Articles

ਸਿੱਖੀ ਵਿੱਚ ਲੰਗਰ ਦੀ ਪਰੰਪਰਾ ਬਨਾਮ ਦਾਨ ?

ਲੇਖਕ: ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ

ਸਿੱਖ ਧਰਮ ਵਿਚ ਲੰਗਰ ਦੀ ਪਰੰਪਰਾ: ਜਿਥੋਂ ਤਕ ਗੁਰੂ ਘਰ ਵਿਚ ਪ੍ਰਚਲਤ ਲੰਗਰ ਦੀ ਮਰਿਆਦਾ ਦੀ ਗਲ ਹੈ, ਸਿੱਖ ਧਰਮ ਵਿੱੱਚ ਉਸਦੇ ਦੋ ਸਰੂਪ ਸਵੀਕਾਰੇ ਗਏ ਹਨ, ਪਹਿਲਾ ਸਰੂਪ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵਲੋੰ ‘ਸੱਚਾ ਸੌਦਾ’ ਦੇ ਰੂਪ ਵਿੱਚ ਅਰੰਭ ਕੀਤਾ ਗਿਆ ਸਵੀਕਾਰਿਆ ਜਾਂਦਾ ਹੈ, ਉਸਦੇ ਸੰਬੰਧ ਵਿੱਚ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ‘ਸਚਾ ਸੌਦਾ’ ਕੀਤਾ ਸੀ, ਉਸਦਾ ਉਦੇਸ਼ ਕੇਵਲ ਭੁਖੇ ਸਾਧੂਆਂ ਦੀ ਭੁਖ ਮਿਟਾਣਾ ਜਾਂ ਉਹਨਾਂ ਦੀਆਂ ਲੋੜਾਂ ਨੂੰ ਹੀ ਪੂਰਿਆਂ ਕਰਨਾ ਨਹੀਂ ਸੀ, ਸਗੋਂ ਉਨਾਂ੍ਹ ਨੂੰ ਇਹ ਸਮਝਾਉਣਾ ਸੀ ਕਿ ਘਰ ਗ੍ਿਰਹਸਥੀ ਤਿਆਗ ਅਤੇ ਭੁਖੇ-ਨੰਗੇ ਰਹਿ, ਨਾ ਤਾਂ ਸੰਸਾਰ ਵਿਚ ਆਉਣ ਦੇ ਮਨੋਰਥ ਨੂੰ ਹੀ ਪੂਰਿਆਂ ਕੀਤਾ ਜਾ ਸਕਦਾ ਅਤੇ ਨਾ ਹੀ ਪ੍ਰਭੂ ਪ੍ਰਮਾਤਮਾ ਨੂੰ ਹੀ ਪਾਇਆ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਗ੍ਰਹਿਸਥ ਜੀਵਨ ਤਿਆਗਣਾ ਫਿਰ ਭੁਖ-ਨੰਗ ਮਿਟਾਣ ਲਈ, ਉਹਨਾਂ ਗ੍ਰਹਿਸਥੀਆਂ ਦੇ ਮੂੰਹ ਵਲ ਵੇਖਣਾ, ਜੋ ਮੇਹਨਤ ਮਜ਼ਦੂਰੀ ਅਤੇ ਦਸਾਂ ਨਹੁੰਆਂ ਦੀ ਕਿਰਤ ਕਰ ਆਪਣੇ ਗ੍ਰਹਿਸਥ ਜੀਵਨ ਦੀਆਂ ਜ਼ਿਮੇਂਦਾਰੀਆਂ ਨੂੰ ਪੂਰਿਆਂ ਕਰਦੇ ਹਨ, ਸ਼ੋਭਾ ਨਹੀਂ ਦਿੰਦਾ। ਇਸਤਰਾਂ੍ਹ ਗੁਰੂ ਸਾਹਿਬ ਨੇ ਉਨ੍ਹਾਂ ਅਤੇ ਸੰਦਾਰ ਨੂੰ ਗ੍ਰਹਿਸਥ ਜੀਵਨ ਦਾ ਮੂਲ ਮਨੋਰਥ ਸਮਝਾਇਆ।

ਲੰਗਰ ਦਾ ਦੂਸਰਾ ਸਰੂਪ, ਜੋ ਸਿੱਖੀ ਵਿੱਚ ਸਵੀਕਾਰਿਆ ਗਿਆ ਹੈ ਅਤੇ ਜੋ ਲੰਗਰ ਦੀ ਵਰਤਮਾਨ ਪ੍ਰਚਲਤ ਮਰਿਆਦਾ ਅਤੇ ਪਰੰਪਰਾ ਦੀ ਅਰੰਭਤਾ ਮੰਨਿਆ ਜਾਂਦਾ ਹੈ। ਉਸ ਸਬੰਧ ਵਿੱਚ ਜੇ ਗੁਰ-ਇਤਿਹਾਸ ਨੂੰ ਗੰਭੀਰਤਾ ਨਾਲ ਵਾਚਿਆ ਅਤੇ ਸਮਝਿਆ ਜਾਏ ਤਾਂ ਇਹ ਗਲ ਸਪਸ਼ਟ ਰੂਪ ਵਿਚ ਸਾਹਮਣੇ ਆ ਜਾਇਗੀ ਕਿ ਗੁਰੂ ਸਾਹਿਬ ਨੇ ਇਹ ਮਰਿਆਦਾ ਕੇਵਲ ਗਰੀਬਾਂ ਤੇ ਭੁਖਿਆਂ ਦੀ ਭੁਖ ਨੂੰ ਮਿਟਾਣ ਲਈ ਹੀ ਨਹੀਂ ਅਰੰਭੀ। ਸਗੋਂ ਉਨ੍ਹਾਂ ਵਲੋਂ ਇਸਨੂੰ ਅਰੰਭ ਕੀਤੇ ਜਾਣ ਦਾ ਮੁਖ ਉਦੇਸ਼ ਦੇਸ਼-ਵਾਸੀਆਂ ਵਿਚ ਖੜੀਆਂ ਕੀਤੀਆਂ ਗਈਆਂ ਹੋਈਆਂ ਊਚ-ਨੀਚ ਅਤੇ ਅਮੀਰ-ਗਰੀਬ ਦੀਆਂ ਦੀਵਾਰਾਂ ਨੂੰ ਢਾਹੁਣਾ ਅਤੇ ਬਰਾਬਰਤਾ ਨੂੰ ਸਥਾਪਤ ਕਰਨਾ ਸੀ।

ਇਹੀ ਕਾਰਣ ਸੀ ਗੁਰੂ-ਘਰ ਵਿਚ ਇਹ ਪਰੰਪਰਾ ਸਥਾਪਤ ਕੀਤੀ ਗਈ, ਕਿ ਜਿਸਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੋਣ, ਭਾਵੇਂ ਕੋਈ ਉਚੀ ਜਾਤ ਦਾ ਹੋਵੇ ਤੇ ਭਾਂਵੇ ਛੋਟੀ ਜਾਤ ਦਾ, ਭਾਂਵੇ ਗਰੀਬ ਹੋਵੇ ਜਾਂ ਅਮੀਰ, ਉਸਨੂੰ ਪਹਿਲਾਂ ਲੰਗਰ ਦੀ ਪੰਗਤ ਵਿੱਚ ਸਾਰਿਆਂ ਦੇ ਨਾਲ ਬਰਾਬਰ ਬੈਠ ਕੇ ਲੰਗਰ ਛਕਣਾ ਹੁੰਦਾ ਸੀ, ਜਿਸ ਨਾਲ ਊਚ-ਨੀਚ ਦੀ ਭਾਵਨਾ ਜੋ ਭਾਰਤੀ ਸਮਾਜ ਵਿੱਚ ਜੜ੍ਹਾਂ ਜਮਾ ਚੁਕੀ ਹੋਈ ਸੀ, ਉਸਨੂੰ ਜੜੋਂ ਉਖਾੜਨਾ ਅਤੇ ਸਮਾਨਤਾ ਦੀ ਭਾਵਨਾ ਨੂੰ ਦ੍ਰਿੜ੍ਹ ਕਰਵਾਉਣਾ ਸੀ। ਇਸਤਰਾਂ੍ਹ ਲੰਗਰ ਛਕਣ ਤੋਂ ਬਾਅਦ ਹੀ ਉਹ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦਾ ਸੀ। ਇਤਿਹਾਸ ਗੁਆਹ ਹੈ ਕਿ ਸ਼ਹਿਨਸ਼ਾਹ ਅਕਬਰ ਤਕ ਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਇਸ ਪਰੰਪਰਾ ਦਾ ਪਾਲਣ ਕਰਨਾ ਪਿਆ ਸੀ।

ਇਥੇ ਇਹ ਗਲ ਵੀ ਧਿਆਨ ਵਿਚ ਰਖਣ ਵਾਲੀ ਹੈ ਕਿ ਨਾਮ ਸਿਮਰਨ ਕਰਦਿਆਂ ਲੰਗਰ ਕਿਸੇ ਵੀ ਥਾਂ ਤੇ ਤਿਆਰ ਕੀਤਾ ਅਤੇ ਵਰਤਾਇਆ ਜਾ ਸਕਦਾ ਹੈ। ਇਸ ਉਦੇਸ਼ ਲਈ ਕੋਈ ਵਿਸ਼ੇਸ਼ ਥਾਂ ਨਿਸ਼ਚਿਤ ਨਹੀਂ ਕੀਤੀ ਗਈ ਹੋਈ। ਸ਼ਰਤ ਕੇਵਲ ਇਕੋ ਹੈ ਕਿ ਲੰਗਰ ਪੰਗਤ ਵਿਚ ਬੈਠ ਕੇ ਛਕਿਆ ਜਾਏ।

ਅਕਬਰ ਦੀ ਪੇਸ਼ਕਸ਼: ਸਿੱਖ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਸ਼ਹਿਨਸ਼ਾਹ ਅਕਬਰ ਗੁਰੂ ਘਰ ਵਿੱਚ ਲੰਗਰ ਰਾਹੀਂ ਸਮਾਨਤਾ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਪ੍ਰਚਲਤ ਕੀਤੀ ਗਈ ਹੋਈ ਪੰਗਤ ਦੀ ਪਰੰਪਰਾ ਤੋਂ ਇਤਨਾ ਪ੍ਰਭਾਵਤ ਹੋਇਆ ਕਿ ਉਸਨੂੰ ਲੰਗਰ ਨੂੰ ਬਿਨਾਂ ਰੋਕ-ਟੋਕ ਚਲਦਿਆਂ ਰਖਣ ਵਾਸਤੇ ਆਪਣਾ ਯੋਗਦਾਨ ਪਾਣ ਲਈ ਗੁਰੂ ਸਾਹਿਬ ਨੂੰ ਜਗੀਰ ਦੇਣ ਤਕ ਦੀ ਪੇਸ਼ਕਸ਼ ਕਰ ਦਿੱਤੀ। ਗੁਰੂ ਸਾਹਿਬ ਨੇ ਇਹ ਆਖ ਕਿ ਗੁਰੂ ਘਰ ਦਾ ਲੰਗਰ ਸਿੱਖਾਂ ਦੀ ਕਿਰਤ ਕਮਾਈ ਵਿਚੋਂ ਪਾਏ ਜਾ ਰਹੇ ਦਸਵੰਧ ਦੇ ਯੋਗਦਾਨ ਰਾਹੀਂ ਹੀ ਸਦਾ ਚਲਦਾ ਰਹੇਗਾ, ਉਸਦੀ ਪੇਸ਼ਕਸ਼ ਨੂੰ ਨਿਮਰਤਾ ਸਹਿਤ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ। ਮੰਨਿਆ ਜਾਂਦਾ ਗੁਰੂ ਸਾਹਿਬ ਦੀ ਇਸ ਸੋਚ ਦੇ ਪਿਛੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ, ਮਲਕ ਭਾਗੋ ਦੇ ਮਾਲ-ਪੂੜਿਆਂ ਦੇ ਮੁਕਾਬਲੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਸਵੀਕਾਰ ਕਰਕੇ ਦਿੱਤਾ ਗਿਆ ਸੰਦੇਸ਼ ਕੰਮ ਕਰ ਰਿਹਾ ਸੀ।

ਕਿਰਤ ਦਾ ਸਨਮਾਨ: ਗੁਰੂ ਘਰ ਵਿੱਚ ਕਿਰਤ ਦਾ ਕਿਤਨਾ ਸਨਮਾਨ ਕੀਤਾ ਜਾਂਦਾ ਸੀ, ਇਸ ਗਲ ਦੇ ਪ੍ਰਮਾਣ ਵਜੋਂ ਸਿੱਖ ਇਤਿਹਾਸ ਵਿੱਚ ਕਈ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ। ਇਤਿਹਾਸ ਵਿੱਚ ਇਸੇ ਸੰਬੰਧ ਵਿੱਚ ਆਈ ਇੱਕ ਘਟਨਾ ਦਾ ਜ਼ਿਕਰ ਇਸਤਰ੍ਹਾਂ ਕੀਤਾ ਗਿਆ ਹੈ। ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਗੁਆਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਜਦੋਂ ਦਿੱਲੀ ਪੁਜੇ ਤਾਂ ਉਨ੍ਹਾਂ ਜਮਨਾ ਨਦੀ ਦੇ ਕਿਨਾਰੇ ਮਜਨੂੰ ਟਿੱਲਾ ਦੇ ਨੇੜੇ ਡੇਰਾ ਲਾਇਆ। ਉਧਰ ਸਮੇਂ ਦੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨਾਲ ਨੇੜਤਾ ਵਧਾਣ ਲਈ ਉਨ੍ਹਾਂ ਦੇ ਡੇਰੇ ਦਾ ਨਾਲ ਹੀ ਆਪਣਾ ਡੇਰਾ ਲਾ ਲਿਆ। ਘਟਨਾ ਇਉਂ ਦਸੀ ਜਾਂਦੀ ਹੈ ਕਿ ਇੱਕ ਘਾਹੀ ਘਾਹ ਦੀ ਇੱਕ ਪੰਡ ਲੈ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ ਤੇ ਭੁਲੇਖੇ ਨਾਲ ਜਹਾਂਗੀਰ ਦੇ ਡੇਰੇ ਜਾ ਵੜਿਆ। ਜਹਾਂਗੀਰ ਨੂੰ ਗੁਰੂ ਸਾਹਿਬ ਸਮਝ ਘੋੜਿਆਂ ਲਈ ਘਾਹ ਪੰਡ ਉਥੇ ਰਖ, ਇੱਕ ਟੱਕਾ ਉਸਦੇ ਸਾਹਮਣੇ ਰਖ ਬੇਨਤੀ ਕਰਨ ਲਗਾ। ਘਾਹੀ ਦਾ ਟੱਕਾ ਆਪਣੇ ਸਾਹਮਣੇ ਵੇਖ ਜਹਾਂਗੀਰ ਸਮਝ ਗਿਆ ਕਿ ਗੁਰੂ ਸਾਹਿਬ ਦੇ ਭੁਲੇਖੇ ਉਸਦੇ ਕੈਂਪ ਵਿੱਚ ਆ ਗਿਆ ਹੈ। ਉਸਨੇ ਘਾਹੀ ਦਸਿਆ ਕਿ ਜਿਨ੍ਹਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਉਹ ਆਇਆ ਹੈ, ਉਹ ਨਾਲ ਦੇ ਕੈਂਪ ਵਿੱਚ ਹਨ। ਘਾਹੀ ਨੇ ਝਟ ਹੀ ਜਹਾਂਗੀਰ ਦੇ ਸਾਹਮਣੇ ਟੱਕੇ ਅਤੇ ਘਾਹ ਦੀ ਪੰਡ ਚੁਕ ਉਥੋਂ ਨਿਕਲ ਤੁਰਿਆ। ਨਾਲ ਦੇ ਕੈਂਪ ਵਿੱਚ ਜਾ ਉਸਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਘਾਹ ਦੀ ਪੰਡ ਤੇ ਟੱਕਾ ਭੇਟ ਕਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਦਾਨ ਜਾਂ ਸੇਵਾ ਦਾ ਮੁਲ਼: ਜਿਥੋਂ ਤਕ ਭੁਖਿਆਂ ਅਤੇ ਲੋੜਵੰਦਾਂ ਨੂੰ ਬਿਨਾਂ ਪੰਗਤ ਵਿੱਚ ਬਿਠਾਏ ਖਾਣਾ ਖੁਆਣ ਜਾਂ ਉਨ੍ਹਾਂ ਤਕ ਖਾਣਾ ਪਹੁੰਚਾਏ ਜਾਣ ਦਾ ਸੰਬੰਧ ਹੈ, ਉਹ ਸਿਖ ਧਰਮ ਵਿੱਚ ਪ੍ਰਚਲਤ ‘ਸੇਵਾ’ ਦੀ ਪਰੰਪਰਾ ਦਾ ਇੱਕ ਨਿਸ਼ਕਾਮ ਸੇਵਾ ਦੇ ਰੂਪ ਵਿੱਚ ਮਹਤੱਤਾਪੂਰਣ ਅੰਗ ਹੈ। ਜਿਸਦਾ ਪਾਲਣ ਕੀਤਾ ਜਾਣਾ ਬਹੁਤ ਹੀ ਸ਼ਲਾਘਾਯੋਗ ਮੰਨਿਆ ਜਾਂਦਾ ਹੈ। ਪ੍ਰੰਤੁ ਜਦੋਂ ਇਸ ‘ਸੇਵਾ’ ਦੇ ਬਦਲੇ ਉਸਦੇ ‘ਮੁੱਲ’ ਦੇ ਰੂਪ ਵਿੱਚ ‘ਦਾਨ’ ਦੀ ਮੰਗਾ ਕਰ ਲਈ ਜਾਂਦੀ ਹੈ, ਤਾਂ ‘ਸੇਵਾ’ ਨਿਸ਼ਕਾਮ ‘ਸੇਵਾ’ ਨਾ ਰਹਿ, ਇੱਕ ‘ਸੌਦਾ’ ਬਣ ਜਾਂਦੀ ਹੈ। ਮਤਲਬ ਇਹ ਕਿ ਤੁਸਾਂ ਗਰੀਬ ਤੇ ਲੋੜਵੰਦਾਂ ਨੂੰ ਜੋ ਖਾਣਾ ਖੁਆਇਆ ਅਤੇ ਉਸਦੇ ਬਦਲੇ ਦੂਜੇ ਲੋਕਾਂ ਪਾਸੋਂ ‘ਦਾਨ’ ਲੈ, ਉਸਕਾ ‘ਮੁਲ’ ਵਸੂਲ ਕਰ ਲਿਆ, ਤਾਂ ਇਸ ਨਾਲ ‘ਸੇਵਾ’ ਜਿਹੇ ਪਵਿਤ੍ਰ ਅਤੇ ਨਿਸ਼ਕਾਮ ਕੰਮ ਪੁਰ ‘ਗ੍ਰਹਿਣ’ ਲਗ ਗਿਆ। ਇਸ ਦ੍ਰਿਸ਼ਟੀ ਤੋਂ ਇਸ ਪ੍ਰੋਗਰਾਮ ‘ਦਿਲ ਸੇ ਸੇਵਾ’ ਵਿੱਚ ਜਿਸ ‘ਸੇਵਾ’ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੌਸ਼ਿਸ਼ ਕੀਤੀ ਗਈ, ਉਹ ਉਸ ਸਮੇਂ ‘ਸੇਵਾ’ ਨਾ ਰਹਿ ਕੇ ‘ਸੌਦਾ’ ਬਣ ਗਈ, ਜਦੋਂ ਇਸਦਾ ਪ੍ਰਚਾਰ ਕਰਦਿਆਂ ਇਸਦੇ ਬਦਲੇ ‘ਦਾਨ’ ਦੀ ਮੰਗ ਕਰ, ਕਰੋੜਾਂ ਰੁਪਏ ਇਕਠੇ ਕਰ ਲਏ ਗਏ, ਤਾਂ ਫਿਰ ਇਹ ਨਿਸ਼ਕਾਮ ਸੇਵਾ ਕਿਵੇਂ ਰਹਿ ਗਈ?

…ਅਤੇ ਅੰਤ ਵਿੱਚ: ਦਾਨ ਬਨਾਮ ਹਊਮੈ :ਬੀਤੇ ਦਿਨੀਂ ਦਿਲੀ ਗੁਰਦੁਆਰਾ ਕਮੇਟੀ ਵਲੋਂ ਇੱਕ ਪ੍ਰੋਗਰਾਮ ‘ਦਿਲ ਸੇ ਸੇਵਾ’ ਇੱਕ ਟੀਵੀ ਚੈਨਲ ਤੇ ਸਪਾਂਸਰ ਕਰਵਾਇਆ ਗਿਆ, ਜਿਸਦਾ ਉਦੇਸ਼ ਕੋਰੋਨਾ ਵਾਇਰਸ ਦੌਰਾਨ ਉਸ ਵਲੋਂ ਲੋਕਾਂ ਦੀ ਲੰਗਰ ਰਾਹੀਂ ਕੀਤੀ ਗਈ ਅਤੇ ਕੀਤੀ ਜਾ ਰਹੀ ‘ਸੇਵਾ’ ਦੀ ਪ੍ਰਸੰਸਾ ਕਰ ਅਤੇ ਕਰਵਾ ਲੋਕਾਂ ਪਾਸੋਂ ਦਾਨ ਦੀ ਮੰਗ ਕਰਨਾ ਸੀ। ਇਸ ਵਿੱਚ ਕੋਈ ਸ਼ਕ ਨਹੀਂ ਕਿ ਇਸ ਉਦੇਸ਼ ਵਿੱਚ ਗੁਰਦੁਆਰਾ ਕਮੇਟੀ ਸਫਲ ਰਹੀ। ਇਸ ਪ੍ਰੋਗਰਾਮ ਦਾ ਉਦੇਸ਼ ਵੱਖ-ਵੱਖ ਮੁਖੀ ਸਜਣਾਂ ਪਾਸੋਂ ਸਿੱਖਾਂ ਵਲੋਂ ਕੀਤੀ ਜਾਣ ਵਾਲੀ ਲੰਗਰ ਦੀ ਸੇਵਾ ਦੀ ਪ੍ਰਸ਼ੰਸਾ ਕਰਵਾਣਾ ਅਤੇ ਨਾਲ ਹੀ ‘ਦਾਨ’ ਵਿਚ ਆਪਣਾ ਵਧ ਤੋਂ ਵਧ ਹਿਸਾ ਪਾਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਵੀ ਸੀ। ਅਜਿਹੇ ਹੀ ਸਜਣਾਂ ਵਿਚੋਂ ਇੱਕ ਸਿੱਖ ਸਜਣ ਵੀ ਸਨ। ਜਿਨ੍ਹਾਂ ਬਾਰੇ ਦਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਮੌਕੇ ਗੁਰਦੁਆਰਾ ਕਮੇਟੀ ਵਲੋਂ ਲੰਗਰ ਦੀ ਕੀਤੀ ਗਈ ਸੇਵਾ ਤੋਂ ‘ਖੁਸ਼’ ਹੋ ਗੁਰਦੁਆਰਾ ਕਮੇਟੀ ਨੂੰ ਇਕ ਮੋਟੀ ਰਕਮ ਦਾਨ ਵਜੋਂ ਦੇਣ ਦਾ ਐਲਾਨ ਵੀ ਕੀਤਾ। ਜਿਸ ਪੁਰ ਪ੍ਰੋਗਰਾਮ ਪੇਸ਼ ਕਰ ਰਹੇ ਐਂਕਰਾਂ ਵਲੋਂ ਕਾਫੀ ਦੇਰ ਤਕ ਨਾ ਕੇਵਲ ਚਰਚਾ ਹੀ ਕੀਤੀ ਗਈ, ਸਗੋਂ ਸਬੰਧਤ ਸਜਣ ਦੀ ਪ੍ਰਸ਼ੰਸਾ ਦੇ ਪੁਲ ਵੀ ਬੰਨ੍ਹੇ ਗਏ। ਉਸ ਸਜਣ ਵਲੋਂ ਲੰਗਰ ਬਾਰੇ ਕੀਤੀ ਗਈ ਚਰਚਾ ਅਤੇ ਮੋਟੀ ਰਕਮ ਦਾ ‘ਦਾਨ’ ਵਜੋਂ ਗੁਰਦੁਆਰਾ ਕਮੇਟੀ ਨੂੰ ਦਿਤੇ ਜਾਣ ਵਾਲੀ ਗਲ ਨੂੰ ਕਾਫੀ ਦੇਰ ਤਕ ਪ੍ਰਦਰਸ਼ਤ ਕੀਤਾ ਜਾਂਦਾ ਰਿਹਾ। ਇਸ ਸੰਬੰਧ ਵਿੱਚ ਵਰਣਨਯੋਗ ਗਲ ਇਹ ਵੀ ਦਸੀ ਜਾ ਰਹੀ ਹੈ ਕਿ ਉਸ ਸਜਣ ਨੇ ਇਸ ਪ੍ਰੋਗਰਾਮ ਦਾ ਉਹ ਹਿਸਾ, ਜਿਸ ਵਿੱਚ ਉਹ ਸਕ੍ਰੀਨ ਤੇ ਲੰਗਰ ਅਤੇ ਦਾਨ ਬਾਰੇ ਚਰਚਾ ਕਰ ਰਹੇ ਹਨ ਤੇ ਐਂਕਰ ਉਨ੍ਹਾਂ ਵਲੋਂ ਇੱਕ ਮੋਟੀ ਰਕਮ ਦਾਨ ਵਿੱਚ ਦਿਤੇ ਜਾਣ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਵਲੋਂ ਮੋਟੀ ਰਕਮ ‘ਦਾਨ’ ਵਿੱਚ ਦਿੱਤੇ ਜਾਣ ਦੀ ਸਕ੍ਰੋਲ ਚਲ ਰਹੀ ਹੈ, ਲੈ ਕੇ ਆਪਣੇ ਵਲੋਂ ਸੋਸ਼ਲ ਮੀਡੀਆ ਤੇ ਪਾ ਦਿੱਤਾ ਹੈ। ਸ਼ਾਇਦ ਉਹ ਇਸਦਾ ਸੁਨੇਹਾ ਵੱਧ ਤੋਂ ਵੱਧ ਪਹੁੰਚਾਣਾ ਚਾਹੁੰਦੇ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin