Articles

ਬਾਂਗਰ ਦੀਆਂ ਗੱਲਾਂ!

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਸੰਗਰੂਰ ਜਿਲ੍ਹੇ ਦਾ ਬਹੁਤ ਸਾਰਾ ਇਲਾਕਾ ਹਰਿਆਣੇ ਨਾਲ ਲੱਗਦਾ ਹੈ ਤੇ ਇਸ ਇਲਾਕੇ ਦੀ ਬੋਲੀ ‘ਤੇ ਹਰਿਆਣਵੀ ਭਾਸ਼ਾ ਦਾ ਜਬਰਦਸਤ ਪ੍ਰਭਾਵ ਹੈ। ਲਹਿਰਾਗਾਗਾ ਟੱਪਦੇ ਸਾਰ ਮਾਰ੍ਹਾ (ਮੇਰਾ) ਥਾਰ੍ਹਾ (ਤੇਰਾ) ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਲੋਕਾਂ ‘ਤੇ ਅਜੇ ਵੀ ਨਵੇਂ ਜ਼ਮਾਨੇ ਦਾ ਬਹੁਤਾ ਪ੍ਰਭਾਵ ਨਹੀਂ ਪਿਆ ਤੇ ਇਹ ਅਜੇ ਵੀ ਬਹੁਤ ਭੋਲੇ ਅਤੇ ਸਾਫ ਦਿਲ ਹਨ। ਸੱਚੀ ਗੱਲ ਮੂੰਹ ‘ਤੇ ਕਹਿ ਦੇਣਾ ਇਨ੍ਹਾਂ ਦਾ ਸਭ ਤੋਂ ਵੱਡਾ ਗੁਣ ਹੈ। ਹੁਣ ਤਾਂ ਖੈਰ ਬੱਚਿਆਂ ਦੇ ਪੜ੍ਹ ਲਿਖ ਜਾਣ ਕਾਰਨ ਬਹੁਤ ਫਰਕ ਪੈ ਗਿਆ ਹੈ, 30 – 40 ਸਾਲ ਪਹਿਲਾਂ ਇਨ੍ਹਾਂ ਦਾ ਖਾਣਾ ਵੀ ਬਹੁਤ ਸਧਾਰਨ ਹੁੰਦਾ ਸੀ। ਲਾਲ ਮਿਰਚਾਂ ਤੇ ਪਿਆਜ਼ ਦੀ ਚਟਣੀ ਨਾਲ ਹੀ ਰੋਟੀ ਖਾ ਲੈਂਦੇ ਸਨ। ਜੇ ਕਿਸੇ ਪਟਵਾਰੀ ਆਦਿ ਨੂੰ ਰੋਟੀ ਖਵਾਉਣੀ ਤਾਂ ਬਾਅਦ ਵਿੱਚ ਕਹਿਣਾ, “ਮੇਰੇ ਸਾਲੇ ਕੋ ਗੁੜ, ਗੰਢਾ, ਅਚਾਰ, ਤੀਨ ਸਬਜ਼ੀਆਂ ਖਿਲਾਈਂ। ਭੂਤਨੀ ਕਾ ਫਿਰ ਬੀ ਖੁਸ਼ ਨਹੀਂ ਹੂਆ”। ਖਨੌਰੀ ਥਾਣੇ ਦੇ ਅਜਿਹੇ ਹੀ 20 – 22 ਪਿੰਡ ਹਨ, ਜਿਨ੍ਹਾਂ ਨੂੰ ਚੌਧਰੀਆਂ ਦੇ ਪਿੰਡ ਕਿਹਾ ਜਾਂਦਾ ਹੈ ਤੇ ਇਨ੍ਹਾਂ ਦਾ ਪੰਜਾਬ ਨਾਲ ਕੋਈ ਲਾਗਾ ਤਾਗਾ ਨਹੀਂ ਹੈ। ਇਨ੍ਹਾਂ ਦੀਆਂ ਜਿਆਦਾ ਰਿਸ਼ਤੇਦਾਰੀਆਂ ਹਰਿਆਣਾ ਵਿੱਚ ਹਨ ਤੇ ਇਨ੍ਹਾਂ ਪਿੰਡਾ ਵਿੱਚ ਜਾ ਕੇ ਲੱਗਦਾ ਹੈ ਜਿਵੇਂ ਹਰਿਆਣੇ ਵਿੱਚ ਆ ਗਏ ਹੋਈਏ। ਸ਼ੁੱਧ ਪੰਜਾਬੀ ਅਫਸਰਾਂ ਦੀ ਜਦੋਂ ਇਸ ਇਲਾਕੇ ਵਿੱਚ ਪੋਸਟਿੰਗ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਨ੍ਹਾਂ ਦੀ ਬੋਲੀ ਸਮਝਣ ਵਿੱਚ ਬਹੁਤ ਮੁਸ਼ਕਿਲ ਹੁੰਦੀ ਹੈ ਤੇ ਕਈ ਵਾਰ ਬਹੁਤ ਹਾਸੋਹੀਣੀ ਸਥਿੱਤੀ ਪੈਦਾ ਹੋ ਜਾਂਦੀ ਹੈ।
ਇੱਕ ਵਾਰ ਕਿਸੇ ਚੌਧਰੀ ਦੇ ਘਰ ਚੋਰੀ ਹੋ ਗਈ। ਸਵੇਰੇ ਥਾਣੇਦਾਰ ਮੌਕਾ ਵੇਖਣ ਲਈ ਗਿਆ ਤਾਂ ਉਸ ਨੇ ਵੇਖਿਆ ਕਿ ਚੌਧਰੀ ਦਾ ਘਰ ਖੇਤਾਂ ਵਿੱਚ ਸੀ, ਪਰ ਰਾਤ ਨੂੰ ਨਾ ਤਾਂ ਉਹ ਦਰਵਾਜ਼ੇ ਨੂੰ ਜ਼ਿੰਦਰਾ ਮਾਰਦਾ ਸੀ ਤੇ ਨਾ ਹੀ ਉਸ ਨੇ ਘਰ ਦੀ ਰਾਖੀ ਲਈ ਕੋਈ ਕੁੱਤਾ ਰੱਖਿਆ ਹੋਇਆ ਸੀ। ਥਾਣੇਦਾਰ ਨੇ ਚੌਧਰੀ ਨੂੰ ਸਲਾਹ ਦਿੱਤੀ, “ਤਾਊ, ਘਰ ਨੂੰ ਜਿੰਦਰਾ ਜੁੰਦਰਾ ਮਾਰਿਆ ਕਰ ਤੇ ਨਾਲੇ ਕੋਈ ਕੁੱਤਾ ਵੀ ਰੱਖ ਲੈ। ਚੋਰ ਆਊਗਾ, ਕੁੱਤਾ ਭੌਂਕੂਗਾ ਤੇ ਚੋਰ ਆਪੇ ਡਰਦਾ ਮਾਰਾ ਭੱਜ ਜਾਊਗਾ।” ਚੌਧਰੀ ਨੇ ਭੋਲੇ ਭਾਅ ਜਵਾਬ ਦਿੱਤਾ,” ਬੱਚਿਆਂ ਵਾਲਿਆ ਮਾਰ੍ਹਾ (ਮੇਰਾ) ਕੁੱਤਾ ਵੀ ਤੂੰ ਤੇ ਮਾਰ੍ਹਾ ਜਿੰਦਰਾ ਵੀ ਤੂੰ। ਹਮ ਤੋ ਥਾਰੇ੍ਹ (ਤੇਰੇ) ਈ ਆਸਰੇ ਹੈਂ, ਤੌਂ ਈ ਬਚਾ ਹਮ ਕੋ ਚੋਰੋਂ ਸੇ।” ਥਾਣੇਦਾਰ ਨੂੰ ਸਮਝ ਨਾ ਆਵੇ ਕਿ ਉਹ ਰੋਵੇ ਜਾਂ ਹੱਸੇ। ਚੌਧਰੀਆਂ ਨੂੰ ਆਸ ਪਾਸ ਦੇ ਪੰਜਾਬੀ ਬੋਲਦੇ ਪਿੰਡ ਬਾਂਗਰੂ ਤੇ ਉਨ੍ਹਾਂ ਬੋਲੀ ਨੂੰ ਬਾਂਗਰੀ ਕਹਿੰਦੇ ਹਨ। ਇਹ ਆਪਣੇ ਆਪ ਨੂੰ ਹਮ (ਅਸੀਂ) ਤੇ ਅਗਲੇ ਨੂੰ ਤੌਂ (ਤੂੰ) ਕਹਿੰਦੇ ਹਨ। ਅਫਸਰ ਨੂੰ ਕਹਿਣਗੇ, “ਤੰਨੇ (ਤੂੰ) ਤੋ ਥਾਰੀ੍ਹ ਬਾਤ ਕਹਿ ਦੀ, ਅਬ ਤੌਂ (ਤੂੰ) ਹਮਾਰੀ ਬਾਤ ਸੁਣ ਲੇ।”
ਜਦੋਂ ਮੈਂ ਡੀ.ਐਸ.ਪੀ. ਮੂਨਕ ਸੀ ਤਾਂ ਇੱਕ ਚੌਧਰੀ ਦਾ ਮਹਿੰਗਾ ਤੇ ਵਧੀਆ ਨਸਲ ਦਾ ਝੋਟਾ ਚੋਰੀ ਹੋ ਗਿਆ। ਪੁਲਿਸ ਤਾਂ ਵੈਸੇ ਵੀ ਡੰਗਰਾਂ ਦੀ ਚੋਰੀ ਨੂੰ ਬਹੁਤਾ ਨਹੀਂ ਗੌਲਦੀ, ਚੌਧਰੀ ਦੇ ਝੋਟੇ ਵੱਲ ਕਿਸ ਨੇ ਧਿਆਨ ਦੇਣਾ ਸੀ। ਜਦੋਂ ਪੁਲਿਸ ਨੇ ਕਈ ਲਾਰਿਆਂ ਵਿੱਚ ਲੰਘਾ ਦਿੱਤੇ ਤਾਂ ਖਿਝ੍ਹ ਕੇ ਚੌਧਰੀਆਂ ਨੇ ਥਾਣੇ ਦਾ ਘਿਰਾਉ ਕਰ ਲਿਆ ਤੇ ਪੁਲਿਸ ਦੀ ਮੁਰਦਾਬਾਦ ਸ਼ੁਰੂ ਕਰ ਦਿੱਤੀ। ਐਸ.ਐਚ.ਉ. ਤੋਂ ਕੋਈ ਗੱਲ ਨਾ ਬਣੀ ਤਾਂ ਮੈਨੂੰ ਥਾਣੇ ਖਨੌਰੀ ਜਾਣਾ ਪਿਆ। ਮੈਂ ਕਈ ਸਾਲ ਪਹਿਲਾਂ ਥਾਣਾ ਮੂਨਕ ਦਾ ਐੱਸ.ਐੱਚ.ਉ. ਰਿਹਾ ਹੋਣ ਕਰ ਕੇ ਚੌਧਰੀਆਂ ਦੇ ਸੁਭਾਅ ਬਾਰੇ ਚੰਗੀ ਤਰਾਂ ਨਾਲ ਜਾਣਦਾ ਸੀ। ਥਾਣੇ ਪਹੁੰਚ ਕੇ ਮੈਂ ਪੰਚਾਇਤ ਨੂੰ ਅੰਦਰ ਬੁਲਾ ਕੇ ਗੱਲ ਬਾਤ ਸ਼ੁਰੂ ਕਰ ਦਿੱਤੀ। ਮੈਨੂੰ ਪਤਾ ਸੀ ਕਿ ਡੰਗਰਾਂ ਦੀ ਚੋਰੀ ਬਹੁਤ ਘੱਟ ਬਰਾਮਦ ਹੁੰਦੀ ਹੈ ਪਰ ਮੌਕਾ ਸੰਭਾਲਣਾ ਵੀ ਜਰੂਰੀ ਸੀ। ਪਾਣੀ ਧਾਣੀ ਪੀ ਕੇ ਜਦੋਂ ਚੌਧਰੀ ਕੁਝ ਠੰਡੇ ਹੋ ਗਏ ਤਾਂ ਮੈਂ ਦਰਖਾਸਤੀ ਨੂੰ ਪੁੱਛਿਆ, “ਚੌਧਰੀ ਸਾਹਿਬ, ਝੋਟੇ ਦੀ ਕੋਈ ਫੋਟੋ ਹੈ ਤੁਹਾਡੇ ਕੋਲ? ਜਲਦੀ ਦਿਉ, ਤਾਂ ਜੋ ਸਾਰੇ ਥਾਣਿਆਂ ਨੂੰ ਭੇਜ ਕੇ ਜਲਦੀ ਤੋਂ ਜਲਦੀ ਤੁਹਾਡੇ ਝੋਟੇ ਦੀ ਬਰਮਦਗੀ ਕੀਤੀ ਜਾ ਸਕੇ।” ਸੁਣ ਕੇ ਚੌਧਰੀ ਭੰਬਲਭੂਸੇ ਵਿੱਚ ਪੈ ਗਿਆ, “ਜ਼ਨਾਬ, ਫੋਟੂ ਤਾਂ ਮਾਰ੍ਹੇ ਪਾਸ ਕੋ ਨੀ।” ਤੀਰ ਨਿਸ਼ਾਨੇ ‘ਤੇ ਵੱਜਾ ਸੀ, ਸਾਰੀ ਪੰਚਾਇਤ ਢਿੱਲੀ ਜਿਹੀ ਪੈ ਗਈ। ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਕੋਈ ਜਵਾਬ ਸੁੱਝਦਾ ਮੈਂ ਕਿਹਾ, “ਤੁਸੀਂ ਧਰਨਾ ਖਤਮ ਕਰੋ ਤੇ ਸਵੇਰੇ ਮੇਰੇ ਦਫਤਰ ਪਹੁੰਚ ਜਾਇਉ। ਮੈਂ ਸਕੈੱਚ ਬਣਾਉਣ ਵਾਲੇ ਨੂੰ ਬੁਲਾਇਆ ਹੋਇਆ ਹੋਇਆ ਹੈ। ਆਪਾਂ ਝੋਟੇ ਦੀ ਤਸਵੀਰ ਬਣਾ ਕੇ ਸੰਗਰੂਰ ਤੇ ਆਸ ਪਾਸ ਦੇ ਸਾਰੇ ਜਿਲਿ੍ਹਆਂ ਨੂੰ ਭੇਜ ਦਿਆਂਗੇ। ਬੱਸ ਕੁਝ ਦਿਨਾਂ ਵਿੱਚ ਹੀ ਝੋਟਾ ਲੱਭ ਜਾਵੇਗਾ।” ਮੇਰੀ ਗੱਲ ਸੁਣ ਕੇ ਸਰਪੰਚ ਬਾਗੋ ਬਾਗ ਹੋ ਗਿਆ ਤੇ ਉਸ ਨੇ ਝੋਟੇ ਦੇ ਮਾਲਕ ਨੂੰ ਸਮਝਾਇਆ, “ਲੇ ਭਾਈ ਲੱਖਮੀ ਚੰਦ, ਕਮਾਲ ਕੀ ਬਾਤ ਕੀ ਹੈ ਡਿਪਟੀ ਨੇ। ਈਬ ਤੋ ਥਾਰ੍ਹਾ ਝੋਟਾ ਮਿਲੇ ਈ ਮਿਲੇ।” ਸਾਰੇ ਖੁਸ਼ੀ ਖੁਸ਼ੀ ਧਰਨਾ ਚੁੱਕ ਕੇ ਪਿੰਡ ਦੇ ਰਾਹ ਪੈ ਗਏ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin