Literature

ਮੋਹ ਦੀਆਂ ਤੰਦਾਂ- ਜੀਵਨ ਜਾਚ ਦਾ ਸੁਨੇਹਾ

ਗੁਰਦੀਸ਼ ਕੌਰ ਗਰੇਵਾਲ ਦੀ ਹਥਲੀ ਪੁਸਤਕ ‘ਮੋਹ ਦੀਆਂ ਤੰਦਾਂ’ ਵੀ ਉਸਦੀਆਂ ਪਹਿਲੀਆਂ ਕਿਰਤਾਂ ਵਾਂਗ ਇੱਕ ਆਦਰਸ਼ਕ ਮਨੁੱਖ ਦੀ ਸਿਰਜਣਾ ਕਰਨ ਵੱਲ ਸੇਧਤ ਹੈ। ਇਸ ਲਿਖਤ ਦਾ ਮੂਲ ਭਾਵ, ਜਨ- ਸੇਵਾ ਕਿਹਾ ਜਾ ਸਕਦਾ ਹੈ। ਇੱਕ ਅਜਿਹਾ ਮਨੁੱਖ ਜਿਸ ਦੇ ਕਿਰਦਾਰ ਵਿੱਚ ਕੋਈ ਝੋਲ ਨਾ ਹੋਵੇ, ਜਿਸ ਦੀ ਨੀਅਤ ਵਿੱਚ ਕੋਈ ਖੋਟ ਨਾ ਹੋਵੇ। ਸਭ ਕੁਰੀਤੀਆਂ ਤੋਂ ਰਹਿਤ ਅਜਿਹਾ ਸਮਾਜ ਉਸਾਰਨ ਦੀ ਲਾਲਸਾ, ਗੁਰਦੀਸ਼ ਦੀਆਂ ਸਭ ਲਿਖਤਾਂ ਵਿੱਚ ਉਜਾਗਰ ਹੁੰਦੀ ਹੈ।
‘ਮੋਹ ਦੀਆਂ ਤੰਦਾਂ’ ਲੇਖ ਸੰਗ੍ਰਹਿ ਮਨੁੱਖ ਨੂੰ ਸੋਲਾਂ ਕਲਾ ਸੰਪੂਰਨ ਮਨੁੱਖ ਬਣ ਜਾਣ ਦਾ ਹੋਕਾ ਦਿੰਦੀ ਹੋਈ ਪੁਸਤਕ ਹੈ। ਲੇਖਿਕਾ ਸਤਹੀ ਪੱਧਰ ਤੇ ਵਿਚਰਦੇ ਮਨੁੱਖ ਦੀ ਬਾਤ ਉਲੀਕਦੀ ਹੋਈ, ਉਸ ਦੇ ਅੰਦਰ ਵੱਸਦੀ ਦੁਨੀਆਂ ਵਿੱਚ ਹੁੰਦੀ ਟੁੱਟ ਭੱਜ ਤੋਂ ਵੱਖਰਦੀ ਹੈ। ਇਸ ਲਿਖਤ ਰਾਹੀਂ ਗੁਰਦੀਸ਼ ਨੇ, ਮਨੁੱਖ ਅਤੇ ਕੁਦਰਤ ਦੀ ਪੈ ਰਹੀ ਵਿੱਥ ਨੂੰ ਪੁਰਨ ਦੀ ਲੋਚਾ ਵੀ ਪਾਲ਼ੀ ਹੈ। ਇਹ ਪੁਸਤਕ ਤਿੰਨ ਵੱਖੋ ਵੱਖਰੇ ਸਿਰਲੇਖਾਂ ਅਧੀਨ, ਵਿਸ਼ੇ ਦੀ ਵੰਨ- ਸੁਵੰਨਤਾ ਨੂੰ ਦਰਸਾਉਂਦੀ ਹੋਈ, ਗੁਰਦੀਸ਼ ਕੌਰ ਦੀ ਬਹੁ- ਪਸਾਰੀ ਸੋਚ ਦੀ ਗਵਾਹੀ ਭਰਦੀ ਹੈ।
ਸ਼ਮਾਜ ਵਿੱਚ ਰਿਸ਼ਤਿਆਂ ਤੋਂ ਅਵੇਸਲੇ ਹੋਏ, ਬੇਚੈਨ ਹੋਏ ਲੋਕ, ਪਤਾਰਥਕ ਦੌੜ ਦਾ ਹਿੱਸਾ ਬਣਦੇ, ਵਸਤਾਂ ਵਿੱਚ ਖੱਚਤ ਲੋਕ ਜਾਂ ਕਦਰਾਂ ਕੀਮਤਾਂ ਵੱਲ ਪਿੱਠ ਕਰਦਾ ਵਰਗ- ਸਭ ਗੁਰਦੀਸ਼ ਲਈ ਵਿਆਕੁਲਤਾ ਦਾ ਵਿਸ਼ਾ ਹੋ ਨਿਬੜਦੇ ਹਨ। ਇਹਨਾਂ ਸਭ ਲਈ ਇੱਕ ਵਿਸ਼ੇਸ਼ ਜੀਵਨ ਜਾਚ ਦਾ ਸੁਨੇਹਾ ਸਿਰਜਦੀਆਂ, ਇਹ ਕਿਰਤਾਂ ਮਨੁੱਖੀ ਮਨ ਨੂੰ ਭਟਕਣ ਤੋਂ ਹੋੜਦੀਆਂ ਹਨ। ਮਨ ਦੀ ਇਕਾਗਰਤਾ ਕਾਇਮ ਰੱਖਣ ਦੀ ਸਲਾਹ ਉਸਾਰਦੀਆਂ ਹਨ। ਸਦੀਵੀ ਤਸੱਲੀ ਹਾਸਲ ਕਰਨ ਦਾ ਰਾਹ ਖੋਲ੍ਹਦੀਆਂ ਹਨ। ਮਾਨਸਿਕ ਤ੍ਰਿਪਤੀ ਦੀ ਦੱਸ ਪਾਉਂਦੀਆਂ ਹਨ। ਇਸ ਦੀ ਗਵਾਹੀ ਸਾਨੂੰ ਉਸ ਦੇ ਹੇਠ ਲਿਖੇ ਸ਼ਬਦਾਂ ਤੋਂ ਮਿਲਦੀ ਹੈ-
“ਆਦਮੀ ਮਕਾਨ ਬਣਾਉਂਦਾ ਹੈ ਪਰ ਉਸ ਨੂੰ ਘਰ ਤਾਂ ਔਰਤ ਹੀ ਬਣਾਉਂਦੀ ਹੈ। ਜੇ ਸਾਡੀਆਂ ਕੁੜੀਆਂ ਨੂੰ ਘਰ ਬਨਾਉਣੇ ਭੁੱਲ ਗਏ ਤਾਂ ਇਹ ਰਿਸ਼ਤਿਆਂ ਤੋਂ ਸੱਖਣੇ ਘਰ, ਮੁੜ ਮਕਾਨ ਬਣ ਜਾਣਗੇ”। (ਔਰਤ ਦਾ ਅਸਲ ਪਰਿਵਾਰ ਕਿਹੜਾ?)
“ਦੇਖਣ ਵਿੱਚ ਆਇਆ ਹੈ ਕਿ ਅੱਜਕਲ ਲੜਕੀਆਂ ਵਿਆਹ ਤੋਂ ਬਾਅਦ ਕੇਵਲ ਆਪਣੇ ਪਤੀ ਨਾਲ ਹੀ ਰਿਸ਼ਤਾ ਰੱਖਣਾ ਚਾਹੁੰਦੀਆਂ ਹਨ”। (ਔਰਤ ਦਾ ਅਸਲ ਪਰਿਵਾਰ ਕਿਹੜਾ?)
“ਸਵੇਰੇ ਉੱਠਣ ਤੋਂ ਲੈ ਕੇ ਦਿਨ ਭਰ ਦੇ ਸਾਰੇ ਕੰਮਾਂ ਨੂੰ ਅਸੀਂ ਕਾਹਲੀ ਕਾਹਲੀ ਨਿਪਟਾਉਂਦੇ ਹਾਂ”  (ਸਹਿਜ ਪਕੇ ਸੋ ਮੀਠਾ ਹੋਇ)
“ਜੇ ਅਸੀਂ ਮਨ ਨੂੰ ਜਿੱਤ ਲਈਏ ਤਾਂ ਆਪਣੇ ਅੰਦਰੋਂ ਰੱਬ ਨੂੰ ਲੱਭਣਾ ਕੋਈ ਔਖਾ ਕੰਮ ਨਹੀਂ” (ਰੱਬ ਇੱਕ ਗੁੰਝਲਦਾਰ ਬੁਝਾਰਤ)
ਇਹਨਾਂ ਵਿਚਾਰਾਂ ਦੀ ਵੰਨ- ਸੁਵੰਨਤਾ ਮਨੁੱਖੀ ਵਿਚਾਰਾਂ ਦੀ ਵੱਖਰੀ ਤਰਤੀਬ ਦੀ ਲਖਾਇਕ ਹੈ- ਜਿੱਥੇ ਸਾਡਾ ਮਨ ਇੱਕ ਮਨ ਇੱਕ ਚਿੱਤ ਹੋ ਕੇ ਨਹੀਂ ਰੁਕਦਾ। ਲੇਖਿਕਾ ਦੇ ਆਪਣੇ ਸ਼ਬਦਾਂ ਵਿੱਚ-
“ਮਨ ਬਹੁਤ ਹੀ ਚੰਚਲ ਹੈ, ਇੱਕ ਬੇਲਗਾਮ ਘੋੜੇ ਵਾਂਗ। ਇਹ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ”।  (ਮਨਿ ਜੀਤੈ ਜਗੁ ਜੀਤੁ)
ਇਉਂ ਲੇਖਿਕਾ ਨੇ ਸਭਿਆਚਾਰਕ ਗੁਰਬਤ ਦੀ ਬਾਤ ਛੋਹਦਿਆਂ, ਮਨੁੱਖੀ ਕਿਰਦਾਰ ਨੂੰ ਉਸਾਰਨ ਦੀ ਲੋਚਾ ਰੱਖੀ ਹੈ। ਗੁਰਦੀਸ਼ ਇੱਕ ਅਜਿਹਾ ਸਮਾਜ ਸਿਰਜਣਾ ਚਾਹ ਰਹੀ ਹੈ- ਜਿਥੇ ਸਭ ਦੋਸ਼ ਰਹਿਤ ਹੋਣ, ਸਭ ਪੁਰਣ ਤ੍ਰਿਪਤ ਹੋ ਕੇ ਵਿਚਰ ਸਕਣ। ਪਰ ਅਜੋਕੇ ਸਮੇਂ ਵਿੱਚ, ਜਿਥੇ ਕਮੀਨਗੀ ਤੇ ਧੋਖਾਧੜੀ ਜਾਂ ਲੁੱਟ- ਖਸੁੱਟ ਦਾ ਹੀ ਬੋਲ ਬਾਲਾ ਹੈ- ਉਥੇ ਗੁਰਦੀਸ਼ ਕੌਰ ਸਦਾਚਾਰੀ ਹੋਣ ਦਾ ਹੋਕਾ ਦੇ ਰਹੀ ਹੈ, ਜਦ ਕਿ ਲੋਕੀਂ ਤਾਂ ਸਦਾ- ਚੋਰੀ ਕਰਨ ਦੀ ਠਾਣੀ ਬੈਠੇ ਹਨ। ਖੈਰ ਲੇਖਕ ਦਾ ਕੰਮ ਤਾਂ- ‘ਜਾਗਦੇ ਰਹੋ’ ਦਾ ਹੋਕਾ ਦੇਣਾ ਹੈ- ਅੱਗੋਂ ਲੋਕਾਂ ਦੀ ਮਰਜ਼ੀ ਹੈ ਕਿ ਉਹ ਕਿੰਨਾ ਕੁ ਸੁਚੇਤ ਹੁੰਦੇ ਹਨ। ਲੇਖਿਕਾ ਦੀ ਸੁਹਿਰਦ ਸੋਚ ਮਾਨਵਵਾਦੀ ਅਤੇ ਆਦਰਸ਼ਵਾਦੀ ਹੁੰਦੀ ਹੋਈ, ਹਮਦਰਦ ਭਾਵਨਾ ਦਾ ਸੰਚਾਰ ਕਰਦੀ ਹੈ। ਇਸ ਪੁਸਤਕ ਦੀਆਂ ਜ਼ਿਆਦਾਤਰ ਲਿਖਤਾਂ- ਇੱਕ ਖਾਸ ਵਰਗ ਦੇ ਪਾਠਕ ਨੂੰ ਜਾਂ ਕਹਿ ਲਵੋ ਢਲਦੀ ਉਮਰ ਵਿੱਚ ਉਪਰਾਮ ਸੁਰ ਵਾਲੇ ਲੋਕਾਂ ਨੂੰ- ‘ਅੱਗਾ ਨੇੜੇ ਆਇਆ’ ਦਾ ਸੰਕੇਤ ਕਰਦੀ ਹੋਈ- ‘ਹੁਣ ਤੱਕ ਕੀ ਹੰਢਾਇਆ?’ ‘ਕੀ ਗਵਾਇਆ ਤੇ ਕੀ ਪਾਇਆ?’ ਜਿਹੇ ਸਵਾਲਾਂ ਦੇ ਰੂ-ਬ ਰੂ ਲਿਆ ਖੜ੍ਹਾ ਕਰਦੀ ਹੈ।
ਗੁਰਦੀਸ਼ ਕੌਰ ਦਾ ਲਿਖਣ ਢੰਗ ਪਕੇਰੀ ਸੂਝ ਦੀ ਗਵਾਹੀ ਭਰਦਾ ਹੈ। ਲਿਖਤਾਂ ਵਿੱਚ ਛੋਟੀਆਂ ਛੋਟੀਆਂ ਘਟਨਾਵਾਂ ਜਾ ਜ਼ਿਕਰ ਇੰਨੇ ਸਰਲ ਢੰਗ ਨਾਲ ਕੀਤਾ ਗਿਆ ਹੈ, ਕਿ ਆਮ ਪੱਧਰ ਦੀ ਸਮਝ ਗੋਚਰੇ, ਹਰ ਗੱਲ ਸਹਿਜੇ ਹੀ ਆ ਜਾਂਦੀ ਹੈ। ਨਿਤਾ ਪ੍ਰਤੀ ਜ਼ਿੰਦਗੀ ਨਾਲ ਖਹਿ ਕੇ ਲੰਘਦੇ ਵਿਸ਼ੇ ਹੀ, ਉਸ ਦੀ ਮਨ ਭਾਉਂਦੀ ਕਿਰਤ ਵਿੱਚ ਨਿਭਦੇ ਹਨ। ਕਈ ਥਾਈਂ ਉਹ, ਹੋਈ ਬੀਤੀ ਘਟਨਾ ਦਾ ਵੇਰਵਾ, ਲੰਘ ਚਲੇ ਪਲਾਂ ਦੇ ਹਵਾਲੇ ਕਰਦੀ, ਆ ਰਹੇ ਸਮੇਂ ਲਈ ਸੰਦੇਸ਼ ਸਿਰਜ ਲੈਂਦੀ ਹੈ। ਮਿਸਾਲ ਵਜੋਂ ‘ਮੋਹ ਦੀਆਂ ਤੰਦਾਂ’ ਲੇਖ ਵਿੱਚ- ਕੁਦਰਤ ਨਾਲ ਮਨੁੱਖੀ ਮਨ ਦੀ ਇੱਕ-ਸੁਰਤਾ ਕਾਇਮ ਕਰਦਿਆਂ, ਕੁਦਰਤ ਦੀ ਖੂਬਸੂਰਤੀ ਨੂੰ ਨਿੱਜੀ ਘਟਨਾ ਨਾਲ ਰਲ਼ਾ ਕੇ, ਬਹੁ-ਅਰਥੀ ਸੰਦੇਸ਼ ਉਸਾਰਨ ਦਾ ਯਤਨ ਕੀਤਾ ਹੈ। ਕਈ ਥਾਈਂ ਲੇਖ ਦਾ ਅਰੰਭ ਹੀ ਉਸ ਦੇ ਆ ਰਹੇ ਸੰਦੇਸ਼ ਲਈ ਵਾਤਾਵਰਣ ਉਸਾਰ ਦਿੰਦਾ ਹੈ-
ਜਿਵੇਂ- ‘ਕੋਈ ਸਮਾਂ ਸੀ, ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਸੀ’। ਕਿਤੇ ਕਿਤੇ ਨਾਟਕੀ ਅੰਸ਼ ਤੇ ਸਵੈ- ਜੀਵਨੀ ਅੰਸ਼ ਵੀ ਇਹਨਾਂ ਲੇਖਾਂ ਵਿੱਚ ਹਾਜ਼ਰੀ ਭਰਦਾ ਹੈ। ‘ਤੁਹਾਡੇ ਦਿਲਾਂ ਦਾ ਬਾਦਸ਼ਾਹ’ ਵਿੱਚ ਉਹ ਲਿਖਦੀ ਹੈ-
“ਚਾਹੇ ਅੱਧੀ ਰਾਤ ਹੋਵੇ, ਤੁਸੀਂ ਉਂਗਲਾਂ ਨਾਲ ਮੇਰੇ ਘਰ ਦੀ ਇੱਕ ਵਿੰਡੋ ਖੋਲ੍ਹੋ, ਤੇ ਉਸ ਤੇ ਚਿੱਠੀ ਲਿਖ ਕੇ, ਪੋਸਟ ਕਰਕੇ ਸੌਂ ਜਾਓ”।
ਗੁਰਦੀਸ਼ ਵਿਦੇਸ਼ੀ ਲਾੜਿਆਂ ਦੇ ਧੋਖਿਆਂ ਤੋਂ ਵੀ ਸਮਾਜ ਨੂੰ ਸੁਚੇਤ ਕਰਦੀ ਹੋਈ ਕਹਿੰਦੀ ਹੈ-
“ਦੇਖਣਾ, ਕਿਤੇ ਵਿਦੇਸ਼ ਦੇ ਝਾਂਸੇ ਵਿੱਚ ਆ ਕੇ- ਆਪਣੀ ਪਿਆਰੀ ਬੱਚੀ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਨਾ ਲਾ ਦੇਣਾ!” (ਦੇਸੀ ਕੁੜੀਆਂ- ਵਿਦੇਸ਼ੀ ਲਾੜੇ)
ਦੋਸਤੀ ਦੀ ਗੱਲ ਕਰਦਿਆਂ ਉਹ ਇੱਕ ਲੇਖ ਵਿੱਚ ਜਿੱਥੇ ਇਨਸਾਨਾਂ ਦੀ ਦੋਸਤੀ ਦੀ ਗੱਲ ਕਰਦੀ ਹੈ ਉਥੇ ਕਿਤਾਬਾਂ ਅਤੇ ਕੁਦਰਤ ਨਾਲ ਦੋਸਤੀ ਕਰਨ ਦੀ ਸਲਾਹ ਵੀ ਦਿੰਦੀ ਹੈ-
“ਕੁਦਰਤ ਨੂੰ ਪਿਆਰ ਕਰਨ ਵਾਲੇ ਤਾਂ ਰੁੱਖਾਂ, ਪਿਦਆਂ ਨੂੰ ਆਪਣਾ ਦੁੱਖ ਸੁੱਖ ਸੁਣਾ ਕੇ ਵੀ ਮਨ ਹੌਲ਼ਾ ਕਰ ਲੈਂਦੇ ਹਨ। ਕੁਦਰਤ ਦੀ ਦੋਸਤੀ ਸਾਡੇ ਮਨ ਨੂੰ ਸਕੂਨ ਬਖਸ਼ਦੀ ਹੈ” (ਪਾ ਲੈ ਸੱਜਣਾ ਦੋਸਤੀ..!)
ਇਸੇ ਪ੍ਰਕਾਰ ‘ਰੱਬ ਨਾਲ ਮੁਲਾਕਾਤਾਂ’ ਵਿੱਚ ਦੋ ਪਾਤਰ ਆਪਸੀ ਗੱਲ ਬਾਤ ਕਰਦੇ, ਸਵਾਲ ਜਵਾਬ ਹੁੰਦੇ, ਨਾਟਕੀ ਵਾਰਤਾਲਾਪ ਕਰਦੇ ਹਨ- ਜਿੱਥੇ ਬੰਦਾ ਰੱਬ ਨੂੰ ਮੁਖਾਤਿਬ ਹੈ। ਇਸ ਕਿਤਾਬ ਦੀ ਸਭ ਤੋਂ ਖੂਬਸੂਰਤ ਰਚਨਾ ‘ਹਰੀਆਂ ਐਨਕਾਂ’ ਕਹੀ ਜਾ ਸਕਦੀ ਹੈ। ਇਹ ਰਚਨਾ ਇੱਕ ਸਫਲ ਵਿਅੰਗ ਹੈ- ਜਿਸ ਰਾਹੀਂ ਲੇਖਿਕਾ ਨੇ ਅਜੋਕੀਆਂ ਸਥਿਤੀਆਂ ਦੇ ਪਾਜ ਉਘਾੜਨ ਦੀ ਜਾਂ ਕਹਿ ਲਵੋ ਕਿ ਸਮਾਜ ਨੂੰ ਸ਼ੀਸ਼ਾ ਦਿਖਾਉਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਇਹਨਾਂ ਸਭ ਲੇਖਾਂ ਵਿੱਚ ਪ੍ਰਧਾਨ ਸੁਰ ਪ੍ਰਚਾਰ ਮੁਖੀ ਹੈ। ਕਈ ਵਾਰੀ ਗੁਰਦੀਸ਼ ਗੁਰਮਤਿ ਦੀ ਵਿਆਖਿਆ ਕਰਦਿਆਂ ਇੱਕ ਕਥਾ- ਵਾਚਕ ਵਾਂਗ ਸਿੱਖਿਆ ਦਿੰਦੀ ਹੋਈ ਪ੍ਰਤੀਤ ਹੁੰਦੀ ਹੈ। ਕਈ ਥਾਵਾਂ ਤੇ ਆਪਣਾ ਨੁਕਤਾ ਸਪੱਸ਼ਟ ਕਰਨ ਲਈ ਗੁਰਬਾਣੀ ਦਾ ਸਹਾਰਾ ਵੀ ਲਿਆ ਗਿਆ ਹੈ।
ਇਸ ਪੁਸਤਕ ਦਾ ਆਖਰੀ ਭਾਗ, ‘ਸਿਹਤ ਸੰਭਾਲ’ ਸਿਰਲੇਖ ਅਧੀਨ ਆਪਣੀ ਹੀ ਦੇਹੀ ਵਲੋਂ ਅਵੇਸਲੇ ਹੋਏ ਲੋਕਾਂ ਲਈ ਸੰਦੇਸ਼ ਸਿਰਜਦਾ, ਇੱਕ ਹਲੂਣਾ ਦੇ ਰਿਹਾ ਹੈ। ‘ਕਿਧਰੇ ਇਹ ਮਸ਼ੀਨ ਜਾਮ ਨਾ ਹੋ ਜਾਵੇ’ ਲੇਖ ਵਿੱਚ ਦੇਹੀ ਦੇ ਅੰਗਾਂ ਨੂੰ ਮਸ਼ੀਨੀ ਪੁਰਜ਼ਿਆਂ ਵਾਂਗ, ਹਿੱਲਜੁਲ ਕਰਦੇ ਰਹਿਣ ਦੀ ਬਾਤ ਪਾਈ ਹੈ। ਅਜੋਕੀ ਜੀਵਨ ਸ਼ੈਲੀ ਦੀਆਂ ਊਣਾਂ ਵੱਲ ਕਈ ਸੰਕੇਤ ਹਨ। ‘ਸਾਡੇ ਬਜ਼ੁਰਗ ਸਾਡੇ ਘਰੇਲੂ ਡਾਕਟਰ’ ਲੇਖ ਘਰੇਲੂ ਟੋਟਕਿਆਂ ਨੂੰ ਸਾਂਭਣ ਵਾਲਾ, ਆਪਣੇ ਆਪ ਵਿੱਚ ਸੰਪੂਰਨ ਜਾਣਕਾਰੀ ਭਰਪੂਰ ਲੇਖ ਹੈ, ਜਿਸ ਦਾ ਲਾਭ ਉਠਾਇਆ ਜਾ ਸਕਦਾ ਹੇ। ਇਉ ਲੇਖਿਕਾ ਸਮਾਜਿਕ ਅਤੇ ਸਭਿਆਚਾਰਕ ਸੁਧਾਰ ਦੇ ਨਾਲ, ਦੇਹੀ ਸੰਭਾਲ ਤੇ ਵੀ ਤੋੜਾ ਝਾੜਦੀ ਹੈ।
ਸਮੁੱਚੇ ਰੂਪ ਵਿੱਚ ਗੁਰਦੀਸ਼ ਕੌਰ ਜਿਸ ਵਿਸ਼ੇ ਨੂੰ ਵੀ ਚੁਣਦੀ ਹੈ, ਉਸ ਦਾ ਨਿਸ਼ਾਨਾ ਸਮੁੱਚੀ ਮਾਨਵਤਾ ਨੂੰ ਸਿੱਧੇ ਰਾਹੇ ਪਾਉਣਾ ਹੈ। ਉਹ ਸਮਾਜ ਅਤੇ ਮਨੁੱਖੀ ਕਿਰਦਾਰ ਨੂੰ ਕਈ ਕੋਣਾਂ ਤੋਂ ਵਿਅਕਤ ਕਰਦੀ ਹੋਈ, ਅਜਿਹੀਆਂ ਟਿੱਪਣੀਆਂ ਕਰਦੀ ਹੈ ਜਿਸ ਤੋਂ ਉਸ ਦੇ ਸਮਾਜ ਸੁਧਾਰਕ ਸੋਚ ਦੀ ਦਸ ਪੈਂਦੀ ਹੈ।
‘ਮੋਹ ਦੀਆਂ ਤੰਦਾਂ’ ਨੂੰ ‘ਜੀ ਆਇਆਂ’ ਕਹਿੰਦੀ ਹੋਈ, ਮੈਂ ਅਰਦਾਸ ਕਰਦੀ ਹਾਂ ਕਿ ਇਹ ਕਿਰਤ ਪਾਠਕ ਵਰਗ ਦਾ ਹੁੰਗ਼ਾਰਾ ਵਸੂਲਣ ਵਿੱਚ ਸਫਲ ਹੋਵੇ।
ਡਾ. ਬਲਵਿੰਦਰ ਕੌਰ ਬਰਾੜ
ਸਾਬਕਾ ਮੁਖੀ, ਪੰਜਾਬੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin