Articles

21ਵੀਂ ਸਦੀ ਦਾ ਸੱਚ – ਵਿਨਾਸ਼ ਕਾਲ ਵਿਪਰੀਤ ਬੁੱਧੀ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਇਹ 21ਵੀਂ ਸਦੀ ਹੈ, ਜਿਸ ਦੀ ਰਫ਼ਤਾਰ ਬਹੁਤ ਤੇਜ਼ ਹੈ, 18ਵੀਂ ਸਦੀ ਦੀ ਸੋਚ ਲੈ ਕੇ ਜੀਊਣ ਤੇ ਚੱਲਣ ਵਾਲਾ ਵਿਅਕਤੀ ਇਸ ਸਦੀ ਵਿੱਚ ਕਦਾਚਿਤ ਵੀ ਕਾਮਯਾਬ ਨਹੀਂ ਹੋ ਸਕਦਾ ਬਲਕਿ ਬੁਰੀ ਤਰਾਂ ਸਮੇਂ ਦੇ ਤੇਜ਼ ਵਹਾਅ ਹੇਠ ਹਾਲਾਤਾਂ ਰੂਪੀ ਥਪੇੜਿਆ ਨਾਲ ਦਰੜਿਆ ਫਰੜਿਆ ਜਾਂਦਾ ਹੈ । ਇਹ ਸਦੀ ਉਹਨਾ ਲੋਕਾਂ ਦੀ ਹੈ ਜੋ ਸੁਆਰਥੀ ਹੁੰਦੇ ਹਨ ਤੇ ਸਿਰਫ ਆਪਣਾ ਹੀ ਉੱਲੂ ਸਿੱਧਾ ਕਰਨ ਦੀ ਜੁਗਤੀ ਜਾਣਦੇ ਹਨ ਜਾਂ ਫਿਰ ਉਹਨਾਂ ਲੋਕਾਂ ਦੀ ਹੈ ਦੋ ਸਮੇਂ ਰੂਪੀ ਅੱਥਰੂ ਘੋੜੇ ਦੀ ਵਾਂਗ ਪੂਰੀ ਮਜ਼ਬੂਤੀ ਨਾਲ ਪਕੜਕੇ ਉਸ ਦੇ ਪਾਏਦਾਨ ‘ਤੇ ਪੈਰ ਰੱਖਕੇ ਕਾਠੀ ਚੜ ਬੈਠਣ ਦੀ ਮੁਹਾਰਤ ਜਾਣਦੇ ਹਨ ।
ਇਹ ਸਦੀ ਉਹਨਾ ਦੀ ਵੀ ਹੈ ਦੋ ਸਮੇ ਦੀ ਰਫਤਾਰ ਨਾਲ ਤਾਲ ਮੇਲਕੇ ਚੱਲਣ ਦੇ ਸਮਰੱਥ ਹਨ ।
ਇਸ ਸਦੀ ਵਿਚ ਪੂੰਜੀਵਾਦ ਦਾ ਬੋਲਬਾਲਾ ਹੈ, ਨੈਤਿਕ ਕਦਰਾਂ ਕੀਮਤਾਂ ਦੀ ਕੋਈ ਕਦਰ ਨਹੀਂ, ਉਜ ਬੇਸ਼ੱਕ ਮਸ਼ਨੂਈ ਤੌਰ ‘ਤੇ ਕਦਰਾ ਕੀਮਤਾ ਦਾ ਦਿਖਾਵਾ ਜਰੂਰ ਕੀਤਾ ਜਾਂਦਾ । ਇਸ ਸਦੀ ਚ ਰਿਸਸ਼ਤੇ ਨਾਤੇ, ਸਾਕ ਸਕੀਰੀਆਂ ਤੇ ਦੋਸਤੀਆਂ ਸਭ ਤੋਂ ਵੱਡੇ ਛਲਾਵੇ ਹਨ । ਇਸ ਸਦੀ ਦੀ ਦੁਨੀਆ ਨਾ ਪਿਆਰ ਨਾਲ ਚਲਦੀ ਹੈ ਤੇ ਨਾ ਹੀ ਸਤਿਕਾਰ ਨਾਲ । ਅੱਜ ਦੀ ਲੋਕਾਚਾਰੀ ਸਿਰਫ ਤੇ ਸਿਰਫ ਮਤਲਬ ਪ੍ਰਸਤੀ ਨਾਲ ਚਲਦੀ ਹੈ । ਜੁੱਗ ਵਿਚ ਮਤਲਬ ਪ੍ਰਧਾਨ ਹੈ, ਜੇਕਰ ਕਿਸੇ ਨੂੰ ਕਿਸੇ ਕਿਸੇ ਨਾਲ ਮਤਲਬ ਹੈ ਤਾਂ ਉਸ ਦੀ ਤਾਬੇਦਾਰੀ ਤੇ ਖੁਸ਼ਨੂਦੀ ਕਰੇਗਾ, ਸਲਾਮਾਂ ਮਾਰੇਗਾ, ਮਤਲਬ ਨਿਕਲਣ ਜਾਣ ਤੱਕ ਮੱਖੀ ਦੀ ਤਰਾਂ ਆਸ ਪਾਸ ਭਿੰਨ ਭਿਨਾਏਗਾ ਤੇ ਮਤਲਬ ਨਿਕਲ ਜਾਣ ਤੋ ਬਾਅਦ ਦੂਰ ਦੂਰ ਤੱਕ ਵੀ ਨਜ਼ਰ ਨਹੀਂ ਆਏਗਾ । ਹਰ ਪੱਖੋਂ ਸਿਰੇ ਦੇ ਜਾਹਿਲ, ਖੱਚ ਤੇ ਕਮੀਨੇ ਬੰਦੇ ਇਸ ਜੁੱਗ ਵਿੱਚ  ਕਾਮਯਾਬ ਹਨ, ਚਾਪਲੂਸਾਂ ਤੇ ਦੁੰਮ ਛੱਲਾ ਬਣਨ ਵਾਲਿਆਂ ਦੀ ਚਾਂਦੀ ਹੈ । ਮਿਹਨਤ ਤੇ ਹੱਕ ਹਲਾਲ ਦੀ ਖਾਣ ਵਾਲੇ ਭੁੱਖੇ ਮਰਦੇ ਨੇ ਤੇ ਧੱਕੇ ਧੌਲੇ ਖਾਂਦੇ ਨੇ । ਰਿਸ਼ਤੇਨਾਤੇ ਕੱਚੇ ਹੋ ਗਏ ਹਨ, ਖ਼ੂਨ ਵਿਚਲੀ ਸਫ਼ੈਦੀ ਦੁੱਧ ਦੀ ਸਫ਼ੈਦੀ ਨੂੰ ਵੀ ਮਾਤ ਪਾ ਗਈ ਹੈ । ਪਰਿਵਾਰਕ ਮੈਂਬਰ ਤੇ ਸਾਕ ਸਕੀਰੀ ਛੋਟੀ ਛੋਟੀ ਗੱਲੋਂ ਰਿਸ਼ਤੇ ਤੋੜਨ ਤੱਕ ਜਾਂਦੇ ਹਨ ਤੇ ਅਜਿਹਾ ਕਰਨ ਸਮੇਂ ਰਤਾ ਜਿੰਨੀ ਵੀ ਕਿਰਕ ਨਹੀਂ ਕਰਦੇ ।
ਇਸ ਸਦੀ ਦੇ ਲੋਕ ਘੋਗਲ ਕੰਨੇ ਬਣ ਗਏ ਹਨ, ਆਪਣੀਆ ਨਿੱਜੀ ਗੱਲਾਂ/ ਸਮੱਸਿਆਵਾਂ ਦੂਸਰਿਆ ਨਾਲ ਕਦੇ ਵੀ ਸਾਂਝੀਆ ਨਹੀ ਕਰਦੇ ਜਦ ਕਿ ਦੂਸਰਿਆਂ ਗੀਆ ਗੱਲਾਂ ਜਾਂ ਚੁਗਲੀਆਂ ਚੋਂ ਆਨੰਦ ਦੀ ਖੁਸ਼ਬੋ ਲੈਂਦੇ ਹਨ , ਕੰਨਰਸ ਏਨਾ ਕੁ ਵੱਧ ਗਿਆ ਹੈ ਕਿ ਆਪਣੀਆ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਬਜਾਏ ਗੁਆਂਢੀਆ ਦੀ ਕੰਧ ਉੱਤੋਂ ਉਹਨਾਂ ਦੇ ਵਿਹੜੇ ਚ ਝਾਤ ਮਾਰਨ ਚ ਪਰਮ ਆਨੰਦ ਮਹਿਸੂਸ ਕਰਨ ਲੱਗ ਪਏ ਹਨ, ਲੋਕ ਕੰਨਾ ਦੇ ਕੱਚੇ ਹੋ ਗਏ ਹਨ ਤੇ ਹੋਛੇਪਨ ਦੇ ਘੋੜੇ ਦੀ ਸਵਾਰੀ ਕਰਨ ਵਿਚ ਸਕੂਨ ਮਹਿਸੂਸ ਕਰਨ ਲੱਗ ਪਏ ਹਨ, ਕਿਸੇ ਗੱਲ ਦੀ ਦਰਿਆਫਤ ਕਰਨ ਦੀ ਬਜਾਏ ਦੂਸਰਿਆਂ ਦੀ ਕਿਸੇ ਵੀ ਚੁਗਲੀ ਜਾਂ ਗੱਲ ਨੂੰ ਬਿਨਾਂ ਸੋਚੇ ਸਮਝੇ ਹੀ ਮੰਨਣ ਦੇ ਆਦੀ ਹੋ ਰਹੇ ਹਨ ।
ਇਹ ਸਦੀ ਸ਼ੋਸ਼ਲ ਮੀਡੀਏ ਦੀ ਸ਼ਾਹ ਸਵਾਰ ਹੈ । ਸਮਾਰਟ ਫੋਨ ਤੇ ਬਰਾਡਬੈਂਡ ਨੇ ਲੋਕਾਂ ਦੇ ਜੀਵਨ ਢੰਗ ਵਿਚ ਜਮੀਨ ਅਸਮਾਨ ਜਿੰਨਾ ਅੰਤਰ ਲਿਆਂਦਾ ਹੈ । ਜਿਸ ਨੂੰ ਆਂਢ ਗੁਆਂਢ ਚ ਕੋਈ ਨਹੀ ਜਾਣਦਾ, ਉਹ ਸ਼ੋਸ਼ਲ ਮੀਡੀਏ ‘ਤੇ ਹਜਾਰਾਂ ਮਿੱਤਰ ਬਣਾਈ ਬੈਠਾ ਹੈ । ਇਸ ਮੀਡੀਏ ਨੇ ਸਮਾਜਕ ਤਾਣੇ ਬਾਣੇ ਨੂੰ ਤਾਰ-ਤਾਰ ਕਰ ਦਿੱਤਾ ਹੈ, ਸਦੀ ਦਾ ਮਨੁੱਖ ਆਪਣੇ ਪਰਿਵਾਰਕ ਮੈਂਬਰਾ ਨਾਲ ਸਮਾਂ ਬਿਤਾਉਣ ਦੀ ਬਜਾਏ ਘੰਟਿਆਂਬੱਧੀ ਇਸ ਮੀਡੀਏ ‘ਤੇ ਧੌਣ ਗੱਡੀ ਰੱਖਗਾ ਹੈ ਇਥੋ ਤੱਕ ਕਿ ਤੱਕ ਕਈ ਵਾਰ ਤਾਂ ਘਰ ਆਏ ਮਹਿਮਾਨਾਂ ਨਾਲ ਵੀ ਗੱਲਬਾਤ ਨਹੀ ਕੀਤੀ ਜਾਂਦੀ । ਇਸ ਸਦੀ ਚ ਪਤੀ ਪਤਨੀ ਦਾ ਰਿਸ਼ਤਾ ਜੋ ਮਨੁੱਖੀ ਰਿਸ਼ਤਿਆਂ ਦਾ ਧੁਰਾ ਅਤੇ ਸਮਾਜ ਦੀ ਬੁਨਿਆਦ ਹੁੰਦਾ ਹੈ, ਮਾਨਸਿਕ ਕਲੇਸ਼ ਦਾ ਸ਼ਿਕਾਰ ਹੋ ਟੁੱਟ ਭੱਜ ਦਾ ਬੁਰੀ ਤਰਾਂ ਸ਼ਿਕਾਰ ਹੋ ਰਿਹਾ ਹੈ । ਪਦਾਰਥਕ ਮੋਹ ਦੀ ਖਿਚ ਏਨੀ ਵਧ ਗਈ ਹੈ ਕਿ ਹੇਰਾਫੇਰੀ, ਲੜਾਈ ਝਗੜੇ ਤੇ ਥੂਨ ਖਰਾਬੇ ਦੀਆ ਵਾਰਦਾਤਾਂ ਵਿੱਚ ਨਿੱਤਾਪ੍ਰਤੀ ਵਾਧਾ ਦਰਜ ਹੋਣ ਦੇ ਨਾਲ ਨਾਲ ਹੀ ਕੋਰਟ ਕਚਿਹਰੀਆ ਵਿੱਚ ਮੁਕੱਦਮਿਆ ਦੀ ਵੀ ਸੁਨਾਮੀ ਚੱਲ ਰਹੀ ਹੈ ।
ਇਹ ਸਦੀ ਦੇਖਣ ਕਹਿਣ ਨੂੰ ਆਧੁਨਿਕ ਜਾਪਦੀ ਹੈ, ਇਸ ਨੂੰ ਵਿਕਾਸ ਦੀ ਕਰਾਂਤੀ ਕਹਿ ਕੇ ਵੀ ਸੰਬੋਧਿਤ ਤੀਤਾ ਜਾਦਾਂ ਹੈ, ਪਰ ਕੌੜਾ ਸੱਚ ਇਹ ਹੈ ਕਿ ਇਹ ਸਦੀ ਮਨੁੱਖਤਾ ਦੀ ਤਬਾਹੀ ਵੱਲ ਨੂੰ ਬਹੁਤ ਤੇਜੀ ਨਾਲ ਵਧ ਰਹੀ ਹੈ । ਇਸ ਸਦੀ ਦਾ ਮਨੁਿਖ ਬਰੂਦ ਦੇ ਢੇਰ ‘ਤੇ ਬੈਠਾ ਆਪਣੇ ਅੰਤ ਦਾ ਇੰਤਜ਼ਾਰ ਕਰ ਰਿਹਾ ਹੈ , ਉਹ ਭਿਆਨਕ ਬੀਮਾਰੀਆ ਦੇ ਮੱਕੜਜਾਲ ਚ ਬੁਰੀ ਤਰਾਂ ਫਸਿਆ ਹੋਇਆ ਹੈ, ਆਪਣੀ ਮੌਤ ਦਾ ਸਮਾਨ ਆਪ ਹੀ ਤਿਆਰ ਕਰਕੇ ਬੈਠਾ ਹੈ , ਸਦੀ ਦੇ ਮਨੁੱਖ ਨੇ ਨਾ ਹੀ ਆਪਣੇ ਆਪ ਨੁੰ , ਨਾ ਹੀ ਜੀਵ ਜੰਤੂਆ ਨੁੰ ਤੇ ਨਾ ਹੀ ਕੁਦਰਤ ਨੂੰ ਮਹਿਫੂਜ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਬਸ ਪੂੰਜੀ ਦੇ ਮੋਹ ਬਸ ਬਰਬਾਦੀ ਤੇ ਵਿਨਾਸ਼ ਹੀ ਕੀਤਾ ਹੈ ਜਿਸ ਕਾਰਨ ਹਾਲਾਤ ਇਹ ਬਣ ਗਏ ਹਨ ਕਿ ਆਪੇ ਫਾਥੜੀਏ ਤੈਨੂੰ ਕੌਣ ਬਚਾਵੇ ! ਸੰਸਕਿ੍ਰਤ ਦਾ ਇਕ ਪਰਵਚਨ “ਵਿਨਾਸ਼ ਕਾਲ ਵਿਪਰੀਤ ਹੁੱਧੀ” ਭਾਵ ਜਦੋ ਵਿਨਾਸ਼ ਆਉਣਾ ਹੁੰਦਾ ਹੈ ਉਦੋਂ ਮਨੁੱਖ ਦੀ ਬੁੱਧੀ ਭਰਿਸਟ ਜਾਂਦੀ ਹੈ, ਹੁਣ ਬਿਲਕੁਲ ਸੱਚ ਜਾਪਦਾ ਹੈ । ਬੇਰੁਜਗਾਰੀ, ਮਹਿੰਗਾਈ, ਗਲੋਬਲ ਵਾਰਮਿੰਗ, ਬੀਮਾਰੀਆਂ ਦੀ ਮਹਾਂਮਾਰੀ, ਪੀਣ ਵਾਲੇ ਪਾਣੀ ਦੀ ਕਿੱਲਤ, ਮਾਰੂ ਹਥਿਆਰ, ਸੰਸਾਰ ਜੰਗ ਦਾ ਖਤਰਾ, ਧਰਤੀ ‘ਤੇ ਨਿਰੰਤਰ ਵੱਧ ਰਹੀ ਤਪਸ਼ ਤੇ ਪੈਟਰੋਲੀਅਮ ਪਦਾਰਥਾਂ ਦਾ ਆਉਣ ਵਾਲੇ ਕੁਜ ਕੁ ਸਾਲਾਂ ਖਾਤਮਾ ਆਦਿ ਮਨੁੱਖ ਦੀ ਇਸ ਬ੍ਰਹਿਮੰਡ ਚ ਹੋਂਦ ਨੂੰ ਗੰਭੀਰ ਖਤਰੇ ਦੇ ਗੰਭੀਰ ਸੰਕੇਤ ਹੀ ਹਨ। ਰੱਬ ਰਾਖਾ !

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin