Articles

ਕੈਨੇਡਾ ਦੀ ਧਰਤੀ ਉਪਰ ਵੱਸਦਾ ਦੇਸੀ ਪੰਜਾਬ !

ਕੁੱਝ ਵਰ੍ਹੇ ਪਹਿਲਾਂ ਦੀ ਗੱਲ ਹੈ ਮੁਲਾਕਾਤ ਹੋਈ ਜਗਰੂਪ ਬਰਾੜ ਨਾਲ। ਬਾਸਕਿਟਬਾਲ ਦਾ ਕੋਮਾਂਤਰੀ ਪੱਧਰ ਦਾ ਖਿਡਾਰੀ ਜੋ ਹੁਣ ਕੈਨੇਡਾ ਵਿੱਚ ਇੱਕ ਉੱਘਾ ਸਿਆਸਤਦਾਨ ਹੈ। ਬਿੑਟਿਸ਼ ਕੋਲੰਬੀਆ ਦੀ ਅਸੈਂਬਲੀ ਦਾ ਮੈਂਬਰ ਹੈ। ਕਹਿਣ ਲੱਗਾ ਅਸੀਂ ਉਹ ਪੰਜਾਬੀ ਹਾਂ ਜਿਹਨਾਂ ਦੇ ਦੋ ਦਿਲ ਹੁੰਦੇ ਹਨ। ਜੇ ਇਕ ਦਿਲ ਪੰਜਾਬ ਲਈ ਧੜਕਦਾ ਹੈ ਤਾਂ ਦੂਜਾ ਕੈਨੇਡਾ ਲਈ। ਗੱਲ ਵੱਡੀ ਵੀ ਸੀ ਤੇ ਜਾਨਦਾਰ ਵੀ। ਆਪਣੀਆਂ ਜੜਾਂ ਤੋਂ ਮੋਹ ਕਿਵੇਂ ਭੰਗ ਹੋ ਸਕਦਾ। ਕੈਨੇਡਾ ਵਿੱਚ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮਹੀਨੇ ਵੱਜੋ ਮਨਾਇਆ ਜਾਂਦਾ। ਕੈਨੇਡਾ ਦੀ ਪਾਰਲੀਮੈਂਟ ਦੇ ਕੁੱਝ ਮੈਂਬਰਾਂ ਨੇ ਇਸ ਮੋਕੇ ਇਕ ਯੂਮ ਮੀਟਿੰਗ ਰਾਹੀ ਇਕ ਦਿਲਚਸਪ ਮੁੱਦੇ ‘ਤੇ ਵਿਚਾਰ ਵਟਾਂਦਰਾ ਕੀਤਾ। ਮੁੱਦਾ ਸੀ ਏਕ ਉਂਕਾਰ ਤੇ ਵਰਤਮਾਨ। ਸ਼ਾਮਿਲ ਹੋਏ ਸਨ ਹਰਜੀਤ ਸਿੰਘ ਸੱਜਣ, ਰੂਬੀ ਸਹੋਤਾ, ਪਰਮ ਬੈਂਸ, ਸੋਨੀਆ ਸਿੱਧੂ ਤੇ ਕੁਝ ਹੋਰ ਸਿੱਖ ਵਿਦਵਾਨ।ਵਿਚਾਰ ਵਟਾਂਦਰਾ ਕਾਫ਼ੀ ਦਿਲਚਸਪ ਤੇ ਗਿਆਨ ਭਰਪੂਰ ਸੀ। ਯੂ ਮੀਟਿੰਗ ਰਾਹੀ ਹੀ ਰੂਬੀ ਸਹੋਤਾ ਨੇ ਪਾਰਲੀਮੈਂਟ ਤੋਂ ਬਾਦ ਕੈਨੇਡਾ ਤੇ ਗੁਰੂ ਕੀ ਨਗਰੀ ਵਿਚਾਲੇ ਸਿੱਧੀ ਹਵਾਈ ਸੇਵਾ ਦਾ ਮੁੱਦਾ ਵੀ ਵਿਚਾਰਿਆ ਜਿਸ ਵਿੱਚ ਸ਼ਾਮਲ ਹੋਏ ਸਨ ਫਲਾਈ ਅੰਮ੍ਰਿਤਸਰ ਗਰੁੱਪ ਦੇ ਕਰਤਾ ਧਰਤਾ, ਏਅਰ ਕੈਨੇਡਾ ਦੇ ਕੁੱਝ ਉੱਚ ਅਧਿਕਾਰੀ ਤੇ ਚੁਣੇ ਪੱਤਰਕਾਰ। ਸਿਆਸਤ ਤਾਂ ਪੰਜਾਬੀਆਂ ਨੂੰ ਵਿਰਾਸਤ ਵਿੱਚ ਮਿਲਦੀ ਹੈ। ਬੇਸ਼ੱਕ ਇਸ ਵਾਰ ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਨੇਡੀਅਨ ਪੰਜਾਬੀਆਂ ਦਾ ਉਹ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਜੋ ਅਕਸਰ ਦੇਖਣ ਨੂੰ ਮਿਲਦਾ ਹੈ ਉਸ ਦੇ ਕਈ ਕਾਰਨ ਹੋ ਸਕਦੇ ਹਨ। ਮੁੱਖ ਤੌਰ ‘ਤੇ ਤਾਂ ਕੋਰੋਨਾ ਦੀ ਮਹਾਂਮਾਰੀ ਸਨ ਜਿਸ ਕਾਰਨ ਹਵਾਈ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋਈ ਸੀ। ਤੇ ਦੂਜਾ ਮੁੱਖ ਕਾਰਨ ਸੀ, ਵਿਦੇਸ਼ੀ ਪੰਜਾਬ ਉਟਾਰਿਉ ਦੀ ਅਸੈਬਲੀ ਦੀਆਂ ਆਪਣੀਆਂ ਚੋਣਾਂ। ਦੋ ਜੂਨ ਨੂੰ ਹੋਣ ਵਾਲੀਆਂ ਇਹਨਾਂ ਚੋਣਾਂ ਵਿੱਚ ਰਿਕਾਰਡ ਨੰਬਰ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਹਨ। ਸਿਆਸਤੀ ਪਾਰਟੀ ਕੋਈ ਵੀ ਹੋਵੇ ਸਭਨਾਂ ਵਲੋਂ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਡਟ ਗਏ ਹਨ। 1999 ਵਿੱਚ ਪਹਿਲੀ ਵਾਰ ਜੇ ਕੋਈ ਪੰਜਾਬੀ ਇਸ ਵਿਦੇਸ਼ੀ ਪੰਜਾਬ ਦੀ ਅਸੈਬਲੀ ਦਾ ਮੈਂਬਰ ਬਣਿਆ ਸੀ ਤਾਂ ਉਹ ਸੀ ਰਮਿੰਦਰ ਗਿੱਲ। ਤੇ ਪਿਛਲ਼ੀ ਅਸੈਬਲੀ ਵਿੱਚ ਪੰਜਾਬੀਆਂ ਗਿਣਤੀ ਹੋ ਗਈ ਸੀ ਅੱਠ। ਇਸ ਵਾਰ 124 ਸੀਟਾਂ ਵਾਲੀ ਅਸੈਂਬਲੀ ਵਿੱਚ ਚੋਣ ਲੜ ਰਹੇ 900 ਉਮੀਦਵਾਰਾਂ ਵਿੱਚੋਂ ਲਗਭਗ 40 ਪੰਜਾਬੀ ਹਨ। ਜ਼ਿਆਦਾਤਰ ਪੰਜਾਬੀ ਉਮੀਦਵਾਰ ਬਰੈਂਪਟਨ ਦੀਆਂ ਵੱਖ-ਵੱਖ ਚਾਰ ਤੇ ਮਿਸੀਸਾਗਾ ਦੀਆਂ ਤਿੰਨ ਸੀਟਾਂ ਤੋਂ ਚੋਣ ਲੜ ਰਹੇ ਹਨ॥ ਇਕ ਸੀਟ ਤੌ ਤਾਂ ਐਨ ਡੀ ਪੀ ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਦਾ ਭਰਾ ਗੁਰਰਤਨ ਸਿੰਘ ਮੁਕਾਬਲਾ ਕਰ ਰਿਹਾ ਹੈ ਹਰਦੀਪ ਗਰੇਵਾਲ਼ ਤੇ ਜੰਨਤ ਗਰੇਵਾਲ਼ ਦਾ। ਇਕ ਹੋਰ ਸੀਟ ਤੋਂ ਪੰਜ ਵਾਰ ਮੈਂਬਰ ਪਾਰਲੀਮੈਂਟ ਰਹੇ ਗੁਰਬਖਸ਼ ਸਿੰਘ ਮੱਲੀ ਦੀ ਸਪੁੱਤਰੀ ਹਰਿੰਦਰ ਮੱਲੀ ਮੁਕਾਬਲਾ ਕਰ ਰਹੀ ਹੈ ਸੰਦੀਪ ਸਿੰਘ ਤੇ ਅਨੂਪ ਢਾਂਡੇ ਦਾ। ਪ੍ਰਭਮੀਤ ਸਰਕਾਰੀਆ ਜੋ ਵਰਤਮਾਨ ਸਰਕਾਰ ਵਿੱਚ ਖਜਾਨਾ ਬੋਰਡ ਦਾ ਪ੍ਰਧਾਨ ਸੀ ਵਿਰੁੱਧ ਕੋਈ ਪੰਜਾਬੀ ਉਮੀਦਵਾਰ ਨਹੀਂ ਹੈ। ਪੰਜਾਬੀਆਂ ਦੀ ਸਭ ਤੋਂ ਵੱਧ ਦਿਲਚਸਪੀ ਬਰੈਂਪਟਨ ਦੀ ਇਕ ਹੋਰ ਸੀਟ ਤੋਂ ਉਮੀਦਵਾਰਾਂ ਵਿੱਚ ਸ਼ਾਮਲ ਹਨ ਰਿਮੀ ਝੱਜ, ਅੰਮ੍ਰਿਤਧਾਰੀ ਨਵਜੀਤ ਕੌਰ, ਵਰਤਮਾਨ ਪਾਰਲੀਮੈਂਟ ਅਸਿਸਟੈਂਟ ਅਮਰਜੀਤ ਸੰਧੂ ਤੇ ਮਨਜੋਤ ਸੇਖੋਂ। ਪੰਜਾਬੀਆਂ ਦਾ ਰਾਜਨੀਤੀ ਵਿੱਚ ਲਗਾਤਾਰ ਵਧਦਾ ਉਤਸ਼ਾਹ ਦਾ ਸ਼ਾਇਦ ਇਕ ਕਾਰਨ ਹੈ ਕਿ ਹਰ ਸਿਆਸੀ ਧਿਰ ਵਿਸਾਖੀ ਦੇ ਅਵਸਰ ‘ਤੇ ਆਯੋਜਿਤ ਸਿੱਖ ਡੇ ਪਰੇਡ ਜਾਂ ਸਮਾਗਮਾਂ ਤੋਂ ਬਿਨਾ ਹਰ ਐਤਵਾਰ ਗੁਰਦਵਾਰਿਆਂ ਵਿੱਚ ਹਾਜ਼ਰੀ ਭਰਦੇ ਹਨ। ਇਹ ਅਤਿਅੰਤ ਰੌਚਕ ਹੈ ਕਿ ਪੰਜਾਬ ਵਿੱਚ ਐਤਵਾਰ ਵੀ ਗੁਰਦਵਾਰਿਆਂ ਵਿੱਚ ਸੰਗਤਾਂ ਦੀ ਗਿਣਤੀ ਵਿਸ਼ੇਸ਼ ਸਮਾਗਮਾਂ ਕਰਕੇ ਹੁੰਦੀ ਹੈ ਨਾ ਕਿ ਸਾਧਾਰਨ ਰੂਪ ਵਿੱਚ। ਸ਼ਾਇਦ ਪੰਜਾਬੀ ਤੇ ਪੰਜਾਬੀਅਤ ਵਿਦੇਸ਼ੀ ਪੰਜਾਬ ਵਿੱਚ ਜ਼ਿਆਦਾ ਤੇ ਦੇਸੀ ਪੰਜਾਬ ਵਿੱਚ ਘੱਟ ਪ੍ਰਚਲਿਤ ਹੋ ਰਹੀ ਹੈ। ਚਿੰਤਕਾਂ ਲਈ ਸ਼ਾਇਦ ਇਹ ਇਕ ਮੁੱਦਾ ਹੈ ਜੋ ਸਭਨਾਂ ਲਈ ਮਹੱਤਵਪੂਰਨ ਹੈ।

ਚੋਣਾਂ ਦਾ ਮਾਹੌਲ ਤੇ ਖ਼ਾਲਸਾ ਸਾਜਨਾ ਦਿਵਸ

ਕੋਰੋਨਾ ਦਾ ਕਹਿਰ 2019 ਦੇ ਅੰਤ ਵਿੱਚ ਟੁੱਟਿਆ ਸੀ। ਮਾਰਚ 2020 ਵਿੱਚ ਇਸ ਖੌਫਨਾਕ ਬੀਮਾਰੀ ਨੂੰ ਮਹਾਂਮਾਰੀ ਐਲਾਨ ਦਿੱਤਾ ਗਿਆ। ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ। ਧਾਰਮਿਕ ਸਥਾਨਾਂ ‘ਤੇ ਜਾਣਾ ਵੀ ਵਰਜਿਤ ਹੋ ਗਿਆ। ਦੁਨੀਆ ਭਰ ਵਿੱਚ ਦੀਵਾਲੀ ਤੋਂ ਬਾਦ ਸਭ ਤੋਂ ਜ਼ਿਆਦਾ ਪ੍ਰੇਮ ਤੇ ਸ਼ਰਧਾ ਨਾਲ ਮਨਾਇਆ ਜਾਣ ਵਾਲਾ ਪੰਜਾਬੀਅਤ ਦਾ ਇਕ ਮੁੱਖ ਤਿਉਹਾਰ ਵੈਸਾਖੀ ਵੀ ਕੋਰੋਨਾ ਦੀ ਮਾਰ ਹੇਠ ਆਇਆ। 2020 ਤੇ 2021 ਵਿੱਚ ਵਿਦੇਸ਼ਾਂ ਵਿੱਚ ਵੱਸਦਾ ਸਿੱਖ ਭਾਈਚਾਰਾ ਵਿਸਾਖੀ ਯਾਨੀ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ ਨਾ ਕਰ ਸਕਿਆ। ਵਿਦੇਸ਼ਾਂ ਵਿੱਚ ਨਗਰ ਕੀਰਤਨ ਦੀ ਸ਼ੁਰੂਆਤ ਕੈਨੇਡਾ ਦੀ ਧਰਤੀ ਤੇ 1908 ਵਿੱਚ ਹੋਈ ਸੀ। ਸਮਾਂ ਬੀਤਣ ਨਾਲ ਨਗਰ ਕੀਰਤਨ ਹੋਰ ਵੱਡੇ ਸ਼ਹਿਰਾਂ ਤੋਂ ਵੀ ਸ਼ੁਰੂ ਹੁੰਦੇ ਗਏ। ਵੈਨਕੁਵਰ, ਟੋਰੋਂਟੋ, ਨਿਊਯਾਰਕ, ਯੂਬਾ ਸਿਟੀ ਤੋਂ ਇਸ ਧਾਰਮਿਕ ਤਿਉਹਾਰ ਦੇ ਮੋਕੇ ਆਯੋਜਿਤ ਕੀਤੇ ਜਾਂਦੇ ਨਗਰ ਕੀਰਤਨ ਜਿਨਾਂ ਨੂੰ ਸਿੱਖ ਪਰੇਡ ਦਾ ਨਾਮ ਵੀ ਦਿੱਤਾ ਜਾਂਦਾ ਹੈ। ਅੱਜ ਦੀ ਗੱਲ ਕੀਤੀ ਜਾਵੇ ਤਾਂ ਵਿਦੇਸ਼ਾਂ ਵਿੱਚ ਵਿਸਾਖੀ ਅਵਸਰ ਕੱਢੇ ਜਾਂਦੇ ਨਗਰ ਕੀਰਤਨ ਯਾ ਸਿੱਖ ਪਰੇਡਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਪ੍ਰਮਾਤਮਾ ਦੀ ਮਿਹਰ ਹੋਈ ਇਸ ਵਰੇ ਹਾਲਾਤ ਸੁਧਰੇ ਤੇ ਖ਼ਾਲਸਾ ਸਥਾਪਨਾ ਦਿਵਸ ਦੀਆਂ ਰੌਣਕਾਂ ਲੱਗਣ ਲੱਗੀਆਂ। ਟੋਰੋਂਟੋ ਸ਼ਹਿਰ ਵਿੱਚ ਦੋ ਵਰਿ੍ਹਆਂ ਬਾਦ ਖ਼ਾਲਸਾ ਦਿਵਸ ਸਮਾਗਮ ਧੂਮ-ਧਾਮ ਨਾਲ ਆਯੋਜਿਤ ਕੀਤਾ ਗਿਆ। ਨਾਥਨ ਫਿਲਿਪ ਸੁਕੇਅਰ ਵਿੱਚ ਹੋਇਆ ਸਮਾਗਮ ਕੇਵਲ ਸਿੱਖਾਂ ਲਈ ਹੀ ਨਹੀਂ ਸਗੋਂ ਹੋਰ ਬਹੁਤ ਸਾਰੇ ਕੈਨੇਡੀਅਨ ਲੋਕਾਂ ਨੂੰ ਵੀ ਅਵਸਰ ਮਿਲਿਆ ਕਿ ਉਹ ਸਿੱਖੀ ਤੇ ਸਿੱਖਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ। ਕਿਉਂਕਿ ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਉਟਾਰਿਓੁ ਦੀ ਵਿਧਾਨ ਸਭਾ ਦੀ ਚੋਣ 2 ਜੂਨ ਨੂੰ ਹੋਣ ਵਾਲੀ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਹਾਜ਼ਰੀ ਲਗਾਉਣ ਲਈ ਸਮਾਗਮ ਵਿੱਚ ਹਾਜ਼ਰ ਹੋਏ। ਆਯੋਜਿਕਾਂ ਵਲੋਂ ਸਭ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੁਲਾਕਾਤ ਹੋਈ ਟਿਮ ਉੱਪਲ਼ ਨਾਲ ਜੋ ਕੈਲਗਰੀ ਤੋਂ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਣ ਲਈ ਅੱਪੜੇ ਸਨ। ਐਨ ਡੀ ਪੀ ਦੇ ਕੈਨੇਡੀਅਨ ਮੁਖੀ ਜਗਮੀਤ ਸਿੰਘ ਆਪਣੇ ਵੀਰ ਗੁਰਰਤਨ ਨਾਲ ਸ਼ਾਮਲ ਹੋਏ। ਇਕਵਿੰਦਰ ਗਾਹਿਰ ਸਨ ਤੀਜੇ ਪਗੜੀਧਾਰੀ ਸਿੱਖ ਮੈਂਬਰ ਪਾਰਲੀਮੈਂਟ ਜੋ ਟਿਮ ਉੱਪਲ਼ ਤੇ ਜਗਮੀਤ ਸਿੰਘ ਦੇ ਨਾਲ ਸਮਾਗਮ ਦਾ ਹਿੱਸਾ ਬਣੇ। ਆਉਂਦੀਆਂ ਚੋਣਾਂ ਦੇ ਉਮੀਦਵਾਰਾਂ ਵਿੱਚੋਂ ਹਰਿੰਦਰ ਮੱਲੀ, ਅਮਨ ਗਿੱਲ, ਪ੍ਰਭਮੀਤ ਸਰਕਾਰੀਆ ਆਦਿ ਨੇ ਵੀ ਹਾਜ਼ਰੀਆਂ ਭਰੀਆਂ। ਹਰ ਤਰ੍ਹਾਂ ਦੇ ਲ਼ੰਗਰ ਸਨ ਤੇ ਗੱਤਕੇ ਦਾ ਵਿਸ਼ੇਸ਼ ਪ੍ਰਦਰਸ਼ਨ। ਕਈ ਸਾਰੇ ਪੰਜਾਬੀ ਚੈਨਲ ਸਮਾਗਮ ਦਾ ਸਿੱਧਾ ਪ੍ਰਸਾਰਨ ਕਰ ਰਹੇ ਸਨ। ਪੂਰਾ ਦਿਨ ਚੱਲੇ ਇਸ ਇਤਿਹਾਸਕ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ ਸ਼ਰਧਾਲੂ ਇਸ ਗੱਲ ਦਾ ਪ੍ਰਤੀਕ ਸਨ ਕਿ ਕਿਵੇਂ ਪੰਜਾਬੀਆਂ ਨੇ ਆਪਣੀ ਵੱਖਰੀ ਹੋਂਦ ਕਾਇਮ ਰੱਖੀ ਹੋਈ ਹੈ।

– ਪ੍ਰਭਜੋਤ ਸਿੰਘ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin