Literature

ਪੁਸਤਕ ਸਮੀਖਿਆ: ਸੂਰਜ ਹਾਲੇ ਡੁੱਬਿਆ ਨਹੀਂ (ਕਾਵਿ ਸੰਗ੍ਰਹਿ)

ਪੁਸਤਕ ਸਮੀਖਿਆ
ਪੁਸਤਕ :            ਸੂਰਜ ਹਾਲੇ ਡੁੱਬਿਆ ਨਹੀਂ (ਕਾਵਿ ਸੰਗ੍ਰਹਿ)
ਲੇਖਕ  :            ਮਹਿੰਦਰ ਸਿੰਘ ਮਾਨ
ਪ੍ਰਕਾਸ਼ਕ  :          ਆਬ ਪਬਲੀਕੇਸ਼ਨਜ਼ ਸਮਾਣਾ
ਸਫੇ:                128
ਮੁੱਲ:               120 ਰੁਪਏ
ਮਾਨਸਿਕ ਕਸ਼ਮਕਸ਼ ਅਤੇ ਅੰਤਰੀਵੀ ਯੁੱਧ ਨੂੰ ਕਾਵਿਕ ਸਿਰਜਣਾ ਦਾ ਆਧਾਰ ਬਣਾਉਣ ਵਾਲੇ ਇਸ ਵਾਤਾਵਰਨ ਵਿੱਚ ਮਹਿੰਦਰ ਸਿੰਘ ਮਾਨ ਵਰਗੇ ਕਵੀ ਵੀ ਹਨ ਜੋ ਸਮਾਜਿਕ ਸਰੋਕਾਰਾਂ ਨਾਲ ਓਤਪੋਤ ਕਾਵਿਕ ਹੁੰਗਾਰਾ ਭਰ ਰਹੇ ਹਨ।ਇਸ ਕਾਵਿਕ ਹੁੰਗਾਰੇ ਦਾ ਜਮਾਂਫਲ  ‘ਸੂਰਜ ਹਾਲੇ ਡੁੱਬਿਆ ਨਹੀਂ’ਕਾਵਿ ਸੰਗ੍ਰਹਿ ਦੇ ਰੂਪ ਵਿੱਚ ਪੰਜਾਬੀ ਪਾਠਕਾਂ ਦੇ ਰੂਬਰੂ ਹੋਇਆ ਹੈ।ਮਹਿੰਦਰ ਸਿੰਘ ਮਾਨ ਦੀ ਕਵਿਤਾ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਉਨ੍ਹਾਂ ਲੋਕਾਂ ਦੀ ਗੱਲ ਕਰਦੀ ਹੈ ਜੋ ਹੱਕ ਵਿਹੂਣੇ ਹਨ ਅਤੇ ਉਹ ਕੇਵਲ ਇਨ੍ਹਾਂ ਹੱਕ ਵਿਹੂਣੇ ਲੋਕਾਂ ਪ੍ਰਤੀ ਹਮਦਰਦੀ ਦਾ ਇਜ਼ਹਾਰ  ਹੀ ਨਹੀਂ ਕਰਦੀ ਸਗੋਂ ਉਨ੍ਹਾਂ ਦੀ ਸਮਾਜਿਕ ਤੌਰ ਤੇ ਪੇਤਲੀ ਹੁੰਦੀ ਜਾ ਰਹੀ ਹਾਲਤ ਦੇ ਕਾਰਨ ਵੀ ਤਲਾਸ਼ ਕਰਦੀ ਹੈ ਅਤੇ ਇਸ ਨੂੰ ਸੁਧਾਰਨ ਲਈ ਆਵਾਜ਼ ਵੀ ਬੁਲੰਦ ਕਰਦੀ  ਹੈ :-
ਜ਼ਿੰਦਗੀ ‘ਚ ਖੁਸ਼ੀਆਂ ਅਤੇ ਹਾਸੇ ਲਿਆਣ ਲਈ,
ਉਮਰ ਦਾ ਤਪਦਾ ਮਾਰੂਥਲ ਗਾਹ ਲਵਾਂਗਾ ਮੈਂ।
ਕਿੱਦਾਂ ਬਲੇਗਾ ਸੰਘਰਸ਼ ਦਾ ਚੁਮੁੱਖੀਆ ਦੀਵਾ,
ਬੈਠ ਕੇ ਸਾਥੀਆਂ ਨਾਲ ਕਰ ਸਲਾਹ ਲਵਾਂਗਾ ਮੈਂ।
ਇਸੇ ਕਰਕੇ ਮਹਿੰਦਰ ਸਿੰਘ ਮਾਨ ਦੀ ਕਵਿਤਾ ਵਿੱਚ ਉਨ੍ਹਾਂ ਮਜ਼ਦੂਰਾਂ ਤੇ ਕਾਮਿਆਂ ਦਾ ਜ਼ਿਕਰ ਹੈ ਜੋ ਮਿਹਨਤ ਕਰਨ ਦੇ ਬਾਵਜੂਦ ਵੀ ਭੁੱਖੇ ਮਰ ਰਹੇ ਹਨ ਅਤੇ ਦੂਜੇ ਪਾਸੇ ਪੈਸੇ ਵਾਲੇ ਲੋਕ ਐਸ਼ੋ ਆਰਾਮ ਦਾ ਜੀਵਨ ਬਤੀਤ ਕਰ ਰਹੇ ਹਨ।ਕਿਉਂ ਕਿ ਮਹਿੰਦਰ ਸਿੰਘ ਮਾਨ ਦੀ ਕਵਿਤਾ ਲੋਕਾਂ ਦੀ ਗੱਲ ਕਰਦੀ ਹੈ,ਇਸ ਕਰਕੇ ਜ਼ਿੰਦਗੀ ਨੂੰ ਸੋਹਣੀ ਵੇਖਣ ਲਈ ਉਹ ਆਪਣੇ ਦੇਸ਼, ਆਪਣੀ ਬੋਲੀ ਨੂੰ ਪਿਆਰ ਕਰਨ ਦੇ ਨਾਲ ਨਾਲ ਇਹ ਵੀ ਤਾਕੀਦ ਕਰਦੀ ਹੈ ਕਿ ਜ਼ਾਤਾਂ,ਪਾਤਾਂ ਦੀਆਂ ਹੱਦਬੰਦੀਆਂ ਤੋਂ ਉੱਪਰ ਉੱਠ ਕੇ ਇਕ ਦੂਜੇ ਪ੍ਰਤੀ ਪ੍ਰੇਮ ਭਾਵ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਤਾਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ,ਜੋ ਮਨੁੱਖ ਨੂੰ ਮਨੁੱਖ ਦਾ ਵੈਰੀ ਬਣਾ ਕੇ ਉਨ੍ਹਾਂ ਵਿੱਚ ਵੰਡੀਆਂ ਪਾ ਰਹੇ ਹਨ। ਮਹਿੰਦਰ ਸਿੰਘ ਮਾਨ ਨੂੰ ਇਸ ਗੱਲ ਦੀ ਸੋਝੀ ਹੈ ਕਿ ਜੇ ਕਰ ਮਨੁੱਖ ਦੇ ਪੱਲੇ ਵਿੱਦਿਆ ਦਾ ਧਨ ਹੋਵੇਗਾ ਤਾਂ ਹੀ ਉਹ ਉੱਚਤਮ ਜੀਵਨ ਮੁੱਲਾਂ ਦੀ ਪ੍ਰਾਪਤੀ ਕਰ ਸਕੇਗਾ ਅਤੇ ਆਪਣੀ ਸ਼ਖਸੀਅਤ ਦੇ ਵਿਕਾਸ ਨਾਲ ਆਪਣੇ ਆਲੇ ਦੁਆਲੇ ਅਤੇ ਆਪਣੇ ਵਾਤਾਵਰਨ ਪ੍ਰਤੀ ਸੁਚੇਤ ਹੋ ਸਕੇਗਾ। ਜੇ ਕਰ ਸਾਡਾ ਆਲਾ ਦੁਆਲਾ ਹੀ ਦੂਸ਼ਿਤ ਹੋਵੇਗਾ ,ਤਾਂ ਸਵੱਛ ਸੋਚ ਦੀ ਆਸ ਕਦੇ ਵੀ ਕੀਤੀ ਨਹੀਂ ਜਾ ਸਕਦੀ।’ਵਿੱਦਿਆ ਦਾ ਧਨ’, ‘ਰੁੱਖ’, ‘ਧੀ’, ‘ਹਿੰਦੂ-ਸਿੱਖ’, ‘ਰੁੱਖ ਨੇ ਸਾਡੇ ਯਾਰ’, ‘ਦੇਸ਼ ਦੇ ਬਹਾਦਰ ਲੋਕ’ ਆਦਿ ਕਵਿਤਾਵਾਂ ਇਸ ਸਰੋਕਾਰ ਨੂੰ ਪ੍ਰਪੱਕਤਾ ਪ੍ਰਦਾਨ ਕਰਦੀਆਂ ਹਨ।ਉਹ ਇਸ ਗੱਲੋਂ ਸੁਚੇਤ ਕਰਦਾ ਹੈ ਕਿ ਉਨ੍ਹਾਂ ਤਾਕਤਾਂ ਨਾਲੋਂ ਨਾਤਾ ਤੋੜਨਾ ਹੀ ਬਿਹਤਰ ਹੈ ਜੋ ਵੰਡੀਆਂ ਪਾ ਕੇ ਸਮਾਜਿਕ ਵਾਤਾਵਰਨ ਵਿੱਚ ਖੱਲਲ ਪਾ ਰਹੀਆਂ ਹਨ :-
ਪਿਆਰ ਦੇ ਬਾਗੀਂ ਜੋ ਅੱਗਾਂ ਲਾਏ,ਉਸ ਨੂੰ ਗਲੇ ਲਗਾਉ ਨਾ।
ਬੇੜੀ ਵਿੱਚ ਜੋ ਵੱਟੇ ਪਾਏ,ਉਸ ਨੂੰ ਬੇੜੀ ਵਿੱਚ ਬਿਠਾਉ ਨਾ।
ਜ਼ਿੰਦਗੀ ਦਾ ਗੂੜ੍ਹ ਤਜੱਰਬਾ ਹੋਣ ਕਾਰਨ ਮਹਿੰਦਰ ਸਿੰਘ ਮਾਨ ਆਪਣੀਆਂ ਜ਼ਿਆਦਾਤਰ ਕਵਿਤਾਵਾਂ ਵਿੱਚ ਸੁਚੇਤ ਹੋਣ ਅਤੇ ਜਾਗਰੂਕ ਹੋ ਕੇ ਹਰ ਵਰਤਾਰੇ ਨੂੰ ਵੇਖਣ ਦਾ ਯਤਨ ਕਰਦਾ ਹੈ।’ਵੇਖੇ ਲੋਕ’, ‘ਦਿਨ ਚੜ੍ਹੇ’, ‘ਅੱਜ ਕਲ੍ਹ’, ‘ਕੋਈ ਕੋਈ’, ‘ਅਕਲ ਵਿਹੂਣੇ ਲੋਕ’ਅਜਿਹੀ ਤਰਜ਼ ਤੇ ਲਿਖੀਆਂ ਕਵਿਤਾਵਾਂ ਹਨ।ਉਸ ਲਈ ਸਾਹਿਤ ਇਕ ਅਜਿਹਾ ਹਥਿਆਰ ਹੈ, ਜਿਸ ਰਾਹੀਂ ਉਹ ਆਪਣਾ ਸਮਾਜਿਕ ਫਰਜ਼ ਪੂਰਾ ਕਰ ਸਕਦਾ ਹੈ।ਕਿਉਂ ਕਿ ਸਾਹਿਤ ਦਾ ਅਰਥ ਹੀ ‘ਕਲਿਆਣਕਾਰੀ’ਹੋਣਾ ਹੁੰਦਾ ਹੈ।ਇਸੇ ਕਰਕੇ ਉਹ ਆਪਣੀ ਗ਼ਜ਼ਲ ਵਿੱਚ ਲਿਖਦਾ ਹੈ:-
ਜੋ ਕੁਝ ਵੀ ਕਹਿਣਾ, ਗ਼ਜ਼ਲਾਂ ਰਾਹੀਂ ਕਹਿ ਜਾਵਾਂਗਾ,
ਠੱਗਾਂ ਦੀ ਹਿੱਕ ‘ਚ ਖ਼ੰਜ਼ਰ ਵਾਂਗਰ ਲਹਿ ਜਾਵਾਂਗਾ।
ਮਹਿੰਦਰ ਸਿੰਘ ਮਾਨ ਦੀਆਂ ਚਾਹੇ ਕਵਿਤਾਵਾਂ ਹੋਣ,ਚਾਹੇ ਟੱਪੇ ਹੋਣ ਤੇ ਚਾਹੇ ਗ਼ਜ਼ਲਾਂ ਹੋਣ,ਉਹ ਲੋਕਾਂ ਨੂੰ ਜਗਾਉਣ ਅਥਵਾ ਜਾਗਰੂਕ ਕਰਨ ਵਿੱਚ ਹੀ ਵਿਸ਼ਵਾਸ ਰੱਖਦਾ ਹੈ। ਜਿਵੇਂ :-
ਜਾਗੋ ਜਾਗੋ ਸੁੱਤਿਉ ਲੋਕੋ,
ਮੇਰੀ ਕਲਮ ਰਹੀ ਪੁਕਾਰ।
ਮਹਿੰਦਰ ਸਿੰਘ ਮਾਨ ਦੇ ਇਸ ਕਾਵਿ ਸੰਗ੍ਰਹਿ ਵਿੱਚ ਰੂਪਕ ਪੱਖੋਂ ਵੀ ਭਰਪੂਰ ਵੰਨ-ਸੁਵੰਨਤਾ ਹੈ। ਕਵਿਤਾਵਾਂ,ਗੀਤ, ਗ਼ਜ਼ਲਾਂ, ਹਾਇਕੂ,ਟੱਪੇ, ਦੋਹੇ ਆਦਿ ਕਾਵਿ ਰੂਪ ਇਸ ਦਾ ਵਿਸ਼ੇਸ਼ ਹਾਸਲ ਹਨ ਅਤੇ ਕਵੀ ਦੀ ਕਾਵਿਕ ਮੁਹਾਰਤ ਦੀ ਗਵਾਹੀ ਵੀ ਭਰਦੇ ਹਨ।ਉਸ ਦੀ ਕਵਿਤਾ ਵਿੱਚ ਲੈਅ,ਸੁਰ ਪੱਖੋਂ ਖੂਬਸੂਰਤ ਰਵਾਨਗੀ ਹੈ, ਜੋ ਪਾਠਕ ਦੇ ਮਨ ਉੱਤੇ ਬੱਝਵਾਂ ਪ੍ਰਭਾਵ ਵੀ ਪਾਉਂਦੀ ਹੈ ।ਸੱਜਰੀਆਂ ਬਿੰਬਾਤਮਕ ਅਤੇ ਪ੍ਰਤੀਕਾਰਮਕ ਛੋਹਾਂ ਉਸ ਦੀ ਕਵਿਤਾ ਨੂੰ ਸੁਹਜਾਤਮਕ ਰੂਪ ਵੀ ਪ੍ਰਦਾਨ ਕਰਦੀਆਂ ਹਨ।ਸੌਖੀ ਅਤੇ ਸਰੋਦੀ ਭਾਸ਼ਾ ਵਿੱਚ ਲਿਖੀ ਇਹ ਕਵਿਤਾ ਮਹਿੰਦਰ ਸਿੰਘ ਮਾਨ ਦੇ ਜ਼ਰਖ਼ੇਜ਼ ਕਾਵਿ-ਮਨ ਦੀ ਅਭਿਵਿਅਕਤੀ ਕਰਦੀ ਹੈ।
ਡਾ:ਸਰਦੂਲ ਸਿੰਘ ਔਜਲਾ
ਮੁਖੀ ਪੋਸਟ ਗਰੈਜੂਏਟ ਪੰਜਾਬੀ ਵਿਭਾਗ
ਡਿਪਸ ਕਾਲਜ ਢਿਲਵਾਂ(ਕਪੂਰਥਲਾ)

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin