Story

ਬੇਬੇ ਦਾ ਸੰਦੂਕ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਬੇਬੇ ਹਰਨਾਮ ਕੌਰ ਨੇ ਅੱਸੀ ਕੁ ਵਰਿਆਂ ਦੀ ਹੋ ਕੇ ਸਰੀਰ ਤਿਆਗ ਦਿੱਤਾ ਸੀ। ਉਸ ਦੇ ਸਿਰ ਦਾ ਸਾਂਈ ਬਾਰਾਂ ਸਾਲ ਪਹਿਲਾਂ ਹੀ ਇਸ ਦੁਨੀਆਂ ਤੋਂ ਜਾ ਚੁੱਕਿਆ ਸੀ।

ਬੇਬੇ ਹਰਨਾਮ ਕੌਰ ਦੇ ਦੋ ਪੁੱਤਰ ਸਨ। ਜੋ ਆਪਣੇ ਪਿਤਾ ਦੀ ਮੌਤ ਹੋਣ ਤੋਂ ਦੋ ਕੁ ਮਹੀਨੇ ਬਾਅਦ ਹੀ ਅਲੱਗ ਥਲੱਗ ਹੋ ਗਏ ਸਨ। ਬੇਬੇ ਨੂੰ ਇਸ ਗੱਲ ਦਾ ਬਹੁਤ ਦੁੱਖ ਲਗਿਆ ਸੀ। ਬੇਬੇ ਦਾ ਵੱਡਾ ਪੁੱਤਰ ਬਿੱਕਰ ਸਿੰਘ ਅਲੱਗ ਨਹੀ ਹੋਣਾ ਚਾਹੁੰਦਾ ਸੀ ਪਰ ਛੋਟਾ ਭਰਾ ਥੋੜਾ ਲੜਾਕਾ ਸੀ। ਉਸ ਦੇ ਕਹਿਣ ਤੇ ਅਲੱਗ ਹੋਣਾ ਪਿਆ। ਬਿੱਕਰ ਸਿੰਘ ਸਾਊ ਸੁਭਾਹ ਦਾ  ਸੀ। ਪਿਤਾ ਦੀ ਮੌਤ ਤੋਂ ਬਾਅਦ ਬਿੱਕਰ ਸਿੰਘ ਨੇ ਆਪਣੇ ਪਿਤਾ ਵਾਲੀ ਜ਼ਿਮੇਵਾਰੀ ਚੁੱਕ ਲਈ ਜਦ ਦੋਵੇਂ ਭਰਾ ਵੱਖ ਹੋਏ ਤਾਂ ਬੇਬੇ, ਬਿੱਕਰ ਸਿੰਘ ਨਾਲ ਰਹਿਣ ਲਗ ਪਈ। ਦੋਵੇ ਭਰਾ ਵਧੀਆ ਆਪੋ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਸਨ।
ਜਦ ਬੇਬੇ ਹਰਨਾਮ ਕੌਰ ਦੀ ਮੌਤ ਨੂੰ  ਚਾਰ ਪੰਜ ਦਿਨ ਹੋ ਗਏ ਤਾਂ ਉਸ ਦੀਆਂ ਦੋਵੇਂ ਨੂੰਹਾ ਨੇ ਸੰਦੂਕ ਵਿਚਲਾ ਸਮਾਨ ਵੰਡਣ ਦੀ ਵਿਉਂਤਵੰਧੀ ਬਣਾਈ।
ਬੇਬੇ ਹਰਨਾਮ ਕੌਰ ਸੰਦੂਕ ਨੂੰ ਜਿੰਦਰਾ ਲਗਾ ਕੇ ਰੱਖਦੀ ਸੀ। ਬੇਬੇ ਦੀ ਰੱਖੀ ਹੋਈ ਸੰਦੂਕ ਦੀ ਚਾਬੀ ਜਦ ਨਾਂ ਲੱਭੀ ਤਾਂ ਵੱਡੀ ਨੂੰਹ ਨੇ ਲੋਹੇ ਦੀ ਇਕ ਅਣਘੜਤ ਜਿਹੀ ਲੱਠ ਮਾਰ ਕੇ ਜਿੰਦਰਾ ਭੰਨ ਦਿੱਤਾ। ਜਿੰਦਰਾ ਟੁੱਟਣ ਦੀ ਦੇਰ ਸੀ ਦਰਾਣੀ ਜਿਠਾਣੀ ਇਕ ਦੂਜੀ ਨਾਲ ਅੱਖ ਨਾਲ ਅੱਖ ਮਿਲਾ ਕੇ ਖੁਸ਼ ਹੋ ਗਈਆਂ।
ਸੰਦੂਕ ਵਿਚ ਪਈਆਂ ਰਜਾਈਆਂ, ਗਦੈਲੇ, ਬੇਬੇ ਦੇ ਹੱਥੀ ਬੁਣੇ ਖੇਸ, ਕੰਬਲ ਅਤੇ ਕੀਮਤੀ ਸਮਾਨ ਸੋਨਾਂ ਚਾਂਦੀ ਸਭ ਵੰਡ ਲਏ। ਖਾਲੀ ਹੋਏ ਸੰਦੂਕ ਨੂੰ ਆਪਣੇੋ ਘਰ ਵਿਚ ਰੱਖਣ ਨੂੰ ਕੋਈ ਤਿਆਰ ਨਾ ਹੋਇਆ। ਬੇਬੇ ਦੀ ਵੱਡੀ ਨੂੰਹ ਨੇ ਬੇਬੇ ਦੇ ਛੋਟੇ ਨੂੰਹ ਪੁੱਤ ਨੂੰ ਪੁੱਛਿਆ ਤੁਸੀਂ ਇਹ ਸੰਦੂਕ ਆਪਣੇ ਘਰ ਰੱਖ ਲਵੋ ਛੋਟੀ ਨੂੰਹ ਨੇ ਤਾਂ ਕੋਲ ਖੜੀ ਨੇ ਜਵਾਬ ਦੇ ਕੇ ਕਿਹਾ ਅਸੀਂ ਇਹ ਕੀ ਕਰਨਾਂ ਹੈ ਇਸ ਦਾ ਅੱਜਕੱਲ ਕਹਿੜਾ ਰਿਵਾਜ਼ ਹੈ ਇਹ ਘਰ ਦੀ ਜੱਖਣਾਂ ਹੀ ਵੱਡੇਗਾ। ਬੇਬੇ ਦਾ ਛੋਟਾ ਪੁੱਤ ਦੂਰ ਬੈਠਾ ਸੀ ਉਸ ਨੇ ਦੂਰ ਤੋਂ ਹੀ ਹੱਥ ਹਿਲਾ ਕੇ ਸੰਦੂਕ ਨਾ ਰੱਖਣ ਲਈ ਜਵਾਬ ਦੇ ਦਿੱਤਾ।
ਬੇਬੇ ਦੀ ਵੱਡੀ ਨੂੰਹ ਨੇ ਆਪਣੇ ਘਰਵਾਲੇ ਬਿੱਕਰ ਸਿੰਘ ਨੂੰ ਕਿਹਾ ਆਹ ! ਸੰਦੂਕ ਇਥੋਂ ਚੱਕ ਲਵੋ ! ਇਸ ਨੂੰ ਤੂੜੀ ਵਾਲੋ ਕੋਠੇ ਅੰਦਰ ਰੱਖ ਦੇਵੋ ਇਸ ਵਿਚ ਦਾਤੀਆ ਖੁਰਪੇ ਅਤੇ ਹੋਰ ਖੇਤੀਬਾੜੀ ਦਾ ਲੋੜੀਂਦਾ ਸਮਾਨ ਰੱਖ ਲਿਆ ਕਰੋ। ਬਿਕਰ ਸਿੰਘ ਨੇ ਥੋੜੀ ਭਖਵੀਂ ਆਵਾਜ਼ ਵਿਚ ਕਿਹਾ ਇਸ ਨੂੰ ਅੰਦਰ ਹੀ ਪਿਆ ਰਹਿਣ ਦੇ ਤੈਨੂੰ ਇਹ ਕੀ ਕਹਿਦਾ ?
ਬਿੱਕਰ ਸਿੰਘ ਦੇ ਘਰਵਾਲੀ ਨੇ ਫਿਰ ਕਿਹਾ ਜੇਕਰ ਇਸ ਪੁਰਾਣੇ ਸੰਦੂਕ ਨੂੰ ਕੋਠੀ ਵਿਚ ਰੱਖ ਕੇ ਗੰਦ  ਪਾਉਣਾ ਸੀ ਫਿਰ ਇਤਨਾਂ ਕਰਜ਼ਾ ਲੈ ਕੇ ਕੋਠੀ ਬਣਾਉਣ ਦਾ ਕੀ ਫਾਇਦਾ ਸੀ। ਬਸ ਤੈਨੂੰ ਕਹਿ ਦਿੱਤਾ ਸੰਦੂਕ ਨੂੰ ਕੋਠੀ ਵਿਚੋਂ ਬਾਹਰ ਕੱਢ ਦੇਵੋ ?  ਬਿੱਕਰ ਸਿੰਘ ਵੀ ਆਪਣੀ ਜਿੱਦ ਤੇ ਅੜਿਆ ਹੋਇਆ ਸੀ ਉਸ ਨੇ ਫਿਰ ਕਿਹਾ ਬੇਬੇ ਦੇ ਸੰਦੂਕ ਤੇ ਕੋਈ ਵਧੀਆ ਜਿਹਾ ਗਲੀਚਾ ਪਾ ਕੇ ਇਸ ਨੂੰ ਢੱਕ ਦੇ ਕਿਉ ਤੈਨੂੰ ਅੰਦਰ ਪਿਆ ਬੁਰਾ ਲਗਦਾ ਹੈ।
ਬਿੱਕਰ ਸਿੰਘ ਦੇ ਘਰਵਾਲੀ ਨੇ ਗੱਲ ਮੋੜਦਿਆਂ ਫਿਰ ਕਿਹਾ ਇਹਨਾਂ ਪੁਰਾਣੇ ਸੰਦੂਕਾਂ ਨੂੰ ਕੌਣ ਪੁੱਛਦਾ ? ਤੇਰੇ ਛੋਟੇ ਭਰਾ ਭਰਜਾਈ ਨੇ ਵੀ ਆਪਣੇ ਘਰ ਅੰਦਰ ਰੱਖਣ ਤੋਂ ਜਵਾਬ ਦੇ ਦਿੱਤਾ ਹੈ ਹੁਣ ਤੂੰ ਸਾਊ ਬਣ ਕੇ ਅਾਪਣੇ ਘਰ ਪਿਆ ਰਹਿਣ ਦੀ ਹਾਮੀ ਨਾਂਹ ਭਰ ਦੇਈ ਕੋਠੀ ਅੰਦਰ ਸਮਾਨ ਰੱਖਣ ਵਾਸਤੇ  ਕੱਪ ਬੋਰਡ ਵਾਧੂ ਬਣੇ ਹੋਏ ਹਨ। ਹਰ ਕਮਰੇ ਵਿਚ ਪੇਟੀ ਬੈਡ ਲੱਗੇ ਹੋਏ ਹਨ। ਮੇਰੀ ਪੇਟੀ ਕਿੰਨੀ ਵਧੀਆ ਹੈ ਉਹ ਕਿੰਨਾਂ ਸਮਾਨ ਲਈ ਬੈਠੀ ਹੈ ਮੈਂ ਕਿਸੇ ਤਰਾਂ ਵੀ ਸੰਦੂਕ ਕੋਠੀ ਵਿਚ ਪਿਆ ਨਹੀ ਰਹਿਣ ਦੇਣਾ।
ਜਦ ਬਿੱਕਰ ਸਿੰਘ ਦੇ ਘਰਵਾਲੀ ਨੇ ਜਿੱਦ ਨਾਂ ਛੱਡੀ ਤਾਂ ਬਿੱਕਰ ਸਿੰਘ ਨੇ ਕਿਹਾ ਬੇਬੇ ਦੀ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਸਮਾਨ ਤਾਂ ਤੁਸੀ ਸਾਰਾ
ਕੱਢ ਲਿਆ ਉਹ ਵੀ ਪੁਰਾਣਾ ਹੀ ਹੈ ਉਹ ਕੋਠੀ ਵਿਚ ਪਿਆ ਕੀ ਚੰਗਾ ਲੱਗੇਗਾ ਉਹ ਸੰਦੂਕ ਵਿਚ ਪਾ ਦੇਵੋ ਮੈਂ ਸਣੇ ਸਮਾਨ ਸੰਦੂਕ ਕਿਸੇ ਗਰੀਬ ਨੂੰ ਦੇ ਦਿੰਦਾ ਹਾਂ। ਬਿੱਕਰ ਸਿੰਘ ਦੀ ਪਤਨੀ ਨੇ ਜਵਾਬ ਦਿੰਦਿਆਂ ਕਿਹਾ ਸਮਾਨ ਤਾਂ ਕੰਮ ਆਉਣ ਵਾਲਾ ਹੈ ਕਿਉ ਕਿਸੇ ਨੂੰ ਦੇ ਦੇਈਏ? ਉਸ ਨੂੰ ਆਪਣੀ ਪੇਟੀ ਵਿਚ ਰੱਖ ਲਵਾਂਗੀ ਲੋੜ ਪੈਣ ਤੇ ਵਰਤਿਆ ਜਾਇਆ ਕਰੇਗਾ ਤੁਹਾਨੂੰ ਦੁਬਾਰਾ ਫਿਰ ਕਹਿ ਦਿੱਤਾ ਸੰਦੂਕ ਨੂੰ ਕੋਠੀਓੁ ਬਾਹਰ ਡੰਗਰਾਂ ਵਾਲੇ ਪਾਸੇ ਰੱਖ ਦੇਵੋ ਉਧਰ ਕੋਈ ਹੋਰ ਨਹੀਂ ਜਾਂਦਾ।
ਜਦ ਬਿੱਕਰ ਸਿੰਘ ਦੀ ਕੋਈ ਪੇਸ਼ ਨਾ ਚੱਲੀ ਫਿਰ ਦੁਖੀ ਮਨ ਨਾਲ ਉਸ ਨੇ ਤਿੰਨ ਚਾਰ ਬੰਦੇ ਇਕੱਠੇ ਕਰਕੇ ਸੰਦੂਕ ਚੱਕ ਤੂੜੀ ਵਾਲੇ ਕੋਠੇ ਵਿਚ ਰੱਖ ਦਿੱਤਾ।
ਦੋ ਤਿੰਨ ਦਿਨਾਂ ਬਾਆਦ ਬੇਬੇ ਹਰਨਾਮ ਕੌਰ ਦਾ ਭੋਗ ਸੀ ਸ਼ਰੀਕੇ ਵਿਚ ਨੱਕ ਰੱਖਣ ਲਈ ਖੁੱਲੇ ਖਰਚ ਕੀਤੇ ਗਏ। ਪਿੰਡ ਦੇ ਬੰਦੇ ਅਤੇ ਰਿਸਤੇਦਾਰਾਂ ਨੂੰ ਬੁਲਾ ਕੇ ਘਰ ਵਿਚ ਹੀ ਸ਼ਮਿਆਨਾਂ ਲਗਾ ਕੇ ਭੋਗ ਪਾਇਆ ਗਿਆ।
ਬੇਬੇ ਹਰਨਾਮ ਕੌਰ ਦੇ ਇਕ ਕੁੜੀ ਸੀ ਜੋ ਸਰਦੇ ਪੁਜਦੇ ਘਰ ਵਿਆਹੀ ਹੋਈ ਸੀ ਉਹ ਵੀ ਸੁਹਰੇ ਪਿੰਡ ਤੋਂ ਬੰਦੇ ਅਤੇ ਅੌਰਤਾਂ ਦੀ ਟਰਾਲੀ ਭਰ ਕੇ ਬੇਬੇ ਦੇ ਭੋਗ ਤੇ ਲੈ ਆਈ ਜਦ ਬੇਬੇ ਦਾ ਭੋਗ ਪੈ ਗਿਆ ਤਾਂ ਸਾਰੇ ਆਏ ਵਿਆਕਤੀ ਆਪੋ ਆਪਣੇ ਘਰਾਂ ਨੂੰ ਤੁਰਨ ਲੱਗੇ ਤਾਂ ਕੁੜੀ ਦੇ ਸੁਹਰੇ ਵੀ ਆਪਣੀ ਟਰਾਲੀ ਵਿਚ ਚੜ੍ਹ ਕੇ ਬੈਠ ਗਏ। ਕੁੜੀ ਟਰਾਲੀ ਵਿਚ ਬੈਠੀ ਨਾ ਹੋਣ ਕਰਕੇ ਕੁੜੀ ਨੂੰ ਬੁਲਾ ਕੇ ਲਿਆਉਣ ਲਈ ਬਿੱਕਰ ਸਿੰਘ ਨੂੰ ਭੇਜ ਦਿੱਤਾ। ਬਿੱਕਰ ਸਿੰਘ ਨੇ ਜਾ ਕੇ ਸਾਰੇ ਪਾਸੇ ਅਤੇ ਕਮਰਿਆਂ ਵਿਚ ਵੇਖਿਆ ਪਰ ਉਹ ਕਿਤੋਂ ਨਾ ਮਿਲੀ। ਇਕ ਤੂੜੀ ਵਾਲਾ ਕੋਠਾ ਹੀ ਵੇਖਣ ਵਲੋਂ ਰਹਿ ਗਿਆ ਸੀ। ਬਿੱਕਰ ਸਿੰਘ ਨੇ ਜਦ ਉਥੇ ਜਾ ਕੇ ਵੇਖਿਆ ਤਾਂ ਉਹ ਸੰਦੂਕ ਨਾਲ ਸਿਰ ਲਾ ਕੇ ਉਥੇ ਖੜ੍ਹੀ ਰੋ ਰਹੀ ਸੀ। ਬਿਕਰ ਸਿੰਘ ਨੇ ਕਿਹਾ ਬਸ ਕਰ ਭੈਣੇ ਹੁਣ ਰੋ ਨਾਂ ਰੋਣ ਨਾਲ ਬੇਬੇ ਨੇ ਵਾਪਸ ਨਹੀਂ ਆ ਜਾਣਾ  ਗਏ ਕਦੇ ਨਹੀਂ ਮੁੜਦੇ ਹੁਣ ਸਬਰ ਕਰ ਬੇਬੇ ਨੇ ਦੁਬਾਰਾ ਨਹੀ ਆਉਣਾ।
ਬਿਕਰ ਸਿੰਘ ਦੀ ਭੈਣ ਦੇ ਮੂਹੋਂ ਮਸਾਂ ਥੋੜੀ ਜਿਹੀ ਆਵਾਜ਼ ਨਿਕਲੀ ਵੀਰਾ! ਆਹ ਬੇਬੇ ਦਾ ਸੰਦੂਕ ਤਾਂ ਉਧਰ ਪਿਆ ਰਹਿਣ ਦਿੰਦੇ? ਕਦੇ ਸਾਲ ਛਿਮਾਹੀ ਮੈਂ ਆ ਕੇ ਬੇਬੇ ਦੀ ਨਿਸ਼ਾਨੀ ਸੰਦੂਕ ਤਾਂ ਵੇਖ ਲਿਆ ਕਰਦੀ! ਬਿੱਕਰ ਸਿੰਘ ਨੇ ਕਿਹਾ ਭੈਣੇ ਇਹ ਬੇਬੇ ਦਾ ਸੰਦੂਕ ਕਾਰੀਗਰ ਤੋਂ ਵਧੀਆ ਬਣਾਉਣ ਲਈ ਇਧਰ ਲਿਆਂਦਾ ਹੈ ਜਦ ਬਣ ਗਿਆ ਫਿਰ ਉਧਰ ਲੈ ਜਾਵਾਂਗੇ। ਬਿੱਕਰ ਸਿੰਘ ਇਤਨੀ ਗੱਲ ਕਹਿ ਕੇ ਉੱਚੀ ਧਾਹ ਮਾਰ ਕੇ ਭੈਣ ਦੇ ਗੱਲ ਲੱਗ ਕੇ ਰੋਣ ਲਗ ਪਿਆ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin