Articles

ਇਤਿਹਾਸ ਦੀ ਹੁੰਦੀ ਦੁਹਰਾਈ ਤੋਂ ਕੌਮ ਸੇਧ ਵੀ ਲਵੇ !

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਸ਼ੇਰੇ ਪੰਜਾਬ ਦੇ ਅੱਖਾਂ ਮੀਚਣ ਉਪਰੰਤ ਲੰਮੇਂ ਚਿਰ ਚੱਲਣ ਵਾਲ਼ੇ ਖੂਨ-ਖਰਾਬੇ ਦੌਰਾਨ ਜਦ ਮਹਰਾਣੀ ਜਿੰਦਾਂ ਦੇ ਲਖਤੇ-ਜਿਗਰ ਕੰਵਰ ਦਲੀਪ ਸਿੰਘ ਨੂੰ ਰਾਜ ਤਿਲਕ ਦਿੱਤਾ ਜਾਣ ਲੱਗਾ ਤਾਂ ਪਤਾ ਨਹੀਂ ਧਿਆਨ ਸਿੰਘ ਡੋਗਰੇ ਦੀਆਂ ਚਿੱਟੇ ਦਿਨ ਵਰਗੀਆਂ ਕਾਲ਼ੀਆਂ ਕਰਤੂਤਾਂ ਦਰਕਿਨਾਰ ਕਰਕੇ ਉਸਦੇ ਉਹੋ ਜਿਹੀ ਖਸਲਤ ਵਾਲ਼ੇ ਪੁੱਤ ਹੀਰਾ ਸਿੰਘ ਡੋਗਰੇ ਨੂੰ, ਉਸਦਾ ਵਜ਼ੀਰ ਕਿਉਂ ਥਾਪ ਦਿੱਤਾ ਗਿਆ। ਗਿਆਨੀ ਤ੍ਰਿਲੋਕ ਸਿੰਘ ਆਪਣੇ ਨਾਵਲ ‘ਸਿੱਖ ਰਾਜ
ਦੀਆਂ ਸ਼ਾਮਾਂ’ ਵਿੱਚ ਲਿਖਦੇ ਹਨ ਕਿ ਹੀਰਾ ਸਿੰਘ ਆਪਣੇ ਕੌਮ-ਘਾਤੀ ਪਿਉ ਵਾਂਗ ਹੀ ਸਿਰੇ ਦਾ ਬਦਨੀਤਾ ਅਤੇ ਸਿੱਖਰਾਜ ਦਾ ਦੋਖੀ ਸੀ। ਹਲਫ-ਵਫਾਦਾਰੀ ਲੈਣ ਵੇਲੇ ਉਸ ਖੋਟੇ ਦੇ ਮਨ ਵਿੱਚ ਦੋ ਅਵਾਜ਼ਾਂ ਸਨ। ਲੋਕਾਂ ਸਾਹਮਣੇ ਉਹ ਆਖ ਰਿਹਾ ਸੀ ਕਿ ਮੈਂ ਪ੍ਰਮਾਤਮਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਖਦਾ ਹਾਂ ਕਿ ਮੈਂ ਸਦਾ ਮਹਾਰਾਜਾ ਜੀ ਤੇ ਸਿੱਖ ਰਾਜ ਦਾ ਵਫਾਦਾਰ ਸੇਵਕ ਰਹਾਂਗਾ। ਪਰ ਉਸਦਾ ਦਿਲ ਕਹਿ ਰਿਹਾ ਸੀ- ‘ਜਿੰਨੀਂ ਛੇਤੀ ਹੋ ਸਕੇਗਾ, ਮੈਂ (ਦਗੇਬਾਜੀ ਦਾ ਹਰ ਹਰ੍ਹਬਾ ਵਰਤ ਕੇ) ਖੁਦ ਮਹਾਰਾਜਾ ਬਣਨ ਦਾ ਯਤਨ ਕਰਾਂਗਾ!’

ਹੁਣ ਦਿਲ ’ਤੇ ਹੱਥ ਰੱਖ ਕੇ ਪੜ੍ਹੋ ਇਸ ਨਮਕ ਹਰਾਮ ਦਾ ਕਾਰਾ:

ਨਾਮ ਬਾਣੀ ਦੇ ਰਸੀਏ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਡੇਰੇ ਉੱਤੇ ਇਹ ਕਮੀਨਾ ਆਪਣੀ ਫੌਜ ਚਾੜ੍ਹ ਲਿਆਇਆ ਕਿਉਂਕਿ ਬਾਬਾ ਜੀ ਦੀ ਸ਼ਰਨ ਵਿੱਚ ਆਏ ਬੈਠੇ ਸਨ ਮਹਾਰਾਜਾ ਰਣਜੀਤ ਸਿੰਘ ਦਾ ਸਪੁੱਤਰ ਕੰਵਰ ਕਸ਼ਮੀਰਾ ਸਿੰਘ ਆਪਣੀ ਪਤਨੀ ਸਮੇਤ। ਬਾਬਾ ਜੀ ਨੇ ‘ਜੋ ਸ਼ਰਨ ਆਵੈ ਤਿਸ ਕੰਠ ਲਾਵੈ’ ਦਾ ਬਿਰਦ ਪਾਲ਼ਦੇ ਹੋਏ ਕੰਵਰ ਨੂੰ ਇਸ ਦੁਸ਼ਟ ਦੇ ਹਵਾਲੇ ਕਰਨ ਦੀ ਇਹਦੀ ਮੰਗ ਠੁਕਰਾ ਦਿੱਤੀ। ਇਸ ਨੀਚ ਨੇ ਤੋਪਾਂ ਡਾਹ ਕੇ ਡੇਰੇ ਨੂੰ ਨੇਸਤੋ ਨਬੂਦ ਕਰ ਦਿੱਤਾ। ਇਸ ਹਮਲੇ ਦੌਰਾਨ ਜਦ ਸਾਰਾ ਕੁੱਝ ਤਹਿ-ਤੇਗ ਹੋ ਗਿਆ ਤਾਂ ਕਹਿੰਦੇ ਤੋਪ ਨੂੰ ਖਿੱਚ ਕੇ ਅੱਗੇ ਲਿਆਂਦਾ ਗਿਆ….ਤੋਪ ਦਾ ਮੂੰਹ ਉੱਧਰ ਕੀਤਾ ਗਿਆ ਜਿੱਥੇ ਬਾਬਾ ਬੀਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਬੈਠੇ ਸਨ। ਇਸ ਜਾਲਮ ਹਤਿਆਰੇ ਨੇ ਗੁਰੂ ਮਹਾਰਾਜ ਦੀ ਬਿਅਦਬੀ ਦਾ ਵੀ ਖੌਫ ਨਾ ਖਾਧਾ ਤੇ ਤੋਪ ਚਲਾਉਣ ਦਾ ਹੁਕਮ ਦੇ ਦਿੱਤਾ। ਗਿਆਨੀ ਤ੍ਰਿਲੋਕ ਸਿੰਘ ਕਰੁਣਾਮਈ ਵੇਰਵਾ ਲਿਖਦੇ ਨੇ:

‘….ਤੋਪ ਚਲਾਉਣ ਵਾਲੇ ਉਸ ਸਿੱਖ ਤੋਪਚੀ ਦੇ ਹੱਥ ਕਿਉਂ ਨਾ ਸੜ ਗਏ..ਉਸ ਦੇ ਦਿਲ ਦੀ ਧੜਕਣ ਬੰਦ ਕਿਉਂ ਨਾ ਹੋ ਗਈ….ਉਸ ਦੀਆਂ ਅੱਖਾਂ ਅੰਨ੍ਹੀਆਂ ਕਿਉਂ ਨਾ ਹੋ ਗਈਆਂ….ਅਤੇ ਉਸਦਾ ਸਰੀਰ ਲੋਥ ਬਣ ਕੇ ਕਿਉਂ ਨਾ ਡਿਗ ਪਿਆ !’ (ਸ਼ਾਇਦ ਬਾਅਦ ਵਿੱਚ ਕਿਤੇ ਇਸ ਹਤਿਆਰੇ ਨੇ ਵੀ ਆਪਣਾ ਬਚਾਅ ਕਰਨ ਲਈ ਕਹਿ ਦਿੱਤਾ ਹੋਵੇ ਕਿ ਤੋਪ ਚਲਾਉਣ ਵਾਲ਼ਾ ਕੋਈ ‘ਅਣਪਛਾਤਾ’ ਸਿਪਾਹੀ ਸੀ)।

ਹੀਰਾ ਸਿੰਘ ਡੋਗਰੇ ਦੇ ਨਾਲ਼ ਰਲ਼ਕੇ ਬੇਦੋਸ਼ੇ ਸਿਖਾਂ ਦਾ ਉਪਰੋਕਤ ਘਾਣ ਕਰਨ ਵਾਲ਼ੀ ਸੈਨਿਕ ਟੁਕੜੀ ਨੂੰ ਉਸ ਵੇਲੇ ਦੇ ਸਿੱਖ ਸਮਾਜ ਨੇ ‘ਗੁਰੂ ਮਾਰੀ ਫੌਜ’ ਕਹਿਣਾ ਸ਼ੁਰੂ ਕਰ ਦਿੱਤਾ ਸੀ। ਇਤਹਾਸ ਵਿੱਚ ਜਿਕਰ ਹੈ ਕਿ ਸਮੇਤ ਹੀਰਾ ਸਿੰਘ ਦੇ ਉਹ ਸਾਰੇ ਜਣੇ ਲਾਹੌਰ ਦਰਬਾਰ ਵਿੱਚ ‘ਪ੍ਰਧਾਨ’ ਬਣਕੇ ਨਹੀਂ ਸੀ ਬੈਠਣ ਦਿੱਤੇ ਸਗੋਂ ਉਨ੍ਹਾਂ ਦਾ ਇੱਕ ਕਿਸਮ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਸੀ। ਹੀਰਾ ਸਿੰਘ ਨੂੰ ਵੀ ਬਹੁਤਾ ਚਿਰ ਬਰਦਾਸ਼ਤ ਨਹੀਂ ਸੀ ਕੀਤਾ ਗਿਆ ਸਗੋਂ ਜਲਦੀ ਹੀ ਉਸਨੂੰ ਕੁਕਰਮੀ ਧਿਆਨ ਸਿੰਘ ਡੋਗਰੇ ਕੋਲ ਹੀ ਪਹੁੰਚਾ ਦਿੱਤਾ ਗਿਆ ਸੀ। ਹੈਰਾਨੀ ਹੈ ਕਿ ਇਹੋ ਜਿਹਿਆਂ ਕੌਮ-ਘਾਤੀਆਂ ਤੋਂ ਨਿਜਾਤ ਦਿਵਾਉਣ ਵਾਲ਼ੇ ਸ਼ਾਮ ਸਿੰਘ ਅਟਾਰੀ ਵਰਗੇ ਸੂਰਮੇਂ ‘ਬਹੁਤ ਦੇਰ’ ਕਰ ਦਿੰਦੇ ਹਨ।

ਪਿਉ-ਪੁੱਤ ਦੀ ਇਸ ਦੁਸ਼ਟ ਜੋੜੀ ਦਾ ਇਤਹਾਸ ਪੜ੍ਹ ਕੇ ਸਿਤਮ ਆਉਂਦਾ ਹੈ ਕਿ ਧਿਆਨ ਸਿੰਘ ਡੋਗਰੇ ਦੀ ਦਗੇਬਾਜੀ ਦਾ ਖਮਿਆਜ਼ਾ ਭੁਗਤਣ ਤੋਂ ਬਾਅਦ ਵੀ ਉਹਦੇ ਗੰਦੇ ਤੁਖਮ ਨੂੰ ਫੇਰ ਕਿਉਂ ਸਿਰ ’ਤੇ ਬਹਾ ਲਿਆ ਗਿਆ ਹੋਵੇਗਾ ?

ਕਿਹਾ ਜਾਂਦਾ ਹੈ ਕਿ ਇਤਹਾਸ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ ਪਰ ਸਾਡੇ ਸਿੱਖਾਂ ਦੇ ਮਸਲੇ ਵਿੱਚ ਇਹ ਦੁਖਦਾਈ ਦੁਹਰਾਉ ਬਹੁਤ ਵਾਰ (ਸਾਡੇ ਸਮਿਆਂ ਵਿੱਚ ਵੀ) ਕੌਮ ਦੀ ਸੰਘੀ ਘੁੱਟਦਾ ਆ ਰਿਹਾ ਹੈ। ਠੀਕ ਹੈ ਕਿ ਧਨੀ ਲੋਕਾਂ ਦੇ ਸੁੱਖ ਅਰਾਮ ਅਤੇ ਪਾਪਾਂ ਦੇ ਭਾਈਵਾਲ ਕਈ ਬਣ ਜਾਂਦੇ ਹਨ, ਕਿਉਂਕਿ ਦੁਨੀਆਂ ਵਿੱਚ ਲਾਲਚ ਪ੍ਰਧਾਨ ਹੈ। ਪਰ ਇੱਕੋ ਜਿਹੀ ਗਲ੍ਹਤੀ ਅਣਗਹਿਲੀ ਦੀ ਸਜ਼ਾ ਵਾਰ-ਵਾਰ ਭੁਗਤੀ ਜਾਣੀ ਵੀ ਬੇਅਕਲੀ ਹੈ। ਅਜੋਕੇ ਪੰਥਕ ਪਿੜ ਵਿੱਚ ਇੱਕੋ ਪ੍ਰਵਾਰ ਦੇ ਧੋਖਿਆਂ ਵੱਲ੍ਹ ਦੇਖ ਕੇ ਇੱਕ ਸ਼ਿਅਰ ਯਾਦ ਆਉਂਦਾ ਹੈ:

ਅੱਜ ਫਿਰ ਕਿਸੇ ਦੇ ਹੁਸਨ ਨੇ
ਮੇਰੇ ਇਸ਼ਕ ਨੂੰ ਅਜ਼ਮਾ ਲਿਆ।
ਓਹਨੀਂ ਫੇਰ ਨਜ਼ਰਾਂ ਮੇਲ਼ੀਆਂ
ਅਸੀਂ ਫੇਰ ਧੋਖਾ ਖਾ ਲਿਆ !

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin