ਗਿਆ ਹੈ। ਚਿੱਠੀਆਂ ਵਿਚ ਸਾਰਥਿਕ ਸੰਬਾਦ ਦੇ ਵੀ ਅੰਸ਼ ਨਜ਼ਰ ਆ ਰਹੇ ਹਨ। ਡਾ.ਸਤਿੰਦਰ ਕੌਰ ਮਾਨ ਵੱਲੋਂ ਆਪਣੇ ਪਿਤਾ ਪੰਜਾਬੀ ਦੇ ਸਿਰਮੌਰ ਪ੍ਰਗਤੀਵਾਦੀ ਆਲੋਚਕ ਤੇਜਵੰਤ ਮਾਨ ਨੂੰ ਸਾਹਿਤ ਪ੍ਰੇਮੀਆਂ ਅਤੇ ਸਾਹਿਤਕਾਰਾਂ ਵੱਲੋਂ ਆਈਆਂ ਚਿੱਠੀਆਂ ਵਿਚੋਂ 150 ਚਿੱਠੀਆਂ ਦੀ ਚੋਣ ਕਰਕੇ ਇੱਕ ”ਉਦੀਪਨ” (ਸਾਹਿਤਕ ਚਿੱਠੀਆਂ) ਦੇ ਨਾਂ ਦੀ ਪੁਸਤਕ ਸੰਪਾਦਤ ਕੀਤੀ ਗਈ ਹੈ। ਇਹ ਚਿੱਠੀਆਂ ਵੀ ਪੁਸਤਕ ਰੂਪ ਵਿਚ ਪ੍ਰਕਾਸ਼ਤ ਹੋਣ ਕਰਕੇ ਸਾਹਿਤਕ ਸੰਬਾਦ ਦਾ ਖ਼ਜਾਨਾ ਬਣਕੇ ਸਾਹਿਤਕ ਇਤਿਹਾਸ ਦਾ ਹਿੱਸਾ ਬਣ ਗਈਆਂ ਹਨ। ਉਦਪੀਨ 240 ਪੰਨਿਆਂ ਦੀ 500 ਰੁਪਏ ਕੀਮਤ ਵਾਲੀ ਪੁਸਤਕ ਹੈ, ਜਿਸਨੂੰ ਲਿਟਰੇਚਰ ਹਾਊਸ ਪੁਤਲੀਘਰ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤਾ ਹੈ। ਚਿੱਠੀਆਂ ਦੀ ਪਰੰਪਰਾ ਸਾਹਿਤਕਾਰਾਂ ਵਿਚ ਪੁਰਾਣੀ ਹੈ ਕਿਉਂਕਿ ਪੁਰਾਣੇ ਜ਼ਮਾਨੇ ਵਿਚ ਨਾ ਤਾਂ ਟੈਲੀਫ਼ੋਨ ਅਤੇ ਨਾ ਹੀ ਈ ਮੇਲ ਦੀ ਪ੍ਰਣਾਲੀ ਹੁੰਦੀ ਸੀ। ਆਪਸੀ ਵਿਚਾਰ ਵਟਾਂਦਰੇ ਦਾ ਚਿੱਠੀਆਂ ਮਹੱਤਵਪੂਰਨ ਸਾਧਨ ਸਨ। ਆਧੁਨਿਕਤਾ ਦੇ ਦੌਰ ਵਿਚ ਭਾਵੇਂ ਹੁਣ ਇਹ ਪਰੰਪਰਾ ਖ਼ਤਮ ਹੋਣ ਦੇ ਕਿਨਾਰੇ ਹੈ ਪ੍ਰੰਤੂ ਅਜੇ ਵੀ ਸਾਹਿਤਕਾਰ ਲਿਖਕੇ ਹੀ ਖਤੋ ਖਤਾਬਤ ਕਰਦੇ ਹਨ। ਇਕ ਕਿਸਮ ਨਾਲ ਸਾਹਿਤ ਦਾ ਇਹ ਅਨਮੋਲ ਖ਼ਜਾਨਾ ਬਿਨਾ ਪ੍ਰਕਾਸ਼ਤ ਹੋਏ ਹੀ ਖ਼ਤਮ ਹੋ ਜਾਂਦਾ ਸੀ। ਇਨ੍ਹਾਂ ਚਿੱਠੀਆਂ ਵਿਚ ਸਾਹਿਤਕ ਸੁਝਾਅ ਅਤੇ ਸਾਹਿਤ ਸਭਾਵਾਂ ਦੇ ਗਿਲੇ ਸ਼ਿਕਵੇ ਵੀ ਸ਼ਾਮਲ ਹੁੰਦੇ ਸਨ। ਡਾ.ਸਤਿੰਦਰ ਕੌਰ ਮਾਨ ਵੱਲੋਂ ਕੀਤਾ ਇਹ ਉਦਮ ਸ਼ਲਾਘਾਯੋਗ ਹੈ ਕਿਉਂਕਿ ਆਉਣ ਵਾਲੀਆਂ ਸਾਹਿਤਕਾਰਾਂ ਦੀਆਂ ਪੀੜ੍ਹੀਆਂ ਲਈ ਇਹ ਦਸਤਾਵੇਜ ਮਹੱਤਵਨ ਪੂਰਨ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਆਪਣੇ ਵਡੇਰਿਆਂ ਦੀ ਵਿਰਾਸਤ ਬਾਰੇ ਜਾਣਕਾਰੀ ਮਿਲੇਗੀ। ਵੱਡੇ ਮਹੱਤਵਪੂਰਨ ਵਿਅਕਤੀਆਂ ਦੀਆਂ ਚਿੱਠੀਆਂ ਪੁਸਤਕਾਂ ਵਿਚ ਹਵਾਲਿਆਂ ਦੇ ਤੌਰ ਤੇ ਵਰਤੀਆਂ ਜਾਂਦੀਆਂ ਸਨ। ਪੰਜਾਬੀ ਵਿਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀਆਂ ਚਿੱਠੀਆਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਲਈ ਇਹ ਚਿੱਠੀਆਂ ਵੀ ਹਵਾਲਿਆਂ ਲਈ ਵਰਤੀਆਂ ਜਾਇਆ ਕਰਨਗੀਆਂ। ਇਨ੍ਹਾਂ ਚਿੱਠੀਆਂ ਤੋਂ ਸ਼ਪਸ਼ਟ ਹੁੰਦਾ ਹੈ ਕਿ ਡਾ.ਤੇਜਵੰਤ ਮਾਨ ਨੌਜਵਾਨ ਉਭਰਦੇ ਸਾਹਿਤਕਾਰਾਂ ਅਤੇ ਖੋਜੀ ਵਿਦਿਆਰਥੀਆਂ ਨੂੰ ਆਪਣੇ ਖੋਜ ਕੰਮ ਪੂਰੇ ਕਰਨ ਲਈ ਚਿੱਠੀਆਂ ਰਾਹੀਂ ਪ੍ਰੇਰਨਾ ਦਿੰਦੇ ਰਹਿੰਦੇ ਹਨ।  ਇਨ੍ਹਾਂ ਚਿੱਠੀਆਂ ਦੀ ਚੋਣ ਕਰਨ ਲੱਗਿਆਂ ਡਾ.ਸਤਿੰਦਰ ਕੌਰ ਮਾਨ ਨੇ ਬੜਾ ਸਿਆਣਪ ਤੋਂ ਕੰਮ ਲਿਆ ਹੈ। ਉਨ੍ਹਾਂ ਸਿਰਫ ਉਸਦੇ ਪਿਤਾ ਦੀ ਪ੍ਰਸੰਸਾ ਵਾਲੀਆਂ ਹੀ ਨਹੀਂ ਸਗੋਂ ਆਲੋਚਨਾ ਵਾਲੀਆਂ ਚਿੱਠੀਆਂ ਵੀ ਸ਼ਾਮਲ ਕੀਤੀਆਂ ਹਨ, ਸੰਪਾਦਿਕਾ ਸਾਹਿਤਕ ਆਲੋਚਨਾ ਦਾ ਸਹੀ ਅਰਥ ਸਮਝਦੀ ਹੈ। ਇਕ ਕਿਸਮ ਨਾਲ ਇਹ ਚਿੱਠੀਆਂ ਸਾਹਿਤਕ ਸੰਬਾਦ ਹਨ। ਆਲੋਚਨਾ ਦੇ ਖੇਤਰ ਵਿਚ ਸੰਬਾਦ ਹੋਣਾ ਜਰੂਰੀ ਹੁੰਦਾ ਹੈ। ਸੰਬਾਦ ਦੇ ਨਤੀਜੇ ਵੀ ਨਿਗਰ ਅਤੇ ਸਾਰਥਿਕ ਨਿਕਲਦੇ ਹੁੰਦੇ ਹਨ। ਇਨ੍ਹਾਂ ਚਿੱਠੀਆਂ ਵਿਚ ਬਹੁਤੀਆਂ ਚਿੱਠੀਆਂ ਨਵੇਂ ਉਭਰਦੇ ਸਾਹਿਤਕਾਰਾਂ ਦੀਆਂ ਹਨ ਜੋ ਯੋਗ ਅਗਵਾਈ ਦੇ ਹੱਕਦਾਰ ਹੁੰਦੇ ਹਨ ਪ੍ਰੰਤੂ ਸਥਾਪਤ ਸਾਹਿਤਕਾਰਾਂ ਦੀਆਂ ਚਿੱਠੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਸਾਹਿਤ ਸਭਾਵਾਂ ਵਿਚ ਹੋਣ ਵਾਲੀਆਂ ਪਰੀਚਰਚਾਵਾਂ ਦੀ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਇਹ ਵੀ ਸੁਝਾਆ ਦਿੱਤੇ ਗਏ ਹਨ ਕਿ ਆਪਸ ਵਿਚ ਸਾਹਿਤਕ ਸਭਾਵਾਂ ਸੰਬੰਧੀ ਉਲਝਕੇ ਸਾਰਥਿਕ ਕੰਮ ਨਹੀਂ ਹੁੰਦਾ ਸਗੋਂ ਸਮਾਂ ਅਤੇ ਸ਼ਕਤੀ ਵੇਸਟ ਹੁੰਦੀ ਹੈ। ਪੰਜਾਬੀ ਭਾਸ਼ਾ ਦੀ ਅਣਵੇਖੀ ਬਾਰੇ ਵੀ ਨੁਕਤਾਚੀਨੀ ਕੀਤੀ ਗਈ ਹੈ। ਕਈ ਖੋਜਾਰਥੀ ਤੇਜਵੰਤ ਮਾਨ ਤੋਂ ਆਪਣੇ ਖੋਜ ਕੰਮ ਮੁਕੰਮਲ ਕਰਨ ਲਈ ਪੁਛਦੇ ਹਨ ਕਿ ਕਿਹੜੀਆਂ ਪੁਸਤਕਾਂ ਸਹਾਈ ਹੋ ਸਕਦੀਆਂ ਹਨ। ਇਹ ਸਾਰੇ ਉਭਰਦੇ ਸਾਹਿਤਕਾਰਾਂ ਲਈ ਉਪਯੋਗੀ ਹਨ। ਸੁਖਵਿੰਦਰ ਕੌਰ ਨਕੋਦਰ ਤੋਂ ਆਪਣੀ ਖੋਜ ਕਾਰਜ ਲਈ ਸਿਨਾਪਸਿਸ ਵੀ ਭੇਜਕੇ ਜਾਣਕਾਰੀ ਚਾਹੁੰਦੀ ਹੈ ਕਿ ਕਿਹੜਾ ਉਸ ਲਈ ਲਾਭਦਾਇਕ ਹੋਵੇਗਾ। ਅਜਿਹੀਆਂ ਵੀ ਚਿੱਠੀਆਂ ਸ਼ਾਮਲ ਕੀਤੀਆਂ ਗਈਆਂ ਹਨ ਜਿਹੜੀਆਂ ਵਿਚ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਪੰਜਾਬੀਆਂ ਦੇ ਹੱਕਾਂ ਉਪਰ ਗ਼ੈਰ ਪੰਜਾਬੀ ਕਾਬਜ਼ ਹੋ ਰਹੇ ਹਨ। ਵੈਸੇ ਚਿੱਠੀਆਂ ਦੋ ਵਿਅਕਤੀਆਂ ਦਾ ਨਿੱਜੀ ਮਾਮਲਾ ਹੁੰਦਾ ਹੈ ਪ੍ਰੰਤੂ ਕਈ ਲਿਖਾਰੀ ਮੁਖੌਟੇ ਪਾਈ ਬੈਠੇ ਹੁੰਦੇ ਹਨ। ਆਪ ਅਮਲ ਨਹੀਂ ਕਰਦੇ ਸਗੋਂ ਦੂਜਿਆਂ ਦੀ ਨਿੰਦਿਆ ਕਰਦੇ ਹਨ। ਇਨ੍ਹਾਂ ਚਿੱਠੀਆਂ ਦੇ ਪ੍ਰਕਾਸ਼ਤ ਹੋਣ ਨਾਲ ਉਨ੍ਹਾਂ ਦੇ ਮੁਖੌਟੇ ਉਤਰ ਗਏ ਹਨ। ਲੋਖਕਾਂ ਦੀ ਦੋਹਰੀ ਨੀਤੀ ਦਾ ਪਰਦਾ ਫਾਸ਼ ਵੀ ਹੋਇਆ ਹੈ।  ਕਈ ਸਾਹਿਤਕਾਰਾਂ ਨੇ ਸਾਹਿਤਕ ਲਾਭ ਲੈਣ ਲਈ ਪ੍ਰਸੰਸਾ ਦੇ ਕਸੀਦੇ ਪੜ੍ਹੇ ਹਨ। ਸੰਤੋਖ ਸਿੰਘ ਧੀਰ ਅਤੇ ਹੋਰ ਕਈ ਸਾਹਿਤਕਾਰਾਂ ਦੀਆਂ ਚਿੱਠੀਆਂ ਸਖ਼ਤ ਸ਼ਬਦਾਂ ਵਿਚ ਤੇਜਵੰਤ ਮਾਨ ਦੀ ਨਿੰਦਿਆ ਕਰਦੀਆਂ ਹਨ ਪ੍ਰੰਤੂ ਉਨ੍ਹਾਂ ਨੂੰ ਸ਼ਾਮਲ ਕਰਕੇ ਸਾਹਿਤਕ ਫ਼ਰਾਕਦਿਲੀ ਦਾ ਸਬੂਤ ਦਿੱਤਾ ਗਿਆ ਹੈ। ਇਨ੍ਹਾਂ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਸੈਮੀਨਾਰ, ਗੋਸ਼ਟੀਆਂ ਅਤੇ ਸਾਹਿਤ ਸਭਾਵਾਂ ਦੇ ਵਿਚਾਰ ਵਟਾਂਦਰੇ ਫ਼ਜੂਲ ਗੱਲਾਂ ਨਹੀਂ ਸਗੋਂ ਸੰਬਾਦ ਰਾਹੀਂ ਸੁਚੱਜੇ ਫੈਸਲੇ ਨਿਕਲਦੇ ਹਨ। ਚਿੱਠੀਆਂ ਪੜ੍ਹਦਿਆਂ ਇਉਂ ਲੱਗਦਾ ਹੈ ਕਿ ਜਿਵੇਂ ਕਿਸੇ ਗੋਸ਼ਟੀ ਜਾਂ ਸੈਮੀਨਾਰ ਵਿਚ ਬੈਠੇ ਹੋਏ ਹਾਂ। ਪ੍ਰੰਤੂ ਕਈ ਲੇਖਕਾਂ ਦੀਆਂ 5 ਤੋਂ ਵੀ ਵੱਧ ਚਿੱਠੀਆਂ ਸ਼ਾਮਲ ਕੀਤੀਆਂ ਗਈਆਂ ਹਨ, ਚਾਹੀਦਾ ਤਾਂ ਇਹ ਸੀ ਕਿ ਹਰੇਕ ਲੇਖਕ ਦੀਆਂ ਇੱਕ ਦੋ ਚਿੱਠੀਆਂ ਜਿਹੜੀਆਂ ਸਾਹਿਤਕਾਰਾਂ ਲਈ ਲਾਭਦਾਇਕ ਸਾਬਤ ਹੋ ਸਕਦੀਆਂ ਹਨ, ਸ਼ਾਮਲ ਕੀਤੀਆਂ ਜਾਂਦੀਆਂ। ਕਈ ਚਿੱਠੀਆਂ ਅਜਿਹੀਆਂ ਹਨ ਜਿਹੜੀਆਂ ਸਾਹਿਤਕ ਨਹੀਂ ਹਨ। ਇਨ੍ਹਾਂ ਚਿੱਠੀਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਲੇਖਕਾਂ ਦੀ ਸਾਹਿਤਕ ਦੁਸ਼ਮਣੀ ਵੀ ਬਹੁਤ ਜ਼ਿਆਦਾ ਹੁੰਦੀ ਹੈ। ਉਹ ਧੜਿਆਂ ਵਿਚ ਵੰਡੇ ਹੋਏ ਹਨ। ਇਕ ਦੂਜੇ ਨਾਲ ਨਿੱਜੀ ਕਿੜਾਂ ਵੀ ਕੱਢਦੇ ਹਨ। ਇੱਕ ਦੂਜੇ ਉਪਰ ਦੂਸ਼ਣ ਲਾਉਣ ਲੱਗਿਆਂ ਸ਼ਬਦਾਵਲੀ ਵੀ ਨੀਵੀਂ ਪੱਧਰ ਦੀ ਵਰਤਦੇ ਹਨ, ਜਿਹੜੀ ਸ਼ੋਭਾ ਨਹੀਂ ਦਿੰਦੀ। ਲੇਖਕਾਂ ਦੇ ਕਿਰਦਾਰ ਉਪਰ ਵੀ ਕ੍ਰਾਂਤੀਪਾਲ ਨੇ ਆਪਣੀ ਚਿੱਠੀ ਵਿਚ ਸ਼ੱਕ ਜ਼ਾਹਰ ਕੀਤਾ ਹੈ। ਲੇਖਕਾਂ ਦੀ ਬੀਮਾਰ ਮਾਨਸਿਕਤਾ ਦਾ ਪ੍ਰਗਟਾਵਾ ਵੀ ਕਰਦੀਆਂ ਹਨ।  ਇਨਾਮ ਲੈਣ ਲਈ ਹਰ ਹੀਲਾ ਵਰਤਦੇ ਹਨ। ਕਈ ਤਾਂ ਸਿਫਾਰਸ਼ਾਂ ਵੀ ਮੰਗਦੇ ਹਨ। ਕਈ ਚਿੱਠੀਆਂ ਸਿੱਖ ਮਰਿਆਦਾਵਾਂ ਦੀਆਂ ਸਮੱਸਿਆਵਾਂ ਉਪਰ ਵਿਦਵਾਨਾ ਨੂੰ ਵਿਚਾਰ ਵਟਾਂਦਰਾ ਕਰਨ ਲਈ ਪ੍ਰੇਰਦੀਆਂ ਹਨ। ਧਾਰਮਿਕ ਕਲੇਸ਼ ਵੀ ਬੇਵਜਾਹ ਖੜ੍ਹੇ ਕਰਨ ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਕਈ ਚਿੱਠੀਆਂ ਤਾਂ ਲੇਖਾਂ ਦੇ ਰੂਪ ਵਿਚ ਹਨ। ਸਾਹਿਤਕ ਗੰਧਲੇਪਣ ਬਾਰੇ ਵੀ ਲਿਖੀਆਂ ਹੋਈਆਂ ਹਨ, ਸਾਹਿਤਕਾਰ ਕੁਨਬਾਪਰਵਰੀ, ਸਾਹਿਤਕ ਹਓਮੈ ਅਤੇ ਸ਼ਰਾਬ ਪੀਣ ਵਿਚ ਵਿਸ਼ਵਾਸ਼ ਰੱਖਦੇ ਹਨ। ਸਾਹਿਤਕ ਸਭਾਵਾਂ ਦੀ ਖਹਿਬਾਜ਼ੀ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਸਾਹਿਤਕਾਰ ਵਿਚਾਰਧਾਰਾਵਾਂ ਵਾਲੇ ਧੜਿਆਂ ਵਿਚ ਵੰਡੇ ਹੋਏ ਹਨ। ਪ੍ਰੰਤੂ ਲਾਭ ਲੈਣ ਲਈ ਉਹ ਸਾਰੇ ਹੱਦ ਬੰਨੇ ਟੱਪ ਜਾਂਦੇ ਹਨ। ਆਪਣੀਆਂ ਪੁਸਤਕਾਂ ਦੇ ਰੀਵੀਊ ਲਿਖਵਾਉਣ ਲਈ ਕਹਿੰਦੇ ਰਹਿੰਦੇ ਹਨ। ਇਹ ਵੀ ਕਹਿੰਦੇ ਹਨ ਰੀਵੀਊ ਲਿਖ ਦਿਓ ਪ੍ਰਕਾਸ਼ਤ ਅਸੀਂ ਆਪ ਹੀ ਕਰਵਾ ਲਵਾਂਗੇ।
-ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin