Articles

ਖਤਮ ਹੋ ਗਈਆਂ ਧੂਣੀਆਂ ਤੇ ਧੂਣੀਆਂ ‘ਤੇ ਹੋਣ ਵਾਲੇ ਇਕੱਠ !

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਪੰਜਾਬ ਵਿੱਚ ਕਿਸੇ ਸਮੇਂ ਸਿਆਲਾਂ ਮੌਕੇ ਪੱਛਮੀ ਦੇਸ਼ਾਂ ਦੀ ਕੈਂਪ ਫਾਇਰ ਵਾਂਗ ਅੱਗ ਸੇਕਣ ਲਈ ਧੂਣੀਆਂ ਬਾਲਣ ਦਾ ਬਹੁਤ ਰਿਵਾਜ਼ ਹੁੰਦਾ ਸੀ ਜੋ ਅਜੋਕੇ ਤੇਜ਼ ਰਫਤਾਰ ਜ਼ਮਾਨੇ ਦੀ ਭੇਂਟ ਚੜ੍ਹ ਗਿਆ ਹੈ। ਅੱਜ ਤੋਂ 30-40 ਸਾਲ ਪਹਿਲਾਂ ਸਵੇਰੇ ਤੇ ਤਿਰਕਾਲਾਂ ਵੇਲੇ ਧੂਣੀ ਖਾਸ ਤੌਰ ‘ਤੇ ਬਜ਼ੁਰਗਾਂ ਵਾਸਤੇ ਸਰੀਰ ਗਰਮ ਕਰਨ ਤੇ ਟਾਈਮ ਪਾਸ ਕਰਨ ਦਾ ਵਧੀਆ ਸਾਧਨ ਹੁੰਦਾ ਸੀ। ਘਰ ਦੇ ਬਾਹਰ, ਸੱਥ ਜਾਂ ਗੁਰਦਵਾਰੇ ਦੇ ਵਿਹੜੇ ਵਿੱਚ ਸਿਆਲ ਦੀ ਸੰਘਣੀ ਧੁੰਦ ਸਮੇਂ ਅੱਗ ਸੇਕਣ ਨਾਲ ਆਪਣਾ ਹੀ ਇੱਕ ਅਲੱਗ ਮਜ਼ਾ ਆਉਂਦਾ ਸੀ। ਅੱਠ ਦਸ ਬੰਦੇ ਇੱਕ ਧੂਣੀ ਦੁਆਲੇ ਚੱਕਰ ਬਣਾ ਕੇ ਬੈਠ ਜਾਂਦੇ ਤੇ ਵਾਰੀ ਵਾਰੀ ਪਰਾਲੀ ਜਾਂ ਲੱਕੜ ਦੇ ਟੁਕੜੇ ਅੱਗ ਵਿੱਚ ਸੁੱਟਦੇ ਰਹਿੰਦੇ। ਲੋਕਾਂ ਨੂੰ ਪਿੰਡ ਸਮੇਤ ਸਾਰੇ ਇਲਾਕੇ ਦੀਆਂ ਖਬਰਾਂ ਉਥੇ ਬੈਠੇ ਬਿਠਾਏ ਹੀ ਪ੍ਰਾਪਤ ਹੋ ਜਾਂਦੀਆਂ ਸਨ।

ਸਰਦੀਆਂ ਪਿੰਡਾਂ ਵਿੱਚ ਵਿਹਲ ਦਾ ਸਮਾਂ ਹੁੰਦਾ ਹੈ। ਧੂਣੀ ‘ਤੇ ਬੈਠਿਆਂ ਨਾਲੇ ਤਾਂ ਲੋਕਾਂ ਨੇ ਗੱਪਾਂ ਮਾਰੀ ਜਾਣੀਆਂ ਤੇ ਨਾਲੇ ਸਣ ਕੱਢੀ ਜਾਣੀ, ਪਸ਼ੂਆਂ ਵਾਸਤੇ ਛਿੱਕੇ ਬੁਣੀ ਜਾਣੇ ਜਾਂ ਤੂਤ ਦੀਆਂ ਛਿਟੀਆਂ ਦੀਆਂ ਟੋਕਰੀਆਂ ਬਣਾਈ ਜਾਣੀਆਂ। ਰਾਤ ਵੇਲੇ ਕਣਕ ਨੂੰ ਪਾਣੀ ਲਗਾਉਣ ਜਾਂ ਤੜ੍ਹਕੇ ਤਰੇਲ ਨਾਲ ਗੜੁੱਚ ਬਰਸੀਮ ਵੱਢਣ ਕਾਰਨ ਭਿੱਜੇ ਹੋਏ ਕਿਸਾਨਾਂ ਲਈ ਤਾਂ ਧੂਣੀ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਸੀ ਹੁੰਦੀ। ਠੰਡ ਨਾਲ ਜੱਖ ਹੋਏ ਹੱਥਾਂ ਪੈਰਾਂ ਨੂੰ ਗਰਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਅੱਗ ਦਾ ਨਿੱਘਾ ਸੇਕ ਹੀ ਹੁੰਦਾ ਸੀ। ਨਾਲੇ ਹੱਢ ਨਿੱਘੇ ਕਰ ਲੈਣੇ ਤੇ ਨਾਲੇ ਕੱਪੜੇ ਤੇ ਜੁੱਤੀਆਂ ਸੁਕਾ ਲੈਣੀਆਂ। ਇੱਕ ਤਾਂ ਘਰ ਦੀਆਂ ਬੇਕਾਰ ਪਈਆਂ ਲੱਕੜਾਂ-ਸੱਕ ਕੰਮ ਆ ਜਾਣੇ ਤੇ ਦੂਸਰਾ ਸਰੀਰ ਵੀ ਨਿੱਘਾ ਹੋ ਜਾਣਾ। ਸ਼ਾਮ ਨੂੰ ਸੁਆਣੀਆਂ ਤੇ ਬੱਚਿਆਂ ਨੇ ਚੁਲ੍ਹੇ ਦੀ ਅੱਗ ਦੁਆਲੇ ‘ਕੱਠੇ ਹੋ ਕੇ ਬੈਠ ਜਾਣਾ। ਰੋਟੀ ਖਾਣ ਤੋਂ ਬਾਅਦ ਕਈ ਕਈ ਘੰਟੇ ਬਾਅਦ ਵੀ ਅੱਗ ਮਘਾਈ ਰੱਖਣੀ। ਦਾਦੀਆਂ ਨੇ ਬਾਤਾਂ ਪਾਈ ਜਾਣੀਆਂ ਤੇ ਬੱਚਿਆਂ ਨੇ ਹੁੰਗਾਰਾ ਭਰੀ ਜਾਣਾ। ਬਿਸਤਰਿਆਂ ‘ਤੇ ਉਦੋਂ ਹੀ ਡਿੱਗਣਾ, ਜਦੋਂ ਨੀਂਦ ਨਾਲ ਬੱਸ ਹੋ ਜਾਣੀ। ਕਈ ਅਮੀਰ ਲੋਕ ਸਿਆਲ ਵਿੱਚ ਧੂਣੀਆਂ ਲਈ ਲੱਕੜਾਂ ਦਾਨ ਕਰਦੇ ਹੁੰਦੇ ਸਨ। ਮੈਂ ਛੋਟੇ ਹੁੰਦਿਆਂ ਖੁਦ ਵੇਖਿਆ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਕਈ ਚੌਂਕਾਂ ਵਿੱਚ ਸੇਠਾਂ ਨੇ ਲੱਕੜਾਂ ਦੇ ਵੱਡੇ ਵੱਡੇ ਮੁੱਢ ਅੱਗ ਧੁਖਾ ਕੇ ਰੱਖੇ ਹੁੰਦੇ ਸਨ। ਗਰੀਬ ਜਨਤਾ ਦੇਰ ਰਾਤ ਤੱਕ ਅੱਗ ਸੇਕ ਕੇ ਸੇਠਾਂ ਨੂੰ ਅਸੀਸਾਂ ਦਿੰਦੀ ਹੁੰਦੀ ਸੀ।

ਬਿਜਲੀ ਦੀ ਆਮਦ ਤੋਂ ਬਾਅਦ ਧੂਣੀਆਂ ਬਾਲਣ ਦਾ ਰਿਵਾਜ਼ ਘਟ ਗਿਆ ਤੇ ਹੁਣ ਹੀਟਰਾਂ ਅਤੇ ਬਲੋਅਰਾਂ ਕਾਰਨ ਤਾਂ ਬਿਲਕੁਲ ਖਤਮ ਹੀ ਹੋ ਗਿਆ ਹੈ। ਹੁਣ ਕਿਸੇ ਨੂੰ ਕੀ ਜਰੂਰਤ ਕਿ ਠੰਡ ਵਿੱਚ ਬਾਹਰ ਜਾ ਕੇ ਲੱਕੜਾਂ ਨਾਲ ਮੱਥਾ ਮਾਰਦਾ ਫਿਰੇ। ਲੋਕਾਂ ਵਿੱਚ ਹੁਣ ਵੈਸੇ ਹੀ ‘ਕੱਠੇ ਬੈਠਣ ਦਾ ਰਿਵਾਜ਼ ਨਹੀਂ ਰਿਹਾ। ਮੋਬਾਇਲਾਂ ਕਾਰਨ ਘਰ ਦੇ ਮੈਂਬਰ ਹੀ ਆਪਸ ਵਿੱਚ ਨਹੀਂ ਬੋਲਦੇ, ਧੂਣੀ ਦੁਆਲੇ ਕਿਸ ਨੇ ਬੈਠਣਾ ਹੈ? ਇਹ ਵੀ ਪੰਜਾਬ ਦੀਆਂ ਅਨੇਕਾਂ ਹੋਰ ਰਵਇਤਾਂ ਵਾਂਗ ਖਤਮ ਹੋਣ ਕਿਨਾਰੇ ਹੈ। ਕੋਈ ਟਾਵਾਂ ਟਾਵਾਂ ਬਜ਼ੁਰਗ ਜਿਸ ਦੇ ਘਰ ਹੀਟਰ ਨਹੀਂ ਭਾਵੇਂ ਧੂਣੀ ਬਾਲ ਲਵੇ, ਸਰਦਾ ਪੁੱਜਦਾ ਕੋਈ ਵਿਅਕਤੀ ਹੁਣ ਝੰਜਟ ਸਮਝ ਕੇ ਧੂਣੀ ਦੇ ਚੱਕਰ ਵਿੱਚ ਨਹੀਂ ਪੈਂਦਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin